Pakistan 'ਚ ਸ਼ੁਰੂ ਹੋਈ ਵੋਟਿੰਗ,12.8 ਕਰੋੜ ਵੋਟਰ ਬੈਲਟ ਪੇਪਰ ਰਾਹੀਂ ਪਾਉਣਗੇ ਵੋਟ

ਦੇਰ ਰਾਤ ਤੱਕ ਨਤੀਜੇ ਸਾਹਮਣੇ ਆ ਸਕਦੇ ਹਨ। ਚੋਣ ਕਮਿਸ਼ਨ 9 ਫਰਵਰੀ ਨੂੰ ਅਧਿਕਾਰਤ ਤੌਰ 'ਤੇ ਨਤੀਜਿਆਂ ਦਾ ਐਲਾਨ ਕਰ ਸਕਦਾ ਹੈ। Pakistan ਦੀ ਨੈਸ਼ਨਲ ਅਸੈਂਬਲੀ ਵਿੱਚ ਕੁੱਲ 336 ਸੀਟਾਂ ਹਨ। ਇਨ੍ਹਾਂ 'ਚੋਂ 266 ਸੀਟਾਂ 'ਤੇ ਚੋਣਾਂ ਹੋ ਰਹੀਆਂ ਹਨ, ਜਦਕਿ 70 ਸੀਟਾਂ ਰਾਖਵੀਆਂ ਹਨ

Share:

Pakistan ਵਿੱਚ ਅੱਜ ਨੈਸ਼ਨਲ ਅਸੈਂਬਲੀ ਅਤੇ ਸੂਬਾਈ ਚੋਣਾਂ ਦੀ ਵੋਟਿੰਗ ਸ਼ੁਰੂ ਹੋ ਗਈ ਹੈ। ਇਹ ਵੋਟਿੰਹ ਭਾਰਤੀ ਸਮੇਂ ਮੁਤਾਬਕ ਸਵੇਰੇ 8:30 ਵਜੇ ਸ਼ੁਰੂ ਹੋਈ ਹੈ ਜੋ ਕਿ ਸ਼ਾਮ 5:30 ਵਜੇ ਤੱਕ ਜਾਰੀ ਰਹੇਗੀ। ਕਾਬਿਲੇ ਗੌਰ ਹੈ ਕਿ Pakistan ਵਿੱਚ 24 ਕਰੋੜ ਤੋਂ ਵੱਧ ਲੋਕ ਰਹਿੰਦੇ ਹਨ ਅਤੇ ਇਸ ਸਾਲ ਦੇਸ਼ ਵਿੱਚ ਕਰੀਬ 12.8 ਕਰੋੜ ਵੋਟਰ ਹਨ ਜੋ ਬੈਲਟ ਪੇਪਰ ਰਾਹੀਂ ਆਪਣੀ ਵੋਟ ਪਾਉਣਗੇ।

ਮੋਬਾਈਲ ਸੇਵਾਵਾਂ ਬੰਦ

ਚੋਣਾਂ ਨੂੰ ਲੈ ਕੇ Pakistan ਸਰਕਾਰ ਨੇ ਪੂਰੇ ਦੇਸ਼ ਵਿੱਚ ਮੋਬਾਈਲ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਕਰਾਚੀ, ਲਾਹੌਰ ਅਤੇ ਪੇਸ਼ਾਵਰ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਮੋਬਾਈਲ ਫੋਨ ਸੇਵਾਵਾਂ ਵਿੱਚ ਵਿਘਨ ਪੈਣ ਦੀ ਸੂਚਨਾ ਹੈ। ਸਰਕਾਰ ਦਾ ਕਹਿਣਾ ਹੈ ਕਿ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ, ਦੇਸ਼ ਭਰ ਵਿੱਚ ਮੋਬਾਈਲ ਸੇਵਾਵਾਂ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਸਰਹੱਦਾਂ ਕੀਤੀਆਂ ਬੰਦ

Pakistan ਨੇ ਸ਼ਾਂਤੀਪੂਰਨ ਵੋਟਿੰਗ ਨੂੰ ਯਕੀਨੀ ਬਣਾਉਣ ਲਈ ਗੁਆਂਢੀ ਦੇਸ਼ਾਂ ਅਫਗਾਨਿਸਤਾਨ ਅਤੇ ਈਰਾਨ ਨਾਲ ਲੱਗਦੀਆਂ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਹਨ। ਸਰਹੱਦ 9 ਫਰਵਰੀ ਨੂੰ ਖੋਲ੍ਹ ਦਿੱਤੀ ਜਾਵੇਗੀ। ਇਹ ਫੈਸਲਾ 7 ਫਰਵਰੀ ਨੂੰ ਹੋਏ ਦੋਹਰੇ ਧਮਾਕਿਆਂ ਤੋਂ ਬਾਅਦ ਲਿਆ ਗਿਆ ਸੀ। ਵਿਦੇਸ਼ ਮੰਤਰਾਲੇ ਦੀ ਬੁਲਾਰਾ ਮੁਮਤਾਜ਼ ਜ਼ਾਹਰਾ ਬਲੋਚ ਨੇ ਇਹ ਜਾਣਕਾਰੀ ਦਿੱਤੀ।

ਇਮਰਾਨ ਖਾਨ ਨੇ ਜੇਲ ਤੋਂ ਵੋਟ ਪਾਈ

ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪੋਸਟਲ ਬੈਲਟ ਰਾਹੀਂ ਆਪਣੀ ਵੋਟ ਪਾਈ ਹੈ। ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਵੋਟ ਨਹੀਂ ਪਾ ਸਕੀ। ਇਸਦੇ ਨਾਲ ਹੀ ਹੋਰ ਜੇਲ੍ਹ ਵਿੱਚ ਬੰਦ ਸਿਆਸਤਦਾਨਾਂ ਨੇ ਅਡਿਆਲਾ ਜੇਲ੍ਹ ਤੋਂ ਪੋਸਟਲ ਬੈਲਟ ਰਾਹੀਂ ਆਪਣੀ ਵੋਟ ਪਾਈ। ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਪਰਵੇਜ਼ ਇਲਾਹੀ, ਅਵਾਮੀ ਮੁਸਲਿਮ ਲੀਗ ਦੇ ਮੁਖੀ ਸ਼ੇਖ ਰਸ਼ੀਦ ਅਤੇ ਸਾਬਕਾ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਡਾਕ ਰਾਹੀਂ ਆਪਣੀ ਵੋਟ ਪਾਈ। ਉੱਥੇ ਦੂਜੇ ਪਾਸੇ ਕਰਾਚੀ ਦੇ ਕਈ ਪੋਲਿੰਗ ਬੂਥਾਂ 'ਤੇ ਇਕ ਘੰਟੇ ਬਾਅਦ ਵੀ ਵੋਟਿੰਗ ਸ਼ੁਰੂ ਨਹੀਂ ਹੋ ਸਕੀ।

ਇਹ ਵੀ ਪੜ੍ਹੋ