UK ਸਰਕਾਰ ਹੋਈ ਸਖ਼ਤ, ਸਟੱਡੀ ਵੀਜ਼ੇ ਦੇ ਨਵੇਂ ਨਿਯਮ ਕੀਤੇ ਲਾਗੂ 

ਨਵੇਂ ਨਿਯਮ ਬਣਾਉਣ ਨਾਲ ਵਿਦਿਆਰਥੀਆਂ ਲਈ ਯੂਕੇ ਜਾਣਾ ਔਖਾ ਹੋਵੇਗਾ। ਡੇਢ ਲੱਖ ਦੇ ਕਰੀਬ ਘੱਟ ਲੋਕ ਯੂਕੇ ਜਾ ਸਕਣਗੇ। ਗਲਤ ਤਰੀਕੇ ਨਾਲ ਸਟੱਡੀ ਦੇ ਨਾਲ ਨਾਲ ਕੰਮ ਕਰਨ ਵਾਲਿਆਂ ਨੂੰ ਵੀ ਮੁਸ਼ਕਲ ਹੋਵੇਗੀ। 

Share:

ਬਰਤਾਨੀਆ ਵੱਲੋਂ ਸਖਤ ਕੌਮਾਂਤਰੀ ਵਿਦਿਆਰਥੀ ਵੀਜ਼ਾ ਨਿਯਮ ਲਾਗੂ ਕਰ ਦਿੱਤੇ ਗਏ ਹਨ। ਇਸ ਤਹਿਤ ਹੁਣ ਬਰਤਾਨਵੀ ਯੂਨੀਵਰਸਿਟੀਆਂ ’ਚ ਪੜ੍ਹਾਈ ਸ਼ੁਰੂ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਸਮੇਤ ਕੌਮਾਂਤਰੀ ਵਿਦਿਆਰਥੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਾਲ ਨਹੀਂ ਲਿਆ ਸਕਣਗੇ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਬਰਤਾਨੀਆ ਦੇ ਗ੍ਰਹਿ ਵਿਭਾਗ ਦੇ ਦਫਤਰ ਨੇ ਕਿਹਾ ਕਿ ਇਨ੍ਹਾਂ ਤਬਦੀਲੀਆਂ ਦਾ ਮਕਸਦ ਬਰਤਾਨੀਆ ਵਿੱਚ ਕੰਮ ਕਰਨ ਲਈ ਪਿਛਲੇ ਦਰਵਾਜ਼ੇ ਵਜੋਂ ਵਿਦਿਆਰਥੀ ਵੀਜ਼ੇ ਦੀ ਵਰਤੋਂ ਕਰਨ ਵਾਲੇ ਲੋਕਾਂ ਉਤੇ ਰੋਕ ਲਾਉਣੀ ਹੈ। ਅਨੁਮਾਨ ਹੈ ਕਿ ਡੇਢ ਲੱਖ ਘੱਟ ਲੋਕ ਯੂਕੇ ਜਾ ਸਕਣਗੇ। ਇਨ੍ਹਾਂ ਨਿਯਮਾਂ ਦਾ ਐਲਾਨ ਸਾਬਕਾ ਗ੍ਰਹਿ ਸਕੱਤਰ ਸੁਏਲਾ ਬਰੇਵਰਮੈਨ ਨੇ ਪਿਛਲੇ ਸਾਲ ਮਈ ’ਚ ਕੀਤਾ ਸੀ, ਜੋ ਹੁਣ ਲਾਗੂ ਹੋ ਗਏ ਹਨ।

ਪਿਛਲੇ ਸਾਲ ਡੇਢ ਲੱਖ ਤੋਂ ਵੱਧ ਵੀਜ਼ੇ ਜਾਰੀ 

ਬਰਤਾਨੀਆ ਦੇ ਕੌਮੀ ਅੰਕੜਾ ਦਫ਼ਤਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਤੰਬਰ 2023 ਦੇ ਅਖੀਰ ਤੱਕ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਲਈ 1,52,980 ਵੀਜ਼ੇ ਜਾਰੀ ਕੀਤੇ ਗਏ ਹਨ ਜਦਕਿ ਸਤੰਬਰ 2019 ਦੇ ਅਖੀਰ ਤੱਕ ਇਨ੍ਹਾਂ ਵੀਜ਼ਿਆਂ ਦੀ ਗਿਣਤੀ ਸਿਰਫ਼ 14,839 ਸੀ। ਗ੍ਰਹਿ ਸਕੱਤਰ ਜੇਸਮ ਕਲੈਵਰਲੀ ਨੇ ਦੱਸਿਆ ਕਿ ਵਿਦਿਆਰਥੀ ਵੀਜ਼ੇ ਦੀ ਵਰਤੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਇੱਥੇ ਲਿਆਉਣ ਲਈ ਕੀਤੀ ਜਾ ਰਹੀ ਹੈ ਜਿਸ ਕਾਰਨ ਇੱਥੇ ਪਰਵਾਸੀਆਂ ਦੀ ਗਿਣਤੀ 2019 ਮਗਰੋਂ 930 ਫੀਸਦੀ ਤੱਕ ਵਧ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਇਸ ਯੋਜਨਾ ਦਾ ਵੱਡਾ ਹਿੱਸਾ ਅਮਲ ’ਚ ਲਿਆਂਦਾ ਗਿਆ ਹੈ ਜਿਸ ਨਾਲ ਕੌਮਾਂਤਰੀ ਵਿਦਿਆਰਥੀਆਂ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਬਰਤਾਨੀਆ ਲਿਆਉਣ ਦੀ ਪ੍ਰਕਿਰਿਆ ’ਤੇ ਠੱਲ੍ਹ ਪਵੇਗੀ।

ਇਹ ਵੀ ਪੜ੍ਹੋ