BSF ਜਵਾਨ 72 ਘੰਟੇ ਬਾਅਦ ਵੀ ਪਾਕਿਸਤਾਨੀ ਰੇਂਜਰਾਂ ਦੀ ਹਿਰਾਸਤ ‘ਚ, ਹੁਣ ਤੱਕ ਨਹੀਂ ਮਿਲੇ ਰਿਹਾਈ ਦੇ ਹੁਕਮ

40 ਸਾਲਾ ਪੀਕੇ ਸਾਹੂ ਕੋਲਕਾਤਾ ਦੇ ਹੁਗਲੀ ਦਾ ਰਹਿਣ ਵਾਲਾ ਹੈ। ਘਰ ਛੁੱਟੀਆਂ ਬਿਤਾਉਣ ਤੋਂ ਬਾਅਦ, ਉਹ 31 ਮਾਰਚ ਨੂੰ ਡਿਊਟੀ 'ਤੇ ਵਾਪਸ ਆਇਆ ਸੀ। ਸਾਹੂ ਦੇ ਪਰਿਵਾਰਕ ਮੈਂਬਰਾਂ ਅਨੁਸਾਰ, ਉਹ 17 ਸਾਲਾਂ ਤੋਂ ਬੀਐਸਐਫ ਵਿੱਚ ਹੈ। ਇਸ ਘਟਨਾ ਕਾਰਨ ਪਰਿਵਾਰ ਡੂੰਘੇ ਸਦਮੇ ਵਿੱਚ ਹੈ।

Share:

BSF jawan still in custody of Pakistani Rangers after 72 hours : ਫਿਰੋਜ਼ਪੁਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਤੋਂ ਫੜਿਆ ਗਿਆ ਬੀਐਸਐਫ ਜਵਾਨ 72 ਘੰਟੇ ਬਾਅਦ ਵੀ ਪਾਕਿਸਤਾਨੀ ਰੇਂਜਰਾਂ ਦੀ ਹਿਰਾਸਤ ਵਿੱਚ ਹੈ। 3 ਫਲੈਗ ਮੀਟਿੰਗਾਂ ਤੋਂ ਬਾਅਦ ਵੀ ਉਸਨੂੰ ਰਿਹਾਅ ਨਹੀਂ ਕੀਤਾ ਗਿਆ। ਪਾਕਿਸਤਾਨੀ ਅਧਿਕਾਰੀਆਂ ਨੇ ਸਿਪਾਹੀ ਨੂੰ ਰਿਹਾਅ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਹਾਈਕਮਾਨ ਤੋਂ ਹੁਕਮ ਨਹੀਂ ਮਿਲਦੇ, ਉਹ ਸਿਪਾਹੀ ਨੂੰ ਰਿਹਾਅ ਨਹੀਂ ਕਰਣਗੇ। ਦੂਜੇ ਪਾਸੇ ਸ਼ੁੱਕਰਵਾਰ ਸ਼ਾਮ ਨੂੰ, ਬੀਐਸਐਫ ਦੇ ਡਾਇਰੈਕਟਰ ਜਨਰਲ ਦਲਜੀਤ ਸਿੰਘ ਚੌਧਰੀ ਨੇ ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਨਾਲ ਸਿਪਾਹੀ ਨੂੰ ਰਿਹਾਅ ਕਰਨ ਲਈ ਗੱਲ ਕੀਤੀ। ਜਵਾਨ ਪੀਕੇ ਸਾਹੂ ਦੇ ਭਰਾ ਸ਼ਿਆਮ ਸੁੰਦਰ ਸਾਹੂ ਨੇ ਆਪਣੇ ਭਰਾ ਨੂੰ ਰਿਹਾਅ ਕਰਵਾਉਣ ਲਈ ਕੇਂਦਰ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਕਾਰਨ ਪੀਕੇ ਸਿੰਘ ਦੀ ਰਿਹਾਈ ਵਿੱਚ ਦੇਰੀ ਹੋ ਰਹੀ ਹੈ।

ਜ਼ੀਰੋ ਲਾਈਨ ਕਰ ਲਈ ਸੀ ਪਾਰ

ਸ਼੍ਰੀਨਗਰ ਤੋਂ ਬੀਐਸਐਫ ਦੀ 24ਵੀਂ ਬਟਾਲੀਅਨ ਫਿਰੋਜ਼ਪੁਰ ਦੇ ਮਮਦੋਟ ਸੈਕਟਰ ਵਿੱਚ ਤਾਇਨਾਤ ਹੈ। ਬੁੱਧਵਾਰ ਸਵੇਰੇ ਕਿਸਾਨ ਕਣਕ ਦੀ ਵਾਢੀ ਕਰਨ ਲਈ ਆਪਣੀ ਕੰਬਾਈਨ ਮਸ਼ੀਨ ਨਾਲ ਆਪਣੇ ਖੇਤ ਗਿਆ। ਇਹ ਖੇਤ ਵਾੜ 'ਤੇ ਗੇਟ ਨੰਬਰ-208/1 ਦੇ ਨੇੜੇ ਸੀ। ਕਿਸਾਨਾਂ ਦੀ ਨਿਗਰਾਨੀ ਲਈ ਦੋ ਬੀਐਸਐਫ ਜਵਾਨ ਵੀ ਉਨ੍ਹਾਂ ਦੇ ਨਾਲ ਸਨ। ਇਸ ਸਮੇਂ, ਸਿਪਾਹੀ ਪੀਕੇ ਸਾਹੂ ਦੀ ਸਿਹਤ ਵਿਗੜ ਗਈ ਅਤੇ ਉਹ ਦਰੱਖਤ ਹੇਠਾਂ ਬੈਠਣ ਲਈ ਚਲਾ ਗਿਆ। ਦਰੱਖਤ ਸਰਹੱਦ ਦੇ ਪਾਰ ਸੀ। ਫਿਰ ਪਾਕਿਸਤਾਨੀ ਰੇਂਜਰਾਂ ਨੇ ਉਸਨੂੰ ਘੇਰ ਲਿਆ ਅਤੇ ਉਸਨੂੰ ਫੜ ਲਿਆ ਅਤੇ ਉਸਦੇ ਹਥਿਆਰ ਵੀ ਖੋਹ ਲਏ।

ਛੱਡਣ ਤੋਂ ਕੀਤਾ ਇਨਕਾਰ

ਜਿਵੇਂ ਹੀ ਬੀਐਸਐਫ ਦੇ ਸੀਨੀਅਰ ਅਧਿਕਾਰੀਆਂ ਨੂੰ ਜਵਾਨ ਪੀਕੇ ਸਾਹੂ ਨੂੰ ਪਾਕਿਸਤਾਨੀ ਰੇਂਜਰਾਂ ਦੁਆਰਾ ਫੜੇ ਜਾਣ ਦੀ ਖ਼ਬਰ ਮਿਲੀ, ਉਹ ਤੁਰੰਤ ਮੌਕੇ 'ਤੇ ਪਹੁੰਚ ਗਏ ਅਤੇ ਪਾਕਿਸਤਾਨੀ ਰੇਂਜਰਾਂ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ। ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਇਸ ਸਿਪਾਹੀ ਦਾ ਕੁਝ ਦਿਨ ਪਹਿਲਾਂ ਹੀ ਤਬਾਦਲਾ ਹੋ ਗਿਆ ਸੀ। ਉਸਨੂੰ ਜ਼ੀਰੋ ਲਾਈਨ ਬਾਰੇ ਨਹੀਂ ਪਤਾ ਸੀ। ਉਸਨੇ ਗਲਤੀ ਨਾਲ ਜ਼ੀਰੋ ਲਾਈਨ ਪਾਰ ਕਰ ਲਈ। ਉਸਨੂੰ ਰਿਹਾਅ ਕਰਨ ਲਈ ਕਿਹਾ ਗਿਆ। ਪਰ, ਪਾਕਿਸਤਾਨੀ ਰੇਂਜਰਾਂ ਨੇ ਇਨਕਾਰ ਕਰ ਦਿੱਤਾ।

ਤਿੰਨ ਫਲੈਗ ਮੀਟਿੰਗਾਂ ਹੋ ਚੁੱਕੀਆਂ 

ਭਾਰਤ ਨੇ ਫਲੈਗ ਮੀਟਿੰਗਾਂ ਰਾਹੀਂ ਸਿਪਾਹੀ ਪੀ.ਕੇ. ਸਾਹੂ ਨੂੰ ਵਾਪਸ ਲਿਆਉਣ ਦੀ ਲਗਾਤਾਰ ਕੋਸ਼ਿਸ਼ ਕੀਤੀ। ਬੀਐਸਐਫ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ ਪਾਕਿਸਤਾਨ ਰੇਂਜਰਾਂ ਨਾਲ 2 ਤੋਂ 3 ਫਲੈਗ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਹੁਣ ਤੱਕ ਕੋਈ ਸਕਾਰਾਤਮਕ ਨਤੀਜਾ ਨਹੀਂ ਨਿਕਲਿਆ ਹੈ।

ਇਹ ਵੀ ਪੜ੍ਹੋ