ISI ਲਈ ਭਾਰਤੀ ਫ਼ੌਜ ਦੀ ਜਾਸੂਸੀ ਕਰਦਾ ਸੀ ਅੰਮ੍ਰਿਤਪਾਲ

ਬਠਿੰਡਾ ਫੌਜੀ ਛਾਉਣੀ ਦੇ ਟੈਂਕਾਂ ਦੀ ਜਾਣਕਾਰੀ ਪਾਕਿਸਤਾਨੀ ਏਜੰਸੀ ਨੂੰ ਭੇਜੀ ਜਾਂਦੀ ਸੀ। ਪੂਰੇ ਮਾਮਲੇ 'ਚ ਅੱਤਵਾਦ ਵਿਰੋਧੀ ਦਸਤੇ ਨੇ ਵੱਡੀ ਕਾਰਵਾਈ ਕੀਤੀ। ਅੰਮ੍ਰਿਤਪਾਲ ਨੂੰ ਟਰਾਂਜਿਟ ਰਿਮਾਂਡ 'ਤੇ ਲਖਨਊ ਲਿਆਂਦਾ ਗਿਆ। 

Share:

 

ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐਸਆਈ ਲਈ ਭਾਰਤੀ ਫ਼ੌਜ ਦੀ ਜਾਸੂਸੀ ਕਰਨ ਦੇ ਮਾਮਲੇ 'ਚ ਵੱਡੇ ਖੁਲਾਸੇ ਹੋਏ ਹਨ। ਇਸ ਸਬੰਧੀ ਅੱਤਵਾਦ ਵਿਰੋਧੀ ਦਸਤੇ (ਏਟੀਐੱਸ) ਨੇ ਕਾਰਵਾਈ ਕੀਤੀ ਹੈ। ਜਿਸਦੇ ਤਹਿਤ ਬਠਿੰਡਾ ਵਾਸੀ  ਅੰਮ੍ਰਿਤ ਗਿੱਲ ਉਰਫ਼ ਅੰਮ੍ਰਿਤਪਾਲ ਸਿੰਘ ਉਰਫ਼ ਮੰਤਰੀ ਅਤੇ ਉਸਦੇ ਸਹਾਇਕ ਰਿਆਜ਼ੂਦੀਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅੰਮ੍ਰਿਤਪਾਲ ਆਟੋ ਡਰਾਈਵਰ ਹੈ। ਉਹ ਬਠਿੰਡਾ ਦੇ ਫੂਲ ਥਾਣਾ ਖੇਤਰ 'ਚ ਪੈਂਦੇ ਪਿੰਡ ਦੁੱਲੇਵਾਲ ਦਾ ਰਹਿਣ ਵਾਲਾ ਹੈ। ਉਸਨੂੰ ਪੰਜਾਬ ਦੇ ਤਲਵੰਡੀ ਸਾਬੋ ਤੋਂ ਗ੍ਰਿਫਤਾਰ ਕੀਤਾ ਗਿਆ। ਉਸਦੀ ਪੁੱਛਗਿੱਛ ਤੋਂ ਬਾਅਦ  ਰਿਆਜ਼ੂਦੀਨ  ਵਾਸੀ 126 ਅੰਸਾਰੀਮਾਨ ਫਰੀਦਨਗਰ ਭੋਜਪੁਰ ਥਾਣਾ ਗਾਜ਼ੀਆਬਾਦ ਨੂੰ ਐਤਵਾਰ ਨੂੰ ਲਖਨਊ ਤੋਂ ਏਟੀਐੱਸ ਨੇ ਗ੍ਰਿਫਤਾਰ ਕੀਤਾ। 

ਲਾਲਚ 'ਚ ਆ ਕੇ ਦੇਸ਼ ਨਾਲ ਗੱਦਾਰੀ 

ਏਟੀਐਸ ਦੇ ਏਡੀਜੀ ਮੋਹਿਤ ਅਗਰਵਾਲ ਨੇ ਦੱਸਿਆ ਕਿ ਭਾਰਤੀ ਫੌਜੀ ਠਿਕਾਣਿਆਂ 'ਤੇ ਕੁੱਝ ਲੋਕਾਂ ਦੀ ਜਾਸੂਸੀ ਕਰਨ ਦੀ ਸੂਚਨਾ ਦੀ ਜਾਂਚ ਤੋਂ ਬਾਅਦ ਇਨ੍ਹਾਂ ਤਿੰਨਾਂ ਦੇ ਨਾਂ ਸਾਹਮਣੇ ਆਏ ਹਨ। ਤੀਜੇ ਸਾਥੀ ਇਜ਼ਹਾਰੁਲ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਉਹ ਇਸ ਸਮੇਂ ਬਿਹਾਰ ਦੀ ਬੈਤੀਆ ਜੇਲ੍ਹ ਵਿੱਚ ਬੰਦ ਹੈ। ਉਸਤੋਂ ਪੁੱਛਗਿੱਛ ਕਰਨ 'ਤੇ ਅੰਮ੍ਰਿਤਪਾਲ ਦੀ ਲੋਕੇਸ਼ਨ ਦਾ ਪਤਾ ਲੱਗਾ। ਆਟੋ ਚਾਲਕ ਅੰਮ੍ਰਿਤਪਾਲ ਬਠਿੰਡਾ ਫੌਜੀ ਛਾਉਣੀ ਦੇ ਟੈਂਕਾਂ ਦੀ ਜਾਣਕਾਰੀ ਆਈਐਸਆਈ ਏਜੰਟਾਂ ਨੂੰ ਭੇਜਦਾ ਸੀ। ਆਈਐਸਆਈ ਨੇ ਰਿਆਜ਼ੂਦੀਨ ਰਾਹੀਂ ਉਸਨੂੰ ਲੱਖਾਂ ਰੁਪਏ ਦਿੱਤੇ ਸਨ। ਰਿਆਜ਼ੂਦੀਨ ਅਤੇ ਇਜ਼ਹਾਰੁਲ ਵੈਲਡਿੰਗ ਦਾ ਕੰਮ ਕਰਦੇ ਸਨ। ਉਨ੍ਹਾਂ ਦੀ ਮੁਲਾਕਾਤ ਰਾਜਸਥਾਨ 'ਚ ਵੈਲਡਿੰਗ ਦੀ ਦੁਕਾਨ 'ਤੇ ਕੰਮ ਕਰਦੇ ਸਮੇਂ ਹੋਈ ਸੀ। ਇਸਤੋਂ ਬਾਅਦ ਰਿਆਜ਼ੂਦੀਨ ਵੀ ਇਜ਼ਹਾਰੁਲ ਰਾਹੀਂ ਆਈਐਸਆਈ ਦੇ ਸੰਪਰਕ ਵਿੱਚ ਆਇਆ। ਮਾਰਚ 2022 ਤੋਂ ਅਪ੍ਰੈਲ 2023 ਦਰਮਿਆਨ ਕਿਸੇ ਅਣਜਾਣ ਸਰੋਤ ਤੋਂ ਰਿਆਜ਼ੂਦੀਨ ਦੇ ਖਾਤੇ ਵਿੱਚ 70 ਲੱਖ ਰੁਪਏ ਭੇਜੇ ਗਏ ਸਨ। ਉਸਨੇ ਇਹ ਰਕਮ ਅੰਮ੍ਰਿਤਪਾਲ ਸਮੇਤ ਕਈ ਹੋਰਾਂ ਨੂੰ ਦਿੱਤੀ। ਕਈਆਂ ਨੂੰ ਉਸਨੇ ਆਪਣੇ ਬੈਂਕ ਖਾਤੇ ਵਿੱਚੋਂ ਹੀ ਪੈਸੇ ਟਰਾਂਸਫਰ ਕੀਤੇ ਸਨ।

photo
ਏਟੀਐੱਸ ਵੱਲੋਂ ਗ੍ਰਿ਼ਫਤਾਰ ਮੁਲਜ਼ਮ। ਫੋਟੋ ਕ੍ਰੇਡਿਟ -ਜੇਬੀਟੀ

ਲਖਨਊ ਹੋ ਰਹੀ ਪੁੱਛਗਿੱਛ 

ਏਟੀਐਸ ਦੇ ਅਧਿਕਾਰੀ ਨੇ ਦੱਸਿਆ ਕਿ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰਕੇ ਟਰਾਂਜ਼ਿਟ ਰਿਮਾਂਡ 'ਤੇ ਲਖਨਊ ਲਿਆਂਦਾ ਗਿਆ। ਉੱਥੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਦਕਿ ਰਿਆਜ਼ੂਦੀਨ ਨੂੰ ਲਖਨਊ 'ਚ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ।  ਬਿਹਾਰ ਜੇਲ 'ਚ ਬੰਦ ਇਜ਼ਹਾਰੁਲ ਨੂੰ ਲਖਨਊ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ ਤਾਂ ਕਿ ਅੱਤਵਾਦੀ ਫੰਡਿੰਗ ਬਾਰੇ ਹੋਰ ਜਾਣਕਾਰੀਆਂ ਹਾਸਲ ਕੀਤੀਆਂ ਜਾ ਸਕਣ।

ਇਹ ਵੀ ਪੜ੍ਹੋ