ਨੈਨੀਤਾਲ 'ਚ ਵੱਡਾ ਹਾਦਸਾ, ਖੱਡ 'ਚ ਗੱਡੀ ਡਿੱਗਣ ਨਾਲ 9 ਮੌਤਾਂ

ਪਿੱਕਅਪ ਜੀਪ ਕਰੀਬ 500 ਮੀਟਰ ਡੂੰਘੀ ਖੱਡ 'ਚ ਡਿੱਗ ਗਈ। ਘਟਨਾ ਤੋਂ ਬਾਅਦ 2 ਘੰਟੇ ਤੱਕ ਕੋਈ ਰਾਹਤ ਕਾਰਜ ਸ਼ੁਰੂ ਨਹੀਂ ਹੋਏ ਸੀ। ਜਿਸ ਕਾਰਨ ਲੋਕਾਂ ਨੇ ਰੋਸ ਮੁਜਾਹਰਾ ਕੀਤਾ।

Share:

ਉਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਦੇ ਓਖਲਕਾਂਡਾ ਪਿੰਡ ਨੇੜੇ ਇੱਕ ਜੀਪ ਡੂੰਘੀ ਖੱਡ 'ਚ ਜਾ ਡਿੱਗੀ। ਹਾਦਸੇ 'ਚ 9 ਲੋਕਾਂ ਦੀ ਮੌਤ ਹੋ ਗਈ। ਪਿਕਅੱਪ ਜੀਪ 500 ਮੀਟਰ ਡੂੰਘੀ ਖੱਡ ਵਿਚ ਡਿੱਗ ਗਈ। ਪਿੰਡ ਵਾਸੀਆਂ ਦੀ ਮਦਦ ਨਾਲ ਜ਼ਖਮੀਆਂ ਅਤੇ ਲਾਸ਼ਾਂ ਨੂੰ ਸੜਕ ਤੱਕ ਪਹੁੰਚਾਇਆ ਗਿਆ। ਗੰਭੀਰ ਜ਼ਖਮੀਆਂ ਦਾ ਓਖਲਕਾਂਡਾ ਸਿਹਤ ਕੇਂਦਰ 'ਚ ਇਲਾਜ ਚੱਲ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਪਿਕਅੱਪ ਸ਼ੁੱਕਰਵਾਰ ਸਵੇਰੇ 8 ਵਜੇ ਓਖਲਕਾਂਡਾ ਦੇ ਪਾਟਲੋਟ ਤੋਂ ਹਲਦਵਾਨੀ ਲਈ ਰਵਾਨਾ ਹੋਈ। ਇਸ ਵਿਚ ਡਰਾਈਵਰ ਸਮੇਤ 11 ਲੋਕ ਸਵਾਰ ਸਨ। ਥੋੜੀ ਦੂਰੀ ਤੈਅ ਕਰਨ ਤੋਂ ਬਾਅਦ ਪਿਕਅੱਪ ਛਿਰਕਾਨ 'ਚ 500 ਮੀਟਰ ਡੂੰਘੀ ਖੱਡ 'ਚ ਡਿੱਗ ਗਈ। 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਤਿੰਨ ਜ਼ਖਮੀਆਂ ਦੀ ਹਸਪਤਾਲ ਪਹੁੰਚਣ 'ਤੇ ਮੌਤ ਹੋ ਗਈ। 

ਮ੍ਰਿਤਕਾਂ 'ਚ ਦੱਸੇ ਜਾ ਰਹੇ ਪਰਿਵਾਰਕ ਮੈਂਬਰ

ਹਾਦਸੇ ਦੌਰਾਨ 9 ਲੋਕਾਂ ਨੇ ਆਪਣੀ ਜਾਨ ਗੁਆਈ। ਇਹ ਪਰਿਵਾਰਕ ਮੈਂਬਰ ਦੱਸੇ ਜਾ ਰਹੇ ਹਨ। ਇਹਨਾਂ 'ਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ। ਫਿਲਹਾਲ ਪ੍ਰਸ਼ਾਸਨ ਵੱਲੋਂ ਮ੍ਰਿਤਕਾਂ ਦੀ ਸ਼ਨਾਖਤ ਕੀਤੀ ਜਾ ਰਹੀ ਸੀ। ਦੂਜੇ ਪਾਸੇ 2 ਜਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪੁਲਿਸ ਤੇ ਸਿਵਲ ਪ੍ਰਸ਼ਾਸਨ ਦੀ ਟੀਮ ਦੇ ਦੇਰੀ ਨਾਲ ਪੁੱਜਣ ’ਤੇ ਪਿੰਡ ਵਾਸੀਆਂ ਨੇ ਰੋਸ ਪ੍ਰਗਟਾਇਆ। ਪਿੰਡ ਵਾਸੀਆਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਦੋ ਘੰਟੇ ਤੱਕ ਮਦਦ ਨਹੀਂ ਮਿਲ ਸਕੀ। ਉਨ੍ਹਾਂ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਰਵੱਈਏ ’ਤੇ ਨਾਰਾਜ਼ਗੀ ਪ੍ਰਗਟਾਈ। 

ਪਹਿਲਾਂ ਵੀ ਹੋਏ ਹਾਦਸੇ

ਕੁੱਝ ਦਿਨ ਪਹਿਲਾਂ ਨੈਨੀਤਾਲ ਵਿਖੇ ਇੱਕ ਕਾਰ ਖੱਡ ਵਿੱਚ ਡਿੱਗਣ ਕਾਰਨ ਹਾਦਸਾ ਵਾਪਰਿਆ ਸੀ। ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਪੰਜ ਹੋਰ ਜ਼ਖ਼ਮੀ ਹੋ ਗਏ ਸੀ। ਇਸਤੋਂ ਇਲਾਵਾ ਅਕਤੂਬਰ ਮਹੀਨੇ ਚ ਨੈਨੀਤਾਲ ਜ਼ਿਲ੍ਹੇ ਦੇ ਕਾਲਾਧੁੰਗੀ ਇਲਾਕੇ ਵਿੱਚ ਯਾਤਰੀਆਂ ਨਾਲ ਭਰੀ ਬੱਸ ਦੇ ਖੱਡ ਚ ਡਿੱਗਣ ਕਾਰਨ ਪੰਜ ਔਰਤਾਂ ਅਤੇ ਇੱਕ ਨਾਬਾਲਗ ਸਮੇਤ ਸੱਤ ਯਾਤਰੀਆਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖ਼ਮੀ ਹੋ ਗਏ ਸਨ।

ਇਹ ਵੀ ਪੜ੍ਹੋ