ED ਨੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕੀਤਾ ਗ੍ਰਿਫ਼ਤਾਰ, ਜਲੰਧਰ ਦੇ ਸਰਕਾਰੀ ਹਸਪਤਾਲ ਕਰਾਇਆ ਗਿਆ ਮੈਡੀਕਲ

ਆਮਦਨ ਨਾਲੋਂ ਵੱਧ ਜਾਇਦਾਦ ਦੇ ਮਾਮਲੇ 'ਚ ਗ੍ਰਿਫਤਾਰੀ ਕੀਤੇ ਜਾਣ ਦੀ ਖ਼ਬਰ ਹੈ। ਮੰਗਲਵਾਰ ਨੂੰ ਧਰਮਸੋਤ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। 30 ਨਵੰਬਰ ਨੂੰ ਈਡੀ ਨੇ ਇਸ ਮਾਮਲੇ ਸਬੰਧੀ ਧਰਮਸੋਤ ਤੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਦੇ ਠਿਕਾਣਿਆਂ ਉਪਰ ਰੇਡ ਕੀਤੀ ਸੀ।

Share:

ਕ੍ਰਾਇਮ ਨਿਊਜ਼।  ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਈਡੀ ਨੇ ਜਲੰਧਰ ਵਿਖੇ ਇਹ ਗ੍ਰਿਫਤਾਰੀ ਕੀਤੀ। ਆਮਦਨ ਨਾਲੋਂ ਵੱਧ ਜਾਇਦਾਦ ਤੇ ਜੰਗਲਾਤ ਘੁਟਾਲੇ ਨਾਲ ਸਬੰਧਤ ਚੱਲ ਰਹੀ ਈਡੀ ਦੀ ਜਾਂਚ ਦੌਰਾਨ ਇਹ ਕਾਰਵਾਈ ਕੀਤੀ ਗਈ। ਦੱਸ ਦਈਏ ਕਿ 30 ਨਵੰਬਰ ਨੂੰ ਈਡੀ ਨੇ ਪੰਜਾਬ ਅੰਦਰ ਧਰਮਸੋਤ ਤੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਠਿਕਾਣਿਆਂ ਉਪਰ ਰੇਡ ਕੀਤੀ ਸੀ। 

ਸਰਕਾਰੀ ਹਸਪਤਾਲ ਕਰਾਇਆ ਮੈਡੀਕਲ

ਈਡੀ ਦੀ ਟੀਮ ਨੇ ਜਲੰਧਰ ਦੇ ਸਰਕਾਰੀ ਹਸਪਤਾਲ ਵਿਖੇ ਸਾਬਕਾ ਮੰਤਰੀ ਧਰਮਸੋਤ ਦਾ ਮੈਡੀਕਲ ਕਰਾਇਆ। ਇਸ ਦੌਰਾਨ ਮੀਡੀਆ ਸਾਮਣੇ ਧਰਮਸੋਤ ਕੁੱਝ ਨਹੀਂ ਬੋਲੇ। ਚੁੱਪ ਚਾਪ ਸਿਰ ਝੁਕਾ ਕੇ ਈਡੀ ਦੀ ਗੱਡੀ 'ਚ ਬੈਠ ਟੀਮ ਦੇ ਨਾਲ ਚਲੇ ਗਏ। ਧਰਮਸੋਤ ਨੂੰ ਮੰਗਲਵਾਰ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ। ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। 
 
ਆਮਦਨ ਨਾਲੋਂ ਕਿਤੇ ਵੱਧ ਖ਼ਰਚਾ

ਦੱਸ ਦਈਏ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਇਲਜ਼ਾਮ ਵਿੱਚ ਫਰਵਰੀ ਵਿੱਚ ਦੂਜੀ ਵਾਰ ਮੁੜ ਗ੍ਰਿਫਤਾਰ ਕੀਤਾ ਸੀ। ਸਾਲ 2022 ‘ਚ ਵੀ ਧਰਮਸੋਤ ‘ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਸਨ ਅਤੇ 89 ਦਿਨ ਜੇਲ ‘ਚ ਬਿਤਾਉਣ ਤੋਂ ਬਾਅਦ ਸਤੰਬਰ 2022 ‘ਚ ਜ਼ਮਾਨਤ ‘ਤੇ ਬਾਹਰ ਆ ਗਏ ਸਨ। ਵਿਜੀਲੈਂਸ ਦੀ ਜਾਂਚ ‘ਚ ਸਾਹਮਣੇ ਆਇਆ ਸੀ ਕਿ 1 ਮਾਰਚ 2016 ਤੋਂ 31 ਮਾਰਚ 2022 ਤੱਕ ਦੇ ਜਾਂਚ ਸਮੇਂ ਦੌਰਾਨ ਸਾਬਕਾ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਆਮਦਨ 2.37 ਕਰੋੜ ਰੁਪਏ ਸੀ। ਜਦਕਿ ਖਰਚਾ 8.76 ਕਰੋੜ ਰੁਪਏ ਸੀ। ਇਹ ਖਰਚਾ ਆਮਦਨ ਨਾਲੋਂ 6.39 ਕਰੋੜ ਰੁਪਏ ਵੱਧ ਸੀ।

6 ਸਤੰਬਰ ਨੂੰ ਮਿਲੀ ਸੀ ਜ਼ਮਾਨਤ 
ਇਸ ਤੋਂ ਪਹਿਲਾਂ ਵੀ ਸਾਧੂ ਸਿੰਘ ਧਰਮਸੋਤ ਨੂੰ ਪਿਛਲੇ ਸਾਲ ਜੂਨ ਵਿਚ ਵਿਜੀਲੈਂਸ ਨੇ ਗ੍ਰਿਫ਼ਤਾਰ ਕੀਤਾ ਸੀ। ਧਰਮਸੋਤ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਸਮਾਜ ਭਲਾਈ ਅਤੇ ਜੰਗਲਾਤ ਮਹਿਕਮੇ ਦੇ ਮੰਤਰੀ ਰਹੇ ਸਨ। ਉਸ ਵੇਲੇ ਉਨ੍ਹਾਂ ‘ਤੇ ਰੁੱਖ ਕੱਟਣ ਦੇ ਮਾਮਲੇ ਵਿਚ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਸਨ। ਇਨ੍ਹਾਂ ਇਲਜ਼ਾਮਾਂ ਤਹਿਤ ਹੀ ਸਾਧੂ ਸਿੰਘ ਧਰਮਸੋਤ ਦੀ ਗ੍ਰਿਫ਼ਤਾਰੀ ਹੋਈ ਸੀ। ਹਾਈ ਕੋਰਟ ਨੇ ਉਨ੍ਹਾਂ ਨੂੰ 6 ਸਤੰਬਰ 2022 ਨੂੰ ਜ਼ਮਾਨਤ ਦਿਤੀ ਸੀ।

ਇਹ ਵੀ ਪੜ੍ਹੋ