2500 ਕਰੋੜ ਦੀ Cryptocurrency ਧੋਖਾਧੜੀ ਵਿੱਚ ਪੰਜ ਪੁਲਿਸ ਕਰਮਚਾਰੀਆਂ ਦੇ ਖਿਲਾਫ ਚਾਰਜਸ਼ੀਟ ਤਿਆਰ

ਕਾਬਿਲੇ ਗੌਰ ਹੈ ਕਿ ਮੁਲਜ਼ਮਾਂ ਦੇ ਸਰਕਾਰੀ ਮੁਲਾਜ਼ਮ ਹੋਣ ਕਰਕੇ ਸਰਕਾਰ ਤੋਂ ਇਜਾਜ਼ਤ ਲੈਣੀ ਲਾਜ਼ਮੀ ਹੈ। ਇਨ੍ਹਾਂ ਕਰਮਚਾਰੀਆਂ 'ਤੇ ਲੋਕਾਂ ਦੇ ਲੱਖਾਂ ਰੁਪਏ ਕ੍ਰਿਪਟੋਕਰੰਸੀ 'ਚ ਨਿਵੇਸ਼ ਕਰਨ ਅਤੇ ਮੋਟਾ ਕਮਿਸ਼ਨ ਕਮਾਉਣ ਦਾ ਆਰੋਪ ਹਨ।

Share:

ਹਾਈਲਾਈਟਸ

  • ਮੁੱਖ ਮੁਲਜ਼ਮਾਂ ਨਾਲ ਏਜੰਟਾਂ ਵਜੋਂ ਕੰਮ ਕਰਨ ਵਾਲਿਆਂ ’ਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ

Himachal News: ਕ੍ਰਿਪਟੋਕਰੰਸੀ ਧੋਖਾਧੜੀ ਮਾਮਲੇ ਵਿੱਚ ਹਿਮਾਚਲ ਪੁਲਿਸ ਦੀ ਐੱਸਆਈਟੀ ਨੇ ਪੰਜ ਪੁਲਿਸ ਕਰਮਚਾਰੀਆਂ ਦੇ ਖਿਲਾਫ ਚਾਰਜਸ਼ੀਟ ਤਿਆਰ ਕਰ ਲਈ ਹੈ। ਐੱਸਆਈਟੀ ਨੇ ਅਦਾਲਤ ਵਿੱਚ ਚਲਾਨ ਪੇਸ਼ ਕਰਨ ਲਈ ਸਰਕਾਰ ਤੋਂ ਮਨਜ਼ੂਰੀ ਮੰਗੀ ਸੀ, ਜੋ ਹੁਣ ਮਿਲ ਚੁੱਕੀ ਹੈ। ਕਾਬਿਲੇ ਗੌਰ ਹੈ ਕਿ ਮੁਲਜ਼ਮਾਂ ਦੇ ਸਰਕਾਰੀ ਮੁਲਾਜ਼ਮ ਹੋਣ ਕਰਕੇ ਸਰਕਾਰ ਤੋਂ ਇਜਾਜ਼ਤ ਲੈਣੀ ਲਾਜ਼ਮੀ ਹੈ। ਇਨ੍ਹਾਂ ਕਰਮਚਾਰੀਆਂ 'ਤੇ ਲੋਕਾਂ ਦੇ ਲੱਖਾਂ ਰੁਪਏ ਕ੍ਰਿਪਟੋਕਰੰਸੀ 'ਚ ਨਿਵੇਸ਼ ਕਰਨ ਅਤੇ ਮੋਟਾ ਕਮਿਸ਼ਨ ਕਮਾਉਣ ਦਾ ਆਰੋਪ ਹਨ। 2500 ਕਰੋੜ ਰੁਪਏ ਦੇ ਇਸ ਘਪਲੇ ਵਿੱਚ ਹੁਣ ਤੱਕ ਮੁਲਜ਼ਮਾਂ ਖ਼ਿਲਾਫ਼ ਸ਼ਿਮਲਾ ਦੀ ਅਦਾਲਤ (Court) ਵਿੱਚ ਦੋ ਚਲਾਨ ਪੇਸ਼ ਕੀਤੇ ਜਾ ਚੁੱਕੇ ਹਨ। ਇਹ ਆਖਰੀ ਚਾਰਜਸ਼ੀਟ ਹੈ। ਇਸ ਮਾਮਲੇ ਵਿੱਚ ਹੁਣ ਤੱਕ 19 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪੁਲਿਸ ਦੀ ਐੱਸਆਈਟੀ ਹੋਰ ਵੀ ਕਈ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। 

ਮੁੱਖ ਮੁਲਜ਼ਮ ਵਿਦੇਸ਼ ਭੱਜੇ

ਇਸ ਮਾਮਲੇ ਦਾ ਮੁੱਖ ਮੁਲਜ਼ਮ (Accused) ਸੁਭਾਸ਼ ਅਤੇ ਮੇਰਠ ਦਾ ਇੱਕ ਇੰਜੀਨੀਅਰ ਵਿਦੇਸ਼ ਭੱਜ ਗਏ ਹਨ। ਉਨ੍ਹਾਂ ਨੂੰ ਦੇਸ਼ ਵਾਪਸ ਲਿਆਉਣ ਦੀ ਪ੍ਰਕਿਰਿਆ ਵੀ ਜਾਰੀ ਹੈ। ਮੁਲਜ਼ਮਾਂ ਦੀ 20 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਗਈ ਹੈ। ਇਸ ਵਿੱਚ ਮੁੱਖ ਮੁਲਜ਼ਮ ਸੁਖਦੇਵ, ਹੇਮਰਾਜ, ਸੁਭਾਸ਼ ਅਤੇ ਹੋਰ ਏਜੰਟ ਸ਼ਾਮਲ ਹਨ। ਕਰੀਬ 11 ਮੁਲਜ਼ਮਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ ਜਦਕਿ ਬਾਕੀ ਮੁਲਜ਼ਮਾਂ ਦੀਆਂ ਜਾਇਦਾਦਾਂ ਦੇ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਡੀਆਈਜੀ ਅਭਿਸ਼ੇਕ ਦੁੱਲਰ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਕ੍ਰਿਪਟੋਕਰੰਸੀ ਨਾਲ ਲੋਕਾਂ ਨੂੰ ਠੱਗਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੁਲਜ਼ਮਾਂ ਨਾਲ ਏਜੰਟਾਂ ਵਜੋਂ ਕੰਮ ਕਰਨ ਵਾਲਿਆਂ ’ਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ