ਭਾਰਤ-ਪਾਕਿਸਤਾਨ ਅਟਾਰੀ ਸਰਹੱਦ ਅੱਜ ਤੋਂ ਬੰਦ, 786 ਪਾਕਿਸਤਾਨੀ ਨਾਗਰਿਕ ਵਾਪਸ ਪਰਤੇ, ਦੇਰ ਨਾਲ ਪਹੁੰਚੇ ਲੋਕਾਂ ਨੂੰ ਸਰਹੱਦ ਪਾਰ ਕਰਨ ਦੀ ਇਜਾਜ਼ਤ ਨਹੀਂ 

ਅਟਾਰੀ ਰਾਹੀਂ ਭਾਰਤ ਤੋਂ ਵਾਪਸ ਆਏ ਪਾਕਿਸਤਾਨੀਆਂ ਦੀ ਕੁੱਲ ਗਿਣਤੀ ਦਾ ਅਧਿਕਾਰਤ ਅੰਕੜਾ ਜਾਰੀ ਨਹੀਂ ਕੀਤਾ ਗਿਆ। ਪਰ ਜਾਣਕਾਰੀ ਅਨੁਸਾਰ 24 ਅਪ੍ਰੈਲ ਤੋਂ ਅੱਜ ਤੱਕ ਲਗਭਗ 786 ਪਾਕਿਸਤਾਨੀ ਵਾਪਸ ਆਏ ਹਨ। ਉਮੀਦ ਕੀਤੀ ਜਾ ਰਹੀ ਸੀ ਕਿ ਅੱਜ ਫਿਰ ਭਾਰਤ ਸਰਕਾਰ ਪਾਕਿਸਤਾਨੀ ਨਾਗਰਿਕਾਂ ਨੂੰ ਵਾਪਸ ਜਾਣ ਲਈ ਵਾਧੂ ਸਮਾਂ ਦੇਵੇਗੀ, ਪਰ ਅਜਿਹਾ ਨਹੀਂ ਹੋਇਆ।

Courtesy: file photo

Share:

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਲਏ ਗਏ ਫੈਸਲੇ ਅਨੁਸਾਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਅਟਾਰੀ ਸਰਹੱਦ ਅੱਜ ਤੋਂ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ। ਸ਼ਾਮ 5 ਵਜੇ ਤੋਂ ਬਾਅਦ ਅੱਜ ਕੋਈ ਵੀ ਪਾਕਿਸਤਾਨੀ ਨਾਗਰਿਕ ਇਸ ਸਰਹੱਦ ਰਾਹੀਂ ਪਾਕਿਸਤਾਨ ਨਹੀਂ ਗਿਆ ਅਤੇ ਅਗਲੇ ਹੁਕਮਾਂ ਤੱਕ ਅਜਿਹਾ ਨਹੀਂ ਕਰ ਸਕੇਗਾ।

786 ਪਾਕਿਸਤਾਨੀ ਵਾਪਸ ਆਏ

ਅਟਾਰੀ ਰਾਹੀਂ ਭਾਰਤ ਤੋਂ ਵਾਪਸ ਆਏ ਪਾਕਿਸਤਾਨੀਆਂ ਦੀ ਕੁੱਲ ਗਿਣਤੀ ਦਾ ਅਧਿਕਾਰਤ ਅੰਕੜਾ ਜਾਰੀ ਨਹੀਂ ਕੀਤਾ ਗਿਆ। ਪਰ ਜਾਣਕਾਰੀ ਅਨੁਸਾਰ 24 ਅਪ੍ਰੈਲ ਤੋਂ ਅੱਜ ਤੱਕ ਲਗਭਗ 786 ਪਾਕਿਸਤਾਨੀ ਵਾਪਸ ਆਏ ਹਨ। ਉਮੀਦ ਕੀਤੀ ਜਾ ਰਹੀ ਸੀ ਕਿ ਅੱਜ ਫਿਰ ਭਾਰਤ ਸਰਕਾਰ ਪਾਕਿਸਤਾਨੀ ਨਾਗਰਿਕਾਂ ਨੂੰ ਵਾਪਸ ਜਾਣ ਲਈ ਵਾਧੂ ਸਮਾਂ ਦੇਵੇਗੀ, ਪਰ ਅਜਿਹਾ ਨਹੀਂ ਹੋਇਆ। ਇਸ ਤੋਂ ਬਾਅਦ ਸ਼ਾਮ 5 ਵਜੇ ਤੋਂ ਬਾਅਦ ਪਹੁੰਚੇ ਪਾਕਿਸਤਾਨੀ ਨਾਗਰਿਕਾਂ ਨੂੰ ਅਟਾਰੀ ਸਰਹੱਦ ਇਮੀਗ੍ਰੇਸ਼ਨ ਵਿਭਾਗ ਨੇ ਵਾਪਸ ਭੇਜ ਦਿੱਤਾ। ਇਸ ਦੌਰਾਨ, ਜੰਮੂ-ਕਸ਼ਮੀਰ ਦੀ ਕਠੂਆ ਪੁਲਿਸ ਵੀ ਕੁਝ ਪਾਕਿਸਤਾਨੀ ਨਾਗਰਿਕਾਂ ਨੂੰ ਲੈ ਕੇ ਅਟਾਰੀ ਸਰਹੱਦ 'ਤੇ ਪਹੁੰਚ ਗਈ। ਪਰ ਕਿਉਂਕਿ ਸ਼ਾਮ 5 ਵਜੇ ਤੋਂ ਵੱਧ ਸਮਾਂ ਹੋ ਗਿਆ ਸੀ, ਇਮੀਗ੍ਰੇਸ਼ਨ ਵਿਭਾਗ ਨੇ ਉਹਨਾਂ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਜੰਮੂ-ਕਸ਼ਮੀਰ ਪੁਲਿਸ ਉਨ੍ਹਾਂ ਨੂੰ ਵਾਪਸ ਲੈ ਗਈ। ਹਾਲ ਹੀ ਵਿੱਚ, ਡੀਜੀਪੀ ਗੌਰਵ ਯਾਦਵ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੱਤੀ ਸੀ ਕਿ ਪੰਜਾਬ ਵਿੱਚ ਵੀਜ਼ਾ ਵਾਲੇ ਪਾਕਿਸਤਾਨੀ ਨਾਗਰਿਕਾਂ ਦੀ ਗਿਣਤੀ 235 ਹੈ।

ਪਾਕਿਸਤਾਨ ਵਾਪਸ ਪਰਤ ਰਹੇ ਨਾਗਰਿਕਾਂ ਦੇ ਵੇਰਵੇ
 

24 ਅਪ੍ਰੈਲ: 28 ਪਾਕਿਸਤਾਨੀ ਨਾਗਰਿਕ
25 ਅਪ੍ਰੈਲ: 191 ਪਾਕਿਸਤਾਨੀ ਨਾਗਰਿਕ
26 ਅਪ੍ਰੈਲ: 81 ਪਾਕਿਸਤਾਨੀ ਨਾਗਰਿਕ
27 ਅਪ੍ਰੈਲ: 237 ਪਾਕਿਸਤਾਨੀ ਨਾਗਰਿਕ (9 ਡਿਪਲੋਮੈਟ ਅਤੇ ਅਧਿਕਾਰੀਆਂ ਸਮੇਤ)
28 ਅਪ੍ਰੈਲ: 145 ਪਾਕਿਸਤਾਨੀ ਨਾਗਰਿਕ
29 ਅਪ੍ਰੈਲ: 104 ਪਾਕਿਸਤਾਨੀ ਨਾਗਰਿਕ

ਸਰਕਾਰ ਨੇ ਦੋ ਵਾਰ ਵਧਾਈ ਛੋਟ
 

ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ 23 ਅਪ੍ਰੈਲ ਨੂੰ ਭਾਰਤ ਸਰਕਾਰ ਨੇ ਸਾਰੇ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਰੱਦ ਕਰ ਦਿੱਤੇ ਸੀ ਅਤੇ ਉਨ੍ਹਾਂ ਨੂੰ 48 ਘੰਟਿਆਂ ਦੇ ਅੰਦਰ ਦੇਸ਼ ਛੱਡਣ ਦਾ ਹੁਕਮ ਦਿੱਤਾ ਸੀ। ਪਰ ਦੂਰ-ਦੁਰਾਡੇ ਤੋਂ ਆਉਣ ਵਾਲੇ ਪਾਕਿਸਤਾਨੀ ਨਾਗਰਿਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਸਨੂੰ ਪਹਿਲਾਂ 27 ਅਪ੍ਰੈਲ ਤੱਕ ਵਧਾ ਦਿੱਤਾ ਗਿਆ ਸੀ। 27 ਅਪ੍ਰੈਲ ਤੱਕ ਸਿਰਫ਼ 537 ਪਾਕਿਸਤਾਨੀ ਨਾਗਰਿਕ ਹੀ ਪਾਕਿਸਤਾਨ ਵਾਪਸ ਆਏ ਸੀ। ਜਿਸ ਵਿੱਚ 9 ਡਿਪਲੋਮੈਟ ਅਤੇ ਅਧਿਕਾਰੀ ਵੀ ਸ਼ਾਮਲ ਸਨ। ਜਿਸ ਤੋਂ ਬਾਅਦ ਭਾਰਤ ਸਰਕਾਰ ਨੇ ਇਸਨੂੰ ਦੂਜੀ ਵਾਰ ਬਦਲਿਆ ਅਤੇ ਪਾਕਿਸਤਾਨੀ ਨਾਗਰਿਕਾਂ ਨੂੰ 29 ਅਪ੍ਰੈਲ ਤੱਕ ਛੋਟ ਦੇ ਦਿੱਤੀ ਸੀ।

ਭਾਰਤ 'ਚ ਰਹਿਣ ਵਾਲਿਆਂ ਵਿਰੁੱਧ ਪੁਲਿਸ ਕਾਰਵਾਈ
 

ਕੇਂਦਰ ਸਰਕਾਰ ਨੇ ਐਤਵਾਰ ਸ਼ਾਮ ਨੂੰ ਪਾਕਿਸਤਾਨੀ ਨਾਗਰਿਕਾਂ ਲਈ ਇੱਕ ਨੋਟਿਸ ਜਾਰੀ ਕੀਤਾ ਸੀ। ਇਹ ਕਿਹਾ ਗਿਆ ਸੀ ਕਿ ਜੇਕਰ ਕੋਈ ਪਾਕਿਸਤਾਨੀ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਭਾਰਤ ਨਹੀਂ ਛੱਡਦਾ ਹੈ, ਤਾਂ ਉਸਨੂੰ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਉਸਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ। ਅਜਿਹੇ ਨਾਗਰਿਕਾਂ ਨੂੰ 3 ਸਾਲ ਦੀ ਕੈਦ ਜਾਂ 3 ਲੱਖ ਰੁਪਏ ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। 4 ਅਪ੍ਰੈਲ, 2025 ਤੋਂ ਲਾਗੂ ਹੋਣ ਵਾਲੇ 'ਇਮੀਗ੍ਰੇਸ਼ਨ ਐਂਡ ਫੌਰਨਰਜ਼ ਐਕਟ 2025' ਦੇ ਅਨੁਸਾਰ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਨ ਜਾਂ ਨਿਰਧਾਰਤ ਮਿਆਦ ਤੋਂ ਵੱਧ ਭਾਰਤ ਵਿੱਚ ਰਹਿਣ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ