ਰਾਜਸਥਾਨ ਚੋਣਾਂ ਤੋਂ ਪਹਿਲਾਂ ਡੇਰਾ ਮੁਖੀ ਰਾਮ ਰਹੀਮ ਨੂੰ ਮਿਲੀ ਪੈਰੋਲ

30 ਮਹੀਨਿਆਂ ਅੰਦਰ 8ਵੀਂ ਵਾਰ ਪੈਰੋਲ 'ਤੇ ਬਾਹਰ ਆਵੇਗਾ ਡੇਰਾ ਸੱਚਾ ਸੌਦਾ ਸਿਰਸਾ ਦਾ ਮੁਖੀ। ਕੱਟ ਰਿਹਾ ਹੈ ਉਮਰ ਕੈਦ ਦੀ ਸਜ਼ਾ।

Share:

ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਮੁੜ ਤੋਂ ਹਰਿਆਣਾ ਸਰਕਾਰ ਨੇ 21 ਦਿਨਾਂ ਦੀ ਪੈਰੋਲ ਦੇ ਦਿੱਤੀ। ਇਹ ਪੈਰੋਲ ਠੀਕ ਰਾਜਸਥਾਨ ਚੋਣਾਂ ਤੋਂ ਪਹਿਲਾਂ ਦਿੱਤੀ ਗਈ ਹੈ। ਦੋਸ਼ੀ ਰਾਮ ਰਹੀਮ ਨੂੰ 30 ਮਹੀਨਿਆਂ 'ਚ 8ਵੀਂ ਵਾਰ ਪੈਰੋਲ ਮਿਲੀ। ਇਸ ਵਾਰ ਵੀ ਆਪਣੀ ਪੈਰੋਲ ਦੌਰਾਨ ਰਾਮ ਰਹੀਮ ਯੂਪੀ ਦੇ ਬਾਗਪਤ ਸਥਿਤ ਬਰਨਾਵਾ ਆਸ਼ਰਮ ਵਿਖੇ ਰਹੇਗਾ। ਇਸੇ ਸਾਲ ਰਾਮ ਰਹੀਮ ਨੂੰ ਤਿੰਨ ਵਾਰ ਪੈਰੋਲ ਮਿਲ ਚੁੱਕੀ ਹੈ। ਪੈਰੋਲ ਖਤਮ ਹੋਣ ਤੋਂ ਬਾਅਦ ਉਸ ਵੱਲੋਂ ਫਰਲੋ ਲਈ ਅਰਜ਼ੀ ਦਿੱਤੀ ਗਈ ਸੀ, ਜਿਸਨੂੰ ਮਨਜ਼ੂਰ ਕਰ ਲਿਆ ਗਿਆ ਸੀ। ਦੱਸ ਦਈਏ ਕਿ ਰਾਮ ਰਹੀਮ ਨੂੰ ਦੋ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਨਾਲ ਸਬੰਧਤ ਮਾਮਲੇ ਵਿੱਚ 10-10 ਸਾਲ ਸਜ਼ਾ ਅਤੇ ਪੱਤਰਕਾਰ ਰਾਮਚੰਦਰ ਛਤਰਪਤੀ ਅਤੇ ਡੇਰਾ ਸੱਚਾ ਸੌਦਾ ਦੇ ਮੈਨੇਜਰ ਰਣਜੀਤ ਸਿੰਘ ਦੇ ਕਤਲ ਨਾਲ ਸਬੰਧਤ ਮਾਮਲਿਆਂ ਵਿੱਚ ਉਮਰ ਕੈਦ ਦੀ ਸਜ਼ਾ ਹੈ। 

ਸਿਆਸੀ ਕੁਨੈਕਸ਼ਨ 

ਇਸ ਵਾਰ ਰਾਮ ਰਹੀਮ ਨੂੰ ਰਾਜਸਥਾਨ 'ਚ 25 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਤੋਂ 5 ਦਿਨ ਪਹਿਲਾਂ ਪੈਰੋਲ ਮਿਲੀ ਹੈ। ਰਾਮ ਰਹੀਮ ਰਾਜਸਥਾਨ ਦੇ ਸ੍ਰੀਗੰਗਾਨਗਰ ਜ਼ਿਲ੍ਹੇ ਦੇ ਗੁਰੂਸਰ ਮੋਡੀਆ ਦਾ ਰਹਿਣ ਵਾਲਾ ਹੈ। ਪਿੰਡ ਵਿੱਚ ਉਸਦਾ ਵੱਡਾ ਆਸ਼ਰਮ ਬਣਿਆ ਹੋਇਆ ਹੈ। ਹਰਿਆਣਾ ਦੀ ਸਰਹੱਦ ਨਾਲ ਲੱਗਦੇ ਰਾਜਸਥਾਨ ਦੇ ਸ੍ਰੀਗੰਗਾਨਗਰ, ਹਨੂੰਮਾਨਗੜ੍ਹ, ਚੁਰੂ ਅਤੇ ਹੋਰ ਕਈ ਜ਼ਿਲ੍ਹਿਆਂ ਵਿੱਚ ਰਾਮ ਰਹੀਮ ਦੇ ਪੈਰੋਕਾਰਾਂ ਦੀ ਕਾਫ਼ੀ ਗਿਣਤੀ ਹੈ। ਇਨ੍ਹਾਂ ਇਲਾਕਿਆਂ 'ਚ ਰਾਮ ਰਹੀਮ ਦੇ ਡੇਰਾ ਸੱਚਾ ਸੌਦਾ ਨਾਲ ਵੱਡੀ ਗਿਣਤੀ 'ਚ ਲੋਕ ਜੁੜੇ ਹੋਏ ਹਨ। ਇਸੇ ਕਰਕੇ ਪੈਰੋਲ ਦਾ ਸਿਆਸੀ ਕੁਨੈਕਸ਼ਨ ਦੱਸਿਆ ਜਾ ਰਿਹਾ ਹੈ। 
ਇਸ ਤੋਂ ਪਹਿਲਾਂ ਵੀ ਹਰਿਆਣਾ ਦੀ ਮਨੋਹਰ ਸਰਕਾਰ 'ਤੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਅਤੇ ਹਰਿਆਣਾ ਦੇ ਆਦਮਪੁਰ-ਏਲਨਾਬਾਦ ਦੀਆਂ ਜ਼ਿਮਨੀ ਚੋਣਾਂ ਅਤੇ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਰਾਮ ਰਹੀਮ ਨੂੰ ਪੈਰੋਲ ਦੇਣ ਦੇ ਦੋਸ਼ ਲੱਗ ਚੁੱਕੇ ਹਨ।

ਕਦੋਂ ਕਦੋਂ ਮਿਲੀ ਪੈਰੋਲ 

ਰਾਮ ਰਹੀਮ ਨੂੰ ਇਸ ਸਾਲ ਜੁਲਾਈ 'ਚ 30 ਦਿਨਾਂ ਦੀ ਪੈਰੋਲ ਮਿਲੀ ਸੀ। ਉਸ ਦੌਰਾਨ ਵੀ ਉਹ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆ ਕੇ ਯੂਪੀ ਦੇ ਬਰਨਾਵਾ ਆਸ਼ਰਮ ਵਿੱਚ  ਰਿਹਾ ਸੀ। ਪੈਰੋਲ ਦੌਰਾਨ ਉਸਨੂੰ ਸਿਰਸਾ ਡੇਰੇ  ਨਹੀਂ ਜਾਣ ਦਿੱਤਾ ਗਿਆ। ਉਸ ਸਮੇਂ ਰਾਮ ਰਹੀਮ ਲਈ ਸਿਰਸਾ ਡੇਰੇ ਤੋਂ ਬਰਨਾਵਾ ਆਸ਼ਰਮ ਵਿੱਚ ਖਾਸ ਤੌਰ 'ਤੇ ਘੋੜੇ ਅਤੇ ਗਾਵਾਂ ਭੇਜੀਆਂ ਗਈਆਂ ਸਨ। ਇਸਤੋਂ ਬਾਅਦ ਰਾਮ ਰਹੀਮ ਨੇ 15 ਅਗਸਤ ਨੂੰ ਆਪਣੇ ਜਨਮ ਦਿਨ 'ਤੇ ਪੈਰੋਲ ਲਈ ਸੀ। ਇਸੇ ਸਾਲ ਜਨਵਰੀ ਵਿੱਚ 40 ਦਿਨਾਂ ਦੀ ਪੈਰੋਲ ਮਿਲੀ ਸੀ। ਰਾਮ ਰਹੀਮ ਦੀ ਸਜ਼ਾ ਦੇ ਕੁੱਲ 30 ਮਹੀਨਿਆਂ ਵਿੱਚ ਇਹ 8ਵੀਂ ਪੈਰੋਲ ਹੈ।

ਪੈਰੋਲ ਲਈ 5 ਦਲੀਲਾਂ ਦਿੱਤੀਆਂ 

ਰਾਮ ਰਹੀਮ ਨੇ ਪੈਰੋਲ ਲਈ ਪੰਜ ਦਲੀਲਾਂ ਦਿੱਤੀਆਂ ਹਨ। ਪਹਿਲੀ ਬਿਮਾਰ ਮਾਂ ਨੂੰ ਦੇਖਣ ਲਈ। ਦੂਜਾ, ਆਪਣੀਆਂ ਗੋਦ ਲਈਆਂ ਧੀਆਂ ਦਾ ਵਿਆਹ ਕਰਨ ਲਈ।  ਤੀਸਰੀ ਯੂਪੀ ਆਸ਼ਰਮ ਦੇ ਆਲੇ-ਦੁਆਲੇ ਆਪਣੇ ਖੇਤਾਂ ਦੀ ਦੇਖਭਾਲ ਕਰਨ ਲਈ ਪੈਰੋਲ ਦੀ ਮੰਗ ਕੀਤੀ। ਇਸਤੋਂ ਇਲਾਵਾ ਡੇਰਾ ਮੁਖੀ ਨੇ ਸਾਬਕਾ ਡੇਰਾ ਮੁਖੀ ਸ਼ਾਹ ਸਤਨਾਮ ਦਾ ਜਨਮ ਦਿਨ ਮਨਾਉਣ ਅਤੇ ਆਪਣਾ ਜਨਮ ਦਿਨ ਮਨਾਉਣ ਲਈ ਪੈਰੋਲ ਦੀ ਦਲੀਲ ਦਿੱਤੀ।

ਨਿਯਮਾਂ ਮੁਤਾਬਕ ਮਿਲੀ ਪੈਰੋਲ 

ਡੇਰਾ ਸੱਚਾ ਸੌਦਾ ਸਿਰਸਾ ਦੇ ਬੁਲਾਰੇ ਜਤਿੰਦਰ ਖੁਰਾਣਾ ਮੁਤਾਬਕ ਕੈਦੀ ਨੂੰ ਕਾਨੂੰਨ ਤਹਿਤ ਹੀ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਮਿਲਦੀ ਹੈ। ਜਤਿੰਦਰ ਖੁਰਾਣਾ ਨੇ ਕਿਹਾ ਕਿ ਜੋ ਵੀ ਜੇਲ੍ਹ ਦੇ ਅੰਦਰ ਹੁੰਦਾ ਹੈ ਉਸਨੂੰ ਸਾਲ ਦੇ ਅੰਦਰ 70 ਦਿਨਾਂ ਦੀ ਪੈਰੋਲ ਦਿੱਤੀ ਜਾਂਦੀ ਹੈ। ਇਸਦੇ ਨਾਲ ਹੀ ਕੈਦੀ ਨੂੰ 21 ਤੋਂ 28 ਦਿਨਾਂ ਦੀ ਫਰਲੋ ਮਿਲਣ ਦਾ ਅਧਿਕਾਰ ਹੈ।

ਇਹ ਵੀ ਪੜ੍ਹੋ