ਅਮਰੀਕਾ 'ਚ 2 ਲੱਖ ਭਾਰਤੀਆਂ ਦਾ OVER STAY ਸਮਾਪਤ, ਕਦੇ ਵੀ ਹੋ ਸਕਦੇ ਹਨ ਡਿਪੋਰਟ 

ਇਨ੍ਹਾਂ ਨੌਜਵਾਨਾਂ ’ਚ ਜੋ ਖ਼ੁਦ ਭਾਰਤ ਨਹੀਂ ਪਰਤਣਗੇ, ਉਨ੍ਹਾਂ ਨੂੰ ਸਮੁੰਦਰੀ ਜਹਾਜ਼ ਰਾਹੀਂ ਵਾਪਸ ਭੇਜਿਆ ਜਾਵੇਗਾ ਤੇ ਜਿਹੜੇ ਅਪਣੇ ਦੇਸ਼ ਤੋਂ ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ ਪੁੱਜੇ ਹਨ, ਉਨ੍ਹਾਂ ਨੂੰ ਉਥੇ ਹੀ ਛੱਡਿਆ ਜਾਵੇਗਾ।

Courtesy: file photo

Share:

ਅਮਰੀਕਾ ’ਚ ਗ਼ੈਰ ਕਾਨੂੰਨੀ ਢੰਗ ਨਾਲ ਦਾਖ਼ਲ ਹੋਏ ਡੇਢ ਤੋਂ ਦੋ ਲੱਖ ਭਾਰਤੀਆਂ ਦਾ ਓਵਰ ਸਟੇਅ ਸਮਾਪਤ ਹੋ ਚੁੱਕਿਆ ਹੈ। ਉਨ੍ਹਾਂ ਕੋਲ ਦਸਤਾਵੇਜ਼ ਨਹੀਂ ਹਨ। ਇੱਕ ਏਜੰਸੀ ਨੇ ਓਵਰ ਸਟੇਅ ਭਾਰਤੀਆਂ ਦਾ ਅੰਕੜਾ ਅਮਰੀਕਾ ਸਰਕਾਰ ਨੂੰ ਸੌਂਪਿਆ ਹੈ। ਅਜਿਹੇ ’ਚ ਲੋਕਾਂ ਦੇ ਫ਼ਿੰਗਰ ਪ੍ਰਿੰਟ ਲਏ ਜਾ ਚੁਕੇ ਹਨ। ਆਉਣ ਵਾਲੇ ਚਾਰ ਸਾਲਾਂ ’ਚ ਇਨ੍ਹਾਂ ਭਾਰਤੀਆਂ ਦਾ ਡਿਪੋਰਟ ਕੀਤਾ ਜਾਣਾ ਤੈਅ ਹੈ। ਕਈ ਲੋਕ ਇਸ ਡਰ ਤੋਂ ਖ਼ੁਦ ਹੀ ਅਮਰੀਕਾ ਛੱਡ ਕੇ ਭਾਰਤ ਪਰਤ ਰਹੇ ਹਨ।’ ਇਸ ਡਰਾਵਨੇ ਮਾਹੌਲ ’ਚ ਸਥਾਨਕ ਐਨਆਰਆਈ ਸਭਾ ਵਲੋਂ ਕਰਵਾਈ ਦੋ ਰੋਜ਼ਾ ਗਲੋਬਲ ਮਾਈਗ੍ਰੇਸ਼ਨ ਰਾਸ਼ਟਰੀ ਸੈਮੀਨਾਰ ’ਚ ਵਿਚਾਰ ਪੇਸ਼ ਕੀਤੇ ਗਏ।

ਕਈ ਭਾਰਤੀ ਟੈਕੋਮਾ ਜੇਲ ’ਚ ਬੰਦ

‘ਸਿੱਖ ਸੈਂਟਰ ਆਫ਼ ਸੀਏਟਲ’ ਦੇ ਸਾਬਕਾ ਚੇਅਰਮੈਨ ਤੇ ਆਊਟ ਰੀਚ ਕੰਸਲਟੈਂਟ ਹਰਜਿੰਦਰ ਸਿੰਘ ਸੰਧਾ ਨੇ ਦੱਸਿਆ ਕਿ ਬਿਨਾਂ ਦਸਤਾਵੇਜ਼ ਦੇ ਕਈ ਭਾਰਤੀ ਟੈਕੋਮਾ ਜੇਲ ’ਚ ਬੰਦ ਹਨ। ਜੋ ਆਈ.ਟੀ ਕੰਪਨੀਆਂ ’ਚ ਕੰਮ ਕਰਨ ਜਾਂ ਬਿਜ਼ਨਸ ਕਰਨ ਅਮਰੀਕਾ ਪੁੱਜੇ ਸਨ ਤੇ ਉਨ੍ਹਾਂ ਦਾ ਓਵਰ ਸਟੇਅ ਸਮਾਪਤ ਹੋ ਚੁਕਿਆ ਹੈ। ਇਨ੍ਹਾਂ ਨੌਜਵਾਨਾਂ ’ਚ ਜੋ ਖ਼ੁਦ ਭਾਰਤ ਨਹੀਂ ਪਰਤਣਗੇ, ਉਨ੍ਹਾਂ ਨੂੰ ਸਮੁੰਦਰੀ ਜਹਾਜ਼ ਰਾਹੀਂ ਵਾਪਸ ਭੇਜਿਆ ਜਾਵੇਗਾ ਤੇ ਜਿਹੜੇ ਅਪਣੇ ਦੇਸ਼ ਤੋਂ ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ ਪੁੱਜੇ ਹਨ, ਉਨ੍ਹਾਂ ਨੂੰ ਉਥੇ ਹੀ ਛੱਡਿਆ ਜਾਵੇਗਾ। ਸਾਬਕਾ ਡੀ.ਆਈ.ਜੀ ਗੁਰਪ੍ਰੀਤ ਸਿੰਘ ਤੂਰ ਨੇ ਤੱਥਾਤਮਕ ਢੰਗ ਨਾਲ ਅਪਣੀ ਗੱਲ ਰੱਖਦੇ ਹੋਏ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਰਾਜਨੀਤਿਕ ਸਿਸਟਮ ਗਵਰਨੈਂਸ ਦੀ ਕਮੀ, ਖੇਤੀਬਾੜੀ ਸੰਕਟ, ਮਾਪਿਆਂ ’ਚ ਨਸ਼ੇ ਤੇ ਬੁਰੀ ਸੰਗਤ ਦੇ ਡਰ, ਦਿਖਾਵਾ, ਅਨਿਸ਼ਚਿਤ ਭਵਿੱਖ ਦੀ ਸ਼ੰਕਾ ਨੂੰ ਪੰਜਾਬ ਤੋਂ ਭਾਰੀ ਪ੍ਰਵਾਸ ਦੇ ਕਾਰਨ ਦਸੇ ਹਨ। ਉਨ੍ਹਾਂ ਕਿਹਾ ਕਿ ਨਾਜਾਇਜ਼ ਪ੍ਰਵਾਸ ਨੂੰ ਤੇਜ਼ ਗਤੀ ਦੇਣ ’ਚ ਲਿਬਰਲ ਮਾਈਗ੍ਰੇਸ਼ਨ ਪਾਲਿਸੀ, ਨਸ਼ਾ, ਝੂਠਾ ਵੀਜ਼ਾ ਤੇ ਗ਼ੈਰ-ਕਾਨੂੰਨੀ ਟਰੈਵਲ ਏਜੰਟਾਂ ਦੀ ਵੱਡੀ ਭੂਮਿਕਾ ਹੈ। 

ਇਟਲੀ ’ਚ ਪੰਜਾਬੀਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ

ਟੋਰਾਂਟੋ ਤੋਂ ਆਏ ਡਾ. ਜਗੀਰ ਸਿੰਘ ਕਾਹਲੋਂ ਨੇ ਕਿਹਾ ਕਿ ਪੰਜਾਬ ’ਚ ਰੁਜ਼ਗਾਰ ਨਾ ਮਿਲਣ ਕਾਰਨ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵੱਲ ਰੁਖ਼ ਕਰ ਰਹੇ ਹਨ। ਨੌਜਵਾਨਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣੇ ਚਾਹੀਦੇ ਹਨ। ਉਨ੍ਹਾਂ ਨੂੰ ਉੱਥੇ ਕੁਆਲਿਟੀ ਲਾਈਫ਼ ਦੇ ਨਾਲ-ਨਾਲ ਕੰਮ ਮਿਲ ਜਾਂਦਾ ਹੈ। ਉਹ ਉਸ ਕਲਚਰ ’ਚ ਖ਼ੁਦ ਨੂੰ ਢਾਲ ਲੈਂਦੇ ਹੈ। ਇਸ ਕਾਰਨ ਉਹ ਪੰਜਾਬ ਵਾਪਸ ਪਰਤਨਾ ਮੁਨਾਸਬ ਨਹੀਂ ਸਮਝਦੇ। ਉਕਤ ਵਿਚਾਰ ਟੋਰਾਂਟੋ ਤੋਂ ਆਏ ਡਾ. ਜਗੀਰ ਸਿੰਘ ਕਾਹਲੋਂ ਨੇ ਐਨਆਰਆਈ ਸਭਾ ਪੰਜਾਬ ਵਲੋਂ ਦੋ ਰੋਜ਼ਾ ਗਲੋਬਲ ਮਾਈਗ੍ਰੇਸ਼ਨ ਸੈਮੀਨਾਰ ਦੇ ਦੂਜੇ ਦਿਨ ਇੱਕ ਬੁਲਾਰੇ ਵਜੋਂ ਪ੍ਰਗਟ ਕੀਤੇ। ਯੂਰਪੀਅਨ ਯੂਨੀਵਰਸਿਟੀ ਇੰਸਟੀਚਿਊਟ, ਇਟਲੀ ਤੋਂ ਅਨਮੇਰੀਆ ਲਾਦਿਨੀ ਨੇ ਕਿਹਾ ਕਿ ਇਟਲੀ ’ਚ ਪੰਜਾਬੀਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਇਟਲੀ ਵਰਗੇ ਦੇਸ਼ਾਂ ’ਚ ਮਰਦਾਂ ਦੇ ਨਾਲ-ਨਾਲ ਔਰਤਾਂ ਦੀ ਦਰ ਵੀ ਵਧਣੀ ਸ਼ੁਰੂ ਹੋ ਗਈ ਹੈ। ਇਟਲੀ ’ਚ 58 ਫ਼ੀਸਦੀ ਪੁਰਸ਼ ਤੇ 42 ਫ਼ੀਸਦੀ ਔਰਤਾਂ ਹਨ।

ਪੰਜਾਬ ਆਰਥਿਕ-ਸਮਾਜਿਕ ਸੰਕਟ ’ਚ ਫਸਿਆ

ਡਾ. ਜਗੀਰ ਲਾਲ ਦੱਸਦੇ ਹਨ ਕਿ ਪੰਜਾਬ ਆਰਥਿਕ-ਸਮਾਜਿਕ ਸੰਕਟ ’ਚ ਫਸ ਗਿਆ ਹੈ। ਗ਼ੈਰ ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ’ਤੇ ਰੋਕ ਲੱਗਣੀ ਚਾਹੀਦੀ ਹੈ। ਗ਼ੈਰ ਕਨੂੰਨੂੀ ਢੰਗ ਨਾਲ ਜਾਣ ’ਤੇ ਬੱਚੇ ਮਾਪਿਆਂ ’ਤੇ ਲੱਖਾਂ ਰੁਪਏ ਦੇ ਕਰਜ਼ੇ ਦਾ ਬੋਝ ਪਾ ਰਹੇ ਹਨ। ਉਹ ਖੇਤੀਬਾੜੀ ਕਰਨ ਦੀ ਬਜਾਏ ਜ਼ਮੀਨ ਵੇਚ ਰਹੇ ਹਨ। ਪੰਜਾਬ ’ਚ ਆਰਥਿਕ ਮਾਡਲ ਤਿਆਰ ਕਰਨਾ ਚਾਹੀਦਾ ਹੈ, ਜਿਸ ਨਾਲ ਨੌਜਵਾਨਾਂ ਨੂੰ ਆਪਣੇ ਪੰਜਾਬ ਨਾਲ ਪਿਆਰ ਹੋਵੇ। ਸਾਬਕਾ ਆਈਏਐੱਸ ਕਾਹਨ ਸਿੰਘ ਪੰਨੂ ਦੱਸਦੇ ਹਨ ਕਿ ਹਿਜਰਤ ਸਦੀਆਂ ਤੋਂ ਚੱਲੀ ਆ ਰਹੀ ਹੈ। ਹਿਜਰਤ ਨੂੰ ਰੈਗੁਲੇਟ ਕਰਨਾ ਸਮੇਂ ਦੀ ਲੋੜ ਹੈ। ਹੁਣ ਹਿਜਰਤ ਦਾ ਮਾਮਲਾ ਸਿਰਫ ਸੂਬੇ ਦਾ ਨਹੀਂ ਬਲਕਿ ਦੇਸ਼ ਦਾ ਬਣ ਗਿਆ ਹੈ। ਕੁਆਲਿਟੀ ਲਾਈਫ਼ ਲਈ ਕੋਈ ਸਰਕਾਰ ਕਦਮ ਨਹੀਂ ਚੁੱਕ ਰਹੀ ਹੈ, ਜਿਸ ਕਾਰਨ ਨੌਜਵਾਨ ਵਿਦੇਸ਼ ਦਾ ਰੁਖ ਕਰਦੇ ਹਨ। ਇਸ ’ਤੇ ਵਿਚਾਰ ਕਰਨ ਦੀ ਲੋੜ ਹੈ। ਦੁਆਬਾ ’ਚ 15 ਸਾਲ ਪਹਿਲਾਂ ਪਿੰਡ ਖਾਲੀ ਹੋਣੇ ਸ਼ੁਰੂ ਹੋ ਗਏ ਸਨ। ਪੀਏਯੂ ਲੁਧਿਆਣਾ ਦੀ ਪ੍ਰੋ. ਅਤਿੰਦਰਪਾਲ ਕੌਰ ਨੇ ਪ੍ਰਵਾਸ ਨੂੰ ਉਤਸ਼ਾਹਤ ਕਰਨ ਲਈ ਇੰਟਰਨੈੱਟ ਮੀਡੀਆ ਦੀ ਵਰਤੋਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਵਿਦੇਸ਼ ਗਏ ਲੋਕ ਆਪਣੀ ਲਗਜ਼ਰੀ ਜ਼ਿੰਦਗੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਪੋਸਟ ਕਰਦੇ ਹਨ, ਜੋ ਆਲੇ-ਦੁਆਲੇ ਦੇ ਲੋਕਾਂ ਨੂੰ ਲੁਭਾਉਂਦੀਆਂ ਹਨ ਤੇ ਉਹ ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਜਿਊਣ ਨੂੰ ਆਪਣਾ ਟੀਚਾ ਵੀ ਬਣਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਦੋਆਬਾ ’ਚ ਪਰਵਾਸ ਸ਼ੁਰੂ ਹੋ ਗਿਆ ਸੀ। ਹੁਣ ਮਾਝਾ ਤੇ ਮਾਲਵਾ ’ਚ ਵੀ ਪ੍ਰਵਾਸ ਦੀ ਦਰ ਵਧ ਗਈ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਮਾਨਸਿਕਤਾ ਨੂੰ ਬਦਲਣ ਦੀ ਲੋੜ ਹੈ। ਉਨ੍ਹਾਂ ਨੂੰ ਯੋਗਤਾ ਦੇ ਆਧਾਰ ’ਤੇ ਕਾਨੂੰਨੀ ਤੌਰ ’ਤੇ ਪਰਵਾਸ ਕਰਨਾ ਚਾਹੀਦਾ ਹੈ, ਜਦਕਿ ਆਪਣੀਆਂ ਸੀਮਾਵਾਂ ਅੰਦਰ ਰਹਿ ਕੇ ਕੰਮ ਤੇ ਸਿਖਿਆ ’ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ