ਲੁਧਿਆਣਾ 'ਚ ਕਤਲ ਕਰਕੇ ਯੂਪੀ ਲੈ ਗਿਆ ਪਤਨੀ ਦੀ ਲਾਸ਼, ਜਾਣੋ ਪੂਰਾ ਮਾਮਲਾ 

ਮ੍ਰਿਤਕ ਔਰਤ ਦੇ ਪੇਕੇ ਪਰਿਵਾਰ ਨੇ ਕਰੀਬ ਇੱਕ ਸਾਲ ਦੀ ਲੰਬੀ ਕਾਨੂੰਨੀ ਲੜਾਈ ਲੜੀ। ਜਿਸਤੋਂ ਬਾਅਦ ਹੁਣ ਕਾਤਲ ਦੇ ਖਿਲਾਫ ਮੁਕੱਦਮਾ ਦਰਜ ਕਰਾਇਆ ਜਾ ਸਕਿਆ। ਅੱਗੇ ਮੁਲਜ਼ਮ ਨੂੰ ਸਜ਼ਾ ਦਿਵਾਉਣ ਲਈ ਪਰਿਵਾਰ ਵੱਲੋਂ ਕਾਨੂੰਨੀ ਜੰਗ ਜਾਰੀ ਹੈ। 

Share:

ਲੁਧਿਆਣਾ ਦੇ ਸਾਹਨੇਵਾਲ 'ਚ ਦਾਜ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਕਤਲ ਕਰੀਬ ਇੱਕ ਸਾਲ ਪਹਿਲਾਂ ਹੋਇਆ ਸੀ। ਪਰ ਹੁਣ ਲੰਬੀ ਜਾਂਚ ਅਤੇ ਅਦਾਲਤੀ ਹੁਕਮਾਂ ਤੋਂ ਬਾਅਦ ਕੇਸ ਦਰਜ ਹੋ ਸਕਿਆ। ਜਾਣਕਾਰੀ ਅਨੁਸਾਰ ਯੂਪੀ ਦੇ ਅਮੇਠੀ ਜ਼ਿਲ੍ਹੇ ਦੇ ਪਿੱਪਰਪੁਰ ਥਾਣਾ ਅਧੀਨ ਪੈਂਦੇ ਪਿੰਡ ਪੰਧੋਲੀ ਦਾ ਰਹਿਣ ਵਾਲਾ ਦੇਸਰਾਜ ਆਪਣੀ ਪਤਨੀ ਅਨੀਤਾ ਨਾਲ ਸਾਹਨੇਵਾਲ ਦੇ ਨਿਊ ਸਤਿਗੁਰੂ ਨਗਰ ਦੀ ਗਲੀ ਨੰਬਰ 4 ਵਿੱਚ ਰਹਿੰਦਾ ਸੀ। 5 ਅਕਤੂਬਰ 2022 ਦੀ ਰਾਤ ਨੂੰ ਦੇਸਰਾਜ ਆਪਣੀ ਪਤਨੀ ਦੀ ਲਾਸ਼ ਨੂੰ ਇੱਥੋਂ ਐਂਬੂਲੈਂਸ ਵਿੱਚ ਯੂਪੀ ਲੈ ਗਿਆ। ਉਥੇ ਉਸਨੇ ਲਾਸ਼ ਨੂੰ ਸਹੁਰੇ ਪਰਿਵਾਰ ਦੇ ਹਵਾਲੇ ਕਰਦੇ ਹੋਏ ਆਪਣੀ ਪਤਨੀ ਦੀ ਮੌਤ ਨੂੰ ਕੁਦਰਤੀ ਦੱਸਿਆ। ਪਰ ਦੇਸਰਾਜ ਦੇ ਸਹੁਰਿਆਂ ਨੂੰ ਸ਼ੱਕ ਸੀ। ਜਿਸ ਕਾਰਨ ਉਨ੍ਹਾਂ ਨੇ ਅਨੀਤਾ ਦਾ ਪੋਸਟਮਾਰਟਮ ਕਰਵਾਇਆ। ਉਸ ਸਮੇਂ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਸੀ ਅਤੇ ਪੋਸਟਮਾਰਟਮ ਦੀ ਰਿਪੋਰਟ ਦੀ ਉਡੀਕ ਕੀਤੀ ਗਈ। ਇਸੇ ਦੌਰਾਨ ਦੇਸਰਾਜ ਦੇ ਸਹੁਰਿਆਂ ਨੇ ਯੂਪੀ ਦੀ ਅਦਾਲਤ ਵਿੱਚ ਦਾਜ ਖਾਤਰ ਕਤਲ ਦਾ ਕੇਸ ਦਾਇਰ ਕੀਤਾ। ਲੰਬੀ ਕਾਨੂੰਨੀ ਪ੍ਰਕਿਰਿਆ ਚੱਲੀ। ਫਿਰ ਪੋਸਟਮਾਰਟਮ ਦੀ ਰਿਪੋਰਟ ਵੀ ਸਾਹਮਣੇ ਆਈ। ਜਿਸ ਵਿੱਚ ਪਤਾ ਲੱਗਾ ਕਿ ਅਨੀਤਾ ਦੀ ਮੌਤ ਗਲਾ ਘੁੱਟਣ ਕਾਰਨ ਹੋਈ ਹੈ। ਅਦਾਲਤ ਨੇ ਪੁਲਿਸ ਨੂੰ ਦਾਜ ਖਾਤਰ ਕਤਲ ਦਾ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ।

ਯੂਪੀ ਪੁਲਿਸ ਨੇ ਦਰਜ ਕੀਤੀ ਜ਼ੀਰੋ ਨੰਬਰ FIR


ਯੂਪੀ ਦੇ ਪਿਪਰਪੁਰ ਥਾਣੇ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ। ਅਦਾਲਤ ਦੇ ਹੁਕਮਾਂ ਤੋਂ ਬਾਅਦ ਦੇਸਰਾਜ ਖਿਲਾਫ  ਐਫਆਈਆਰ ਨੰਬਰ ਜ਼ੀਰੋ ਦਰਜ ਕੀਤੀ ਗਈ। ਕਿਉਂਕਿ ਇਹ ਕਤਲ ਲੁਧਿਆਣਾ ਪੁਲਿਸ ਦੀ ਹੱਦ ਅੰਦਰ ਹੋਇਆ। ਇਸ ਲਈ ਲੁਧਿਆਣਾ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਕਾਰਨ ਯੂਪੀ ਪੁਲਿਸ ਨੇ ਐਫਆਈਆਰ ਦਰਜ ਕਰਕੇ ਲੁਧਿਆਣਾ ਭੇਜ ਦਿੱਤੀ। ਹੁਣ ਸਾਹਨੇਵਾਲ ਥਾਣੇ ਵਿੱਚ ਵੱਖਰੇ ਤੌਰ ’ਤੇ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮ ਦੇਸਰਾਜ ਦੀ ਭਾਲ ਕੀਤੀ ਜਾ ਰਹੀ ਹੈ।

ਪੰਜਾਬ 'ਚ ਹੋਇਆ ਕਤਲ - ਡੀਐਸਪੀ ਅਮੇਠੀ

ਅਮੇਠੀ ਦੇ ਡੀਐਸਪੀ ਲਲਨ ਸਿੰਘ ਨੇ ਕਤਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਕਤਲ ਪੰਜਾਬ ਦੇ ਲੁਧਿਆਣਾ ਵਿੱਚ ਹੋਇਆ। ਇਸਤੋਂ ਬਾਅਦ ਮੁਲਜ਼ਮ ਦੇਸਰਾਜ ਐਂਬੂਲੈਂਸ ਵਿੱਚ ਲਾਸ਼ ਨੂੰ ਆਪਣੇ ਸਹੁਰੇ ਘਰ ਲੈ ਆਇਆ ਸੀ। ਇੱਥੇ ਅਨੀਤਾ ਦੇ ਪੇਕੇ ਪਰਿਵਾਰ ਨੇ ਉਸਦੀ ਮੌਤ 'ਤੇ ਸ਼ੱਕ ਪ੍ਰਗਟ ਕੀਤਾ ਸੀ। ਜਿਸ ਤੋਂ ਬਾਅਦ ਪੋਸਟਮਾਰਟਮ ਕਰਵਾਇਆ ਗਿਆ। ਅਦਾਲਤ ਵਿੱਚ ਵੀ ਕੇਸ ਚੱਲ ਰਿਹਾ ਹੈ। ਯੂਪੀ ਪੁਲਿਸ ਨੇ ਆਪਣੇ ਪੱਖ ਤੋਂ ਕਾਰਵਾਈ ਕਰਦੇ ਹੋਏ ਲੁਧਿਆਣਾ ਪੁਲਿਸ ਨੂੰ ਜ਼ੀਰੋ ਨੰਬਰ ਐਫਆਈਆਰ ਭੇਜ ਦਿੱਤੀ ਹੈ। ਲੁਧਿਆਣਾ ਪੁਲਿਸ ਨੂੰ ਹੋਰ ਵੀ ਸਹਿਯੋਗ ਦਿੱਤਾ ਜਾਵੇਗਾ।

ਪਹਿਲਾਂ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ - ਜਾਂਚ ਅਧਿਕਾਰੀ

ਥਾਣਾ ਸਾਹਨੇਵਾਲ ਵਿਖੇ ਦਰਜ ਕੇਸ ਦੀ ਜਾਂਚ ਕਰ ਰਹੇ ਏਐਸਆਈ ਰਾਮ ਮੂਰਤੀ ਨੇ ਦੱਸਿਆ ਕਿ ਇੱਕ ਸਾਲ ਪਹਿਲਾਂ ਅਨੀਤਾ ਦੀ ਮੌਤ ਸਬੰਧੀ ਕੋਈ ਸੂਚਨਾ ਜਾਂ ਸ਼ਿਕਾਇਤ ਸਬੰਧਤ ਥਾਣੇ ਨੂੰ ਨਹੀਂ ਦਿੱਤੀ ਗਈ ਸੀ। ਹੁਣ ਯੂਪੀ ਪੁਲਿਸ ਨੇ ਐਫਆਈਆਰ ਜ਼ੀਰੋ ਨੰਬਰ ਦਰਜ ਕਰਨ ਅਤੇ ਅਦਾਲਤ ਦੇ ਹੁਕਮਾਂ ਦੀ ਜਾਣਕਾਰੀ ਦਿੱਤੀ ਹੈ।  ਦੇਸਰਾਜ ਖ਼ਿਲਾਫ਼ ਕੇਸ ਦਰਜ ਕਰਕੇ ਉਸਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾਵੇਗੀ। ਗ੍ਰਿਫਤਾਰੀ ਤੋਂ ਬਾਅਦ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ