ਜ਼ਿੰਦਗੀ ਦੀ ਭੀਖ ਮੰਗ ਰਿਹਾ ਮੁੰਬਈ ਹਮਲੇ ਦਾ ਸਾਜਿਸ਼ਕਰਤਾ, ਦੇਖੋ ਕੀ ਹੋਇਆ ਹਾਲ

ਲਸ਼ਕਰ-ਏ-ਤੋਇਬਾ ਦੇ ਇਸ ਅੱਤਵਾਦੀ ਆਗੂ ਨੂੰ ਪਾਕਿਸਤਾਨ ਦੇ ਇੱਕ ਹਸਪਤਾਲ 'ਚ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। 

Share:

ਪਾਕਿਸਤਾਨ 'ਚ  ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਆਗੂ ਸਾਜਿਦ ਮੀਰ ਦੀ ਹਾਲਤ ਨਾਜੁਕ ਬਣੀ ਹੋਈ ਹੈ। ਉਹ  ਵੈਂਟੀਲੇਟਰ 'ਤੇ ਹੈ। ਸਾਜਿਦ ਨੂੰ ਅਣਪਛਾਤੇ ਵਿਅਕਤੀਆਂ ਨੇ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਸਾਜਿਦ  2008 ਵਿੱਚ ਮੁੰਬਈ ਵਿਖੇ ਹੋਏ 26/11 ਦੇ ਹਮਲੇ ਦਾ ਸਾਜ਼ਿਸ਼ਕਰਤਾ ਹੈ। ਪਾਕਿਸਤਾਨ ਦੇ ਡੇਰਾ ਗਾਜ਼ੀ ਖਾਨ ਸਥਿਤ ਕੇਂਦਰੀ ਜੇਲ੍ਹ ਵਿੱਚ ਉਸਨੂੰ ਜ਼ਹਿਰ ਦਿੱਤਾ ਗਿਆ। ਇਸਤੋਂ ਬਾਅਦ ਉਸਦਾ ਸੀਐਮਐਚ ਬਹਾਵਲਪੁਰ ਵਿਖੇ ਇਲਾਜ ਚੱਲ ਰਿਹਾ ਹੈ। ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ  ਉਸਨੂੰ ਏਅਰਲਿਫਟ ਕਰਕੇ ਹਸਪਤਾਲ ਲੈ ਕੇ ਗਈ। 

ਰਸੋਈਏ ਉਪਰ ਵੀ ਸ਼ੱਕ 

ਇਸ ਮਾਮਲੇ 'ਚ ਪਾਕਿਸਤਾਨ ਪੁਲਿਸ ਤੇ ਜੇਲ੍ਹ ਪ੍ਰਸ਼ਾਸਨ ਖਾਣਾ ਬਣਾਉਣ ਵਾਲੇ ਵਿਅਕਤੀ 'ਤੇ ਸ਼ੱਕ ਜਤਾ  ਰਿਹਾ ਹੈ। ਰਸੋਈਏ ਖਿਲਾਫ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਹ ਇੱਕ ਨਿੱਜੀ ਰਸੋਈਆ ਹੈ ਜਿਸਨੂੰ ਅਕਤੂਬਰ 2023 ਵਿੱਚ ਜੇਲ੍ਹ ਵਿੱਚ ਬਹਾਲ ਕੀਤਾ ਗਿਆ ਸੀ। ਹੁਣ ਉਹ ਫਰਾਰ ਹੋ ਗਿਆ ਹੈ। ਹਾਲ ਹੀ ਦੇ ਸਮੇਂ ਵਿਚ ਪਾਕਿਸਤਾਨ ਵਿੱਚ ਕਈ ਅੱਤਵਾਦੀਆਂ ਨੂੰ ਟਿਕਾਣੇ ਲਗਾਉਣ ਦੀਆਂ ਖਬਰਾਂ ਆਈਆਂ  ਅਤੇ ਉਨ੍ਹਾਂ ਵਿੱਚ 'ਅਣਜਾਣ ਲੋਕਾਂ' ਦੇ ਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਹੁਣ ਇਹ ‘ਅਣਜਾਣ’ ਕੌਣ ਹਨ, ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ। 

ਕੌਣ ਹੈ ਸਾਜਿਦ ਮੀਰ 

ਸਾਜਿਦ ਮੀਰ ਉਨ੍ਹਾਂ ਅੱਤਵਾਦੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ 26/11 ਦੇ ਹਮਲੇ ਦੀ ਯੋਜਨਾ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਸੀ। ਉਸਨੂੰ ਕੁਝ ਦਿਨ ਪਹਿਲਾਂ ਲਾਹੌਰ ਸੈਂਟਰਲ ਜੇਲ੍ਹ ਤੋਂ ਸ਼ਿਫਟ ਕੀਤਾ ਗਿਆ ਸੀ। ਅਮਰੀਕਾ ਨੇ ਵੀ ਉਸਨੂੰ ਮੋਸਟ ਵਾਂਟੇਡ ਲਿਸਟ 'ਚ ਵੀ ਰੱਖਿਆ ਹੈ। ਸਾਜਿਦ ਮੀਰ ਦੀ ਉਮਰ 40-50 ਸਾਲ ਦੇ ਵਿਚਕਾਰ ਹੈ। ਅਮਰੀਕਾ ਨੇ ਉਸ 'ਤੇ 5 ਮਿਲੀਅਨ ਡਾਲਰ (41.68 ਕਰੋੜ ਰੁਪਏ) ਦਾ ਇਨਾਮ ਰੱਖਿਆ ਹੈ। ਜੂਨ 2022 ਵਿੱਚ ਉਸਨੂੰ ਪਾਕਿਸਤਾਨ ਦੀ ਅੱਤਵਾਦ ਵਿਰੋਧੀ ਅਦਾਲਤ ਨੇ  ਅੱਤਵਾਦੀ ਫੰਡਿੰਗ ਮਾਮਲੇ ਵਿੱਚ ਸਜ਼ਾ ਸੁਣਾਈ ਸੀ। ਪਾਕਿਸਤਾਨੀ ਅਧਿਕਾਰੀਆਂ ਨੇ ਕੁਝ ਮਹੀਨੇ ਪਹਿਲਾਂ ਇਹ ਅਫਵਾਹ ਫੈਲਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਕਿ ਸਾਜਿਦ ਮੀਰ ਦੀ ਮੌਤ ਹੋ ਗਈ ਹੈ। ਪਰ ਪੱਛਮੀ ਦੇਸ਼ਾਂ ਨੇ ਇਸਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਸੀ ਕਿ ਉਹ ਇਸਨੂੰ ਸਾਬਤ ਕਰਨ। ਹਾਲ ਹੀ 'ਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐੱਨ.ਐੱਸ.ਸੀ.) 'ਚ ਉਸਨੂੰ ਗਲੋਬਲ ਅੱਤਵਾਦੀ ਘੋਸ਼ਿਤ ਕਰਨ ਲਈ ਪ੍ਰਸਤਾਵ ਲਿਆਂਦਾ ਗਿਆ ਸੀ ਪਰ ਚੀਨ ਨੇ ਵੀਟੋ ਲਗਾ ਕੇ ਇਸਨੂੰ ਰੋਕ ਦਿੱਤਾ ਸੀ। ਭਾਰਤ ਨੇ ਇਸ ਦੌਰਾਨ ਇਹ ਵੀ ਕਿਹਾ ਸੀ ਕਿ ਚੀਨ ਅੱਤਵਾਦ ਨਾਲ ਲੜਨ ਨੂੰ ਲੈ ਕੇ ਗੰਭੀਰ ਨਹੀਂ ਹੈ।

ਇਹ ਵੀ ਪੜ੍ਹੋ