ਨਿਊਜੀਲੈਂਡ 'ਚ ਕਤਲ ਹੋਏ ਪੰਜਾਬੀ ਨੌਜਵਾਨ ਦੀ ਲਾਸ਼ ਘਰ ਪੁੱਜੀ, ਰੋ ਪਿਆ ਪੂਰਾ ਪਿੰਡ 

8 ਦਿਨ ਪਹਿਲਾਂ ਵਿਦੇਸ਼ੀ ਧਰਤੀ ਉਪਰ ਦੋ ਗੋਰਿਆਂ ਨੇ ਰਮਨਦੀਪ ਸਿੰਘ ਦਾ ਕਤਲ ਕਰ ਦਿੱਤਾ ਸੀ। ਸ਼ਰਾਬ ਦੇ ਨਸ਼ੇ ਵਿੱਚ ਟੱਲੀ ਵਿਦੇਸ਼ੀ ਨਾਗਰਿਕਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

Share:

ਸੁਨਿਹਰੇ ਭਵਿੱਖ ਲਈ ਵਿਦੇਸ਼ ਗਏ ਨੌਜਵਾਨਾਂ ਦੇ ਨਾਲ ਦਰਦਨਾਕ ਹਾਦਸੇ ਵਾਪਰ ਰਹੇ ਹਨ ਤੇ ਕੀਮਤੀ ਜਾਨਾਂ ਜਾ ਰਹੀਆਂ ਹਨ। ਅਜਿਹੀ ਹੀ ਇੱਕ ਘਟਨਾ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਨਿਊਜ਼ੀਲੈਂਡ ਗਏ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਨਿਊਜ਼ੀਲੈਂਡ ਵਿੱਚ ਮਾਰੇ ਗਏ ਰਮਨਦੀਪ ਸਿੰਘ ਦੀ ਮ੍ਰਿਤਕ ਦੇਹ ਸੋਮਵਾਰ ਨੂੰ ਉਨ੍ਹਾਂ ਦੇ ਪਿੰਡ ਕੋਟਲੀ ਸ਼ਾਹਪੁਰ ਪੁੱਜੀ। ਪਰਿਵਾਰ ਵੱਲੋਂ ਅੰਤਿਮ ਸਸਕਾਰ ਕੀਤਾ ਗਿਆ। 

ਪਰਿਵਾਰ ਨੇ ਮੰਗਿਆ ਇਨਸਾਫ 

ਜਾਣਕਾਰੀ ਅਨੁਸਾਰ ਮ੍ਰਿਤਕ ਰਮਨਦੀਪ 5 ਸਾਲ ਪਹਿਲਾਂ ਨਿਊਜ਼ੀਲੈਂਡ ਗਿਆ ਸੀ ਜਿੱਥੇ ਸ਼ਰਾਬ ਦੇ ਨਸ਼ੇ ਵਿੱਚ ਦੋ ਗੋਰਿਆਂ ਨੇ  ਉਸਦਾ ਕਤਲ ਕਰ ਦਿੱਤਾ ਸੀ। ਵਿਦੇਸ਼ ਤੋਂ ਆਏ ਆਪਣੇ ਬੇਟੇ ਦੀ ਮ੍ਰਿਤਕ ਦੇਹ ਨੂੰ ਦੇਖ ਕੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਅੰਤਿਮ ਸੰਸਕਾਰ ਮੌਕੇ ਹਰ ਅੱਖ ਨਮ ਸੀ। ਇਸ ਦੌਰਾਨ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ। ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਵਿੱਚ ਹੀ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਨਾ ਜਾਣਾ ਪਵੇ। 

ਫੜੇ ਗਏ ਕਾਤਲ 

ਮ੍ਰਿਤਕ ਰਮਨਦੀਪ ਦੇ ਪਿਤਾ ਧੰਨਾ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ 12ਵੀਂ ਪਾਸ ਕਰਕੇ 2018 ਵਿੱਚ ਨਿਊਜ਼ੀਲੈਂਡ ਗਿਆ ਸੀ। ਉਹ ਉੱਥੇ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ।ਇੱਕ ਪਾਰਕ ਵਿੱਚ ਡਿਊਟੀ ਸੀ। 8 ਦਿਨ ਪਹਿਲਾਂ ਉਸਦੇ ਬੇਟੇ ਦੇ ਦੋਸਤਾਂ ਦਾ ਫੋਨ ਆਇਆ ਕਿ ਉਨ੍ਹਾਂ ਦੇ ਬੇਟੇ ਦਾ ਡਿਊਟੀ ਦੌਰਾਨ ਕਤਲ ਕਰ ਦਿੱਤਾ ਗਿਆ। ਦੋਸਤਾਂ ਨੇ ਦੱਸਿਆ ਕਿ ਰਮਨਦੀਪ ਪਾਰਕ ਬੰਦ ਕਰਕੇ ਜਾਣ ਲੱਗਾ ਸੀ ਪਰ ਉਥੇ ਦੋ ਗੋਰੇ ਸ਼ਰਾਬ ਪੀ ਰਹੇ ਸਨ। ਜਦੋਂ ਉਸਨੇ ਗੋਰਿਆਂ ਨੂੰ ਬਾਹਰ ਜਾਣ ਲਈ ਕਿਹਾ ਤਾਂ  ਗੁੱਸੇ ਵਿੱਚ ਆ ਕੇ ਉਸਦੇ ਬੇਟੇ ਦਾ ਕਤਲ ਕਰ ਦਿੱਤਾ ਗਿਆ ਫਿਲਹਾਲ ਨਿਊਜੀਲੈਂਡ ਪੁਲਸ ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ