ਕਿਸ਼ੋਰਾਂ ਵਿੱਚ ਦਿਲ ਦੀਆਂ ਬਿਮਾਰੀਆਂ ਦੀ ਰੋਕਥਾਮ ਸਬੰਧੀ ਸਿਹਤਮੰਦ ਆਦਤਾਂ ਬਾਰੇ

ਦਿਲ ਦਾ ਦੌਰਾ ਕਿਸੇ ਵੀ ਉਮਰ ’ਚ ਪੈ ਸਕਦਾ ਹੈ ਅਤੇ ਇਸ ਬਿਮਾਰੀ ਨੇ ਨੌਜਵਾਨ, ਬੱਚੇ ਅਤੇ ਬਜ਼ੁਰਗ ਤੱਕ ਸਾਰਿਆਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ। ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਕਿਸ਼ੋਰਾਂ ਨੂੰ ਸਿਹਤਮੰਦ ਭੋਜਨ ਖਾਣ, ਨਿਯਮਤ ਕਸਰਤ ਕਰਨ ਅਤੇ ਤਣਾਅ ਨੂੰ ਦੂਰ ਰੱਖਣ ਦੇ ਤਰੀਕੇ ਲੱਭਣ ਸਮੇਤ ਆਪਣੇ ਦਿਲ ਦੀ ਸੰਭਾਲ ਕਰਨੀ […]

Share:

ਦਿਲ ਦਾ ਦੌਰਾ ਕਿਸੇ ਵੀ ਉਮਰ ’ਚ ਪੈ ਸਕਦਾ ਹੈ ਅਤੇ ਇਸ ਬਿਮਾਰੀ ਨੇ ਨੌਜਵਾਨ, ਬੱਚੇ ਅਤੇ ਬਜ਼ੁਰਗ ਤੱਕ ਸਾਰਿਆਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ। ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਕਿਸ਼ੋਰਾਂ ਨੂੰ ਸਿਹਤਮੰਦ ਭੋਜਨ ਖਾਣ, ਨਿਯਮਤ ਕਸਰਤ ਕਰਨ ਅਤੇ ਤਣਾਅ ਨੂੰ ਦੂਰ ਰੱਖਣ ਦੇ ਤਰੀਕੇ ਲੱਭਣ ਸਮੇਤ ਆਪਣੇ ਦਿਲ ਦੀ ਸੰਭਾਲ ਕਰਨੀ ਚਾਹੀਦੀ ਹੈ। ਖਾਣ-ਪੀਣ ਦੀਆਂ ਗਲਤ ਆਦਤਾਂ, ਨਿਯਮਤ ਸਰੀਰਕ ਗਤੀਵਿਧੀ ਦੀ ਘਾਟ, ਮਾਨਸਿਕ ਤਣਾਅ ਅਤੇ ਵੱਖ-ਵੱਖ ਰੂਪਾਂ ਵਿੱਚ ਤੰਬਾਕੂ ‘ਤੇ ਸਿਗਰਟਨੋਸ਼ੀ ਵਗੈਰਾ ਕਿਸ਼ੋਰਾਂ ਵਿੱਚ ਦਿਲ ਦੇ ਦੌਰੇ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਵਾਲੇ ਪ੍ਰਮੁੱਖ ਕਾਰਨ ਹਨ।

ਇਸ ਅਲਾਮਤ ਦੇ ਹੱਲ ਲਈ ਉਨ੍ਹਾਂ ਵਿੱਚ ਸਿਹਤਮੰਦ ਰਹਿਣ ਦੀ ਇੱਛਾ ਵਿਕਸਤ ਹੋਣੀ ਚਾਹੀਦੀ ਹੈ। ਸਾਨੂੰ ਆਪਣੇ ਬੱਚਿਆਂ ਨੂੰ ਅਮੀਰ ਹੋਣ ਦੀ ਬਜਾਏ ਸਿਹਤਮੰਦ ਰਹਿਣ ਦੀ ਮਹੱਤਤਾ ਸਿਖਾਉਣੀ ਚਾਹੀਦੀ ਹੈ। ਤੰਦਰੁਸਤ ਰਹਿਣ ਦੀ ਪਹਿਲੀ ਆਦਤ ਸਿਹਤਮੰਦ ਭੋਜਨ ਪਦਾਰਥਾਂ ਦੀ ਚੋਣ ਕਰਨਾ ਹੋਣੀ ਚਾਹੀਦੀ ਹੈ। ਇਹ ਚੋਂਣ ਦੀ ਆਦਤ ਬਚਪਨ ਤੋਂ ਹੀ ਪਾਉਣੀ ਚਾਹੀਦੀ ਹੈ ਕਿਉਂਕਿ ਕੋਲੈਸਟ੍ਰੋਲ ਜਮ੍ਹਾਂ ਹੋਣ ਦੀ ਪ੍ਰਕਿਰਿਆ ਜੀਵਨ ਦੇ ਪਹਿਲੇ ਦਹਾਕੇ ਵਿੱਚ ਹੀ ਸ਼ੁਰੂ ਹੁੰਦੀ ਹੈ। ਇਸ ਲਈ ਇਹ ਸੋਚਣਾ ਗਲਤ ਹੈ ਕਿ ਅੱਲ੍ਹੜ ਉਮਰ ਬੇਰੋਕ-ਟੋਕ ਖਾਣ-ਪੀਣ ਦੀ ਉਮਰ ਹੈ।

ਸਰੀਰਕ ਗਤੀਵਿਧੀ

ਦੂਜਾ, ਨਿਯਮਤ ਅਤੇ ਰੋਜ਼ਾਨਾ ਸਰੀਰਕ ਗਤੀਵਿਧੀ ਦੀ ਆਦਤ ਪਾਉਣਾ ਜਰੂਰੀ ਹੈ। ਕਸਰਤ ਕਰਨਾ ਦਿਲ ਦੀ ਬਿਮਾਰੀ ਤੋਂ ਬਚਣ ਦਾ ਸਭ ਤੋਂ ਵਧੀਆ ਅਤੇ ਪ੍ਰਭਾਵਸ਼ਾਲੀ ਤਰੀਕਾ ਹੈ। ਦਿਲ ਦੀ ਬਿਮਾਰੀ ਸਬੰਧੀ ਰੋਕਥਾਮ ਲਈ ਮੱਧਮ ਤੀਬਰਤਾ ਵਾਲੀ ਏਰੋਬਿਕ ਕਸਰਤ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਜਿਸ ਵਿੱਚ ਤੇਜ਼ ਸੈਰ ਕਰਨਾ, ਜੌਗਿੰਗ ਕਰਨਾ, ਤੈਰਾਕੀ ਕਰਨਾ ਜਾਂ ਗਰਾਉਂਡ ’ਚ ਜਾਕੇ ਖੇਡਾਂ ਖੇਡਣਾ ਸ਼ਾਮਲ ਹੈ। ਅਜਿਹਾ ਰੋਜ਼ਾਨਾ 30-40 ਮਿੰਟ ਅਤੇ ਹਫ਼ਤੇ ਵਿੱਚ 4-5 ਵਾਰ ਕਰਨਾ ਚਾਹੀਦਾ ਹੈ।

ਤਮਾਕੂਨੋਸ਼ੀ ਛੱਡਣਾ

ਅਗਲਾ ਮਹੱਤਵਪੂਰਨ ਰੋਕਥਾਮ ਕਰਨ ਵਾਲਾ ਕਦਮ ਹੈ ਸਿਗਰਟਨੋਸ਼ੀ ਤੋਂ ਬਚਣਾ ਜਾਂ ਛੱਡਣਾ। ਇਹ ਦੇਖਿਆ ਗਿਆ ਹੈ ਕਿ ਸਿਗਰਟਨੋਸ਼ੀ ਕਰਨ ਵਾਲਿਆਂ ਵਿੱਚ 90% ਨੌਜਵਾਨਾਂ ਵਿੱਚ ਦਿਲ ਦਾ ਦੌਰਾ ਪੈਂਦਾ ਹੈ। ਈ-ਸਿਗਰੇਟ ਸਮੇਤ ਕਿਸੇ ਵੀ ਤਰਾਂ ਦੀ ਸਿਗਰਟ ਪੀਣਾ ਬੁਰਾ ਹੈ। ਇਸ ਲਈ ਇਸ ਬੁਰੀ ਆਦਤ ਨੂੰ ਜਿੰਨਾ ਸੰਭਵ ਹੋ ਸਕੇ ਛੱਡਿਆ ਜਾਣਾ ਚਾਹੀਦਾ ਹੈ।

ਮਾਨਸਿਕ ਤਣਾਅ ਤੋਂ ਬਚਾਵ

ਅੰਤ ਵਿੱਚ ਮਾਨਸਿਕ ਤਣਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਾਰਡੀਓਲੋਜਿਸਟ ਦੇ ਨਜ਼ਰੀਏ ਤੋਂ ਤਣਾਅ ਵਿੱਚ ਰਹਿਕੇ ਪਹਿਲੇ ਨੰਬਰ ’ਤੇ ਆਉਣ ਨਾਲੋਂ ਦੂਜੇ ਨੰਬਰ ’ਤੇ ਆਕੇ ਖੁਸ਼ ਹੋਣਾ ਬਿਹਤਰ ਹੈ। ਸਭ ਤੋਂ ਜਰੂਰੀ ਆਪਣੇ ਬੱਚਿਆਂ ਨੂੰ ਸੰਪੂਰਨ ਜੀਵਨ ਦੀ ਬਜਾਏ ਸੰਤੁਲਿਤ ਜੀਵਨ ਜਿਊਣ ਦਾ ਮਹੱਤਵ ਸਿਖਾਉਣਾ ਹੈ।