ਕੇਜਰੀਵਾਲ 'ਤੇ ਮੁਕੱਦਮਾ ਚਲਾਉਣ ਲਈ ਈਡੀ ਨੂੰ ਮਿਲੀ ਮਨਜ਼ੂਰੀ? 'ਆਪ' ਨੇ ਚੁੱਕੇ ਸਵਾਲ

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਆਬਕਾਰੀ ਨੀਤੀ ਬਣਾਉਣ ਅਤੇ ਲਾਗੂ ਕਰਨ ਵਿਚ ਕਥਿਤ ਤੌਰ 'ਤੇ ਵੱਡੇ ਭ੍ਰਿਸ਼ਟਾਚਾਰ ਦਾ ਪਤਾ ਲੱਗਣ ਤੋਂ ਬਾਅਦ ਉਪ ਰਾਜਪਾਲ ਤੋਂ ਮੁਕੱਦਮਾ ਚਲਾਉਣ ਲਈ ਮਨਜ਼ੂਰੀ ਮੰਗੀ ਸੀ

Share:

ਰਾਜਧਾਨੀ ਦਿੱਲੀ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਲਈ ਮੁਸੀਬਤ ਪੈਦਾ ਕਰਨ ਵਾਲੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਦਰਅਸਲ, ਜਾਣਕਾਰੀ ਸਾਹਮਣੇ ਆਈ ਹੈ ਕਿ ਲੈਫਟੀਨੈਂਟ ਗਵਰਨਰ ਵੀਕੇ ਸਕਸੈਨਾ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਆਬਕਾਰੀ ਨੀਤੀ ਮਾਮਲੇ 'ਚ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ ਆਮ ਆਦਮੀ ਪਾਰਟੀ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ।

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਆਬਕਾਰੀ ਨੀਤੀ ਬਣਾਉਣ ਅਤੇ ਲਾਗੂ ਕਰਨ ਵਿਚ ਕਥਿਤ ਤੌਰ 'ਤੇ ਵੱਡੇ ਭ੍ਰਿਸ਼ਟਾਚਾਰ ਦਾ ਪਤਾ ਲੱਗਣ ਤੋਂ ਬਾਅਦ ਉਪ ਰਾਜਪਾਲ ਤੋਂ ਮੁਕੱਦਮਾ ਚਲਾਉਣ ਲਈ ਮਨਜ਼ੂਰੀ ਮੰਗੀ ਸੀ, ਜਿਸ ਦਾ ਜ਼ਿਕਰ ਇਸ ਸਾਲ 17 ਮਈ ਨੂੰ ਵਿਸ਼ੇਸ਼ ਰਾਉਸ ਐਵੇਨਿਊ ਅਦਾਲਤ ਵਿਚ ਸ਼ਿਕਾਇਤ ਨੰਬਰ ਸੱਤ ਵਿੱਚ ਕੀਤਾ ਗਿਆ ਸੀ।

ਭਾਜਪਾ ਇਹ ਸਾਜ਼ਿਸ਼ਾਂ ਬੰਦ ਕਰੇ: ਸੀਐਮ ਆਤਿਸ਼ੀ

ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਸਾਰੇ ਵੱਡੇ ਨੇਤਾਵਾਂ ਨੇ ਇਨ੍ਹਾਂ ਰਿਪੋਰਟਾਂ ਨੂੰ ਝੂਠਾ ਕਰਾਰ ਦਿੱਤਾ ਹੈ ਅਤੇ ED ਨੂੰ LG ਦੀ ਮਨਜ਼ੂਰੀ ਦਿਖਾਉਣ ਲਈ ਕਿਹਾ ਹੈ। ਸੀਐਮ ਆਤਿਸ਼ੀ ਨੇ ਵੀ ਇਨ੍ਹਾਂ ਖਬਰਾਂ ਨੂੰ ਖਾਰਿਜ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਐੱਲਜੀ ਸਾਹਿਬ ਨੇ ਅਰਵਿੰਦ ਕੇਜਰੀਵਾਲ ਜੀ 'ਤੇ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਤਾਂ ਈਡੀ ਨੂੰ ਮਨਜ਼ੂਰੀ ਦੀ ਕਾਪੀ ਜਨਤਕ ਕਰਨ 'ਚ ਕੀ ਦਿੱਕਤ ਹੈ?ਇਹ ਖਬਰ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਮੁੱਦਿਆਂ ਤੋਂ ਭਟਕਾਉਣ ਲਈ ਫੈਲਾਈ ਜਾ ਰਹੀ ਹੈ।

ਧਿਆਨ ਭਟਕਾਉਣ ਲਈ ਜੁਮਲੇਬਾਜ਼ੀ ਬੰਦ ਕਰੋ: ਸਿਸੋਦੀਆ

ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਵੀ ਇਸ ਖਬਰ 'ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ- ਜੇਕਰ ਐੱਲ.ਜੀ. ਬਿਨੈ ਸਕਸੈਨਾ ਜੀ ਨੇ ਅਰਵਿੰਦ ਕੇਜਰੀਵਾਲ ਜੀ 'ਤੇ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿੱਤੀ ਹੈ ਤਾਂ ਈਡੀ ਉਸ ਮਨਜ਼ੂਰੀ ਦੀ ਕਾਪੀ ਕਿਉਂ ਨਹੀਂ ਦਿਖਾ ਰਿਹਾ? ਸਾਫ਼ ਹੈ ਕਿ ਇਹ ਖ਼ਬਰ ਝੂਠੀ ਅਤੇ ਗੁੰਮਰਾਹਕੁੰਨ ਹੈ। ਬਾਬਾ ਸਾਹਿਬ ਦੇ ਅਪਮਾਨ ਦੇ ਮੁੱਦੇ ਤੋਂ ਧਿਆਨ ਹਟਾਉਣ ਲਈ ਬਿਆਨਬਾਜ਼ੀ ਦੀ ਵਰਤੋਂ ਬੰਦ ਕਰੋ ਅਤੇ ਦਿਖਾਓ ਕਿ ਈਡੀ ਨੂੰ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਕਿੱਥੇ ਹੈ?