ਕਰਤਾਰਪੁਰ ਸਾਹਿਬ ਜਾਣ ਵਾਲੀ ਸੰਗਤ ਲਈ ਵੱਡੀ ਖੁਸ਼ਖਬਰੀ 

ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀ ਸਿੱਖ ਸੰਗਤ ਵਾਸਤੇ ਵੱਡੀ ਖੁਸ਼ਖਬਰੀ ਹੈ। ਸਿੱਖ ਸੰਗਤ ਜਿਸ ਗੱਲ ਨੂੰ ਲੈ ਕੇ ਕਾਫੀ ਸਮੇਂ ਤੋਂ ਮੰਗ ਕਰ ਰਹੀ ਸੀ, ਉਸ ਮੰਗ ਨੂੰ ਕੇਂਦਰ ਸਰਕਾਰ ਵੱਲੋਂ ਪੂਰਾ ਕਰ ਦਿੱਤਾ ਗਿਆ। ਇਹ ਮੰਗ ਪੂਰੀ ਹੋਣ ਉਪਰੰਤ ਇੱਥੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਕਾਫੀ ਖੁਸ਼ ਹੈ। ਕੇਂਦਰ ਸਰਕਾਰ […]

Share:

ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀ ਸਿੱਖ ਸੰਗਤ ਵਾਸਤੇ ਵੱਡੀ ਖੁਸ਼ਖਬਰੀ ਹੈ। ਸਿੱਖ ਸੰਗਤ ਜਿਸ ਗੱਲ ਨੂੰ ਲੈ ਕੇ ਕਾਫੀ ਸਮੇਂ ਤੋਂ ਮੰਗ ਕਰ ਰਹੀ ਸੀ, ਉਸ ਮੰਗ ਨੂੰ ਕੇਂਦਰ ਸਰਕਾਰ ਵੱਲੋਂ ਪੂਰਾ ਕਰ ਦਿੱਤਾ ਗਿਆ। ਇਹ ਮੰਗ ਪੂਰੀ ਹੋਣ ਉਪਰੰਤ ਇੱਥੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਕਾਫੀ ਖੁਸ਼ ਹੈ। ਕੇਂਦਰ ਸਰਕਾਰ ਨੇ ਸੰਗਤ ਦੀ ਸਹੂਲਤ ਲਈ ਅਜਿਹਾ ਸਟੋਰ ਖੋਲ੍ਹਿਆ, ਜਿਸ ਨਾਲ ਸੰਗਤ ਨੂੰ ਰਾਹਤ ਮਿਲੇਗੀ। ਦਰਅਸਲ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਮਗਰੋਂ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਸਨ ਜਿਸਨੂੰ ਲੈ ਕੇ ਸਿੱਖ ਸੰਗਤ ਪਰੇਸ਼ਾਨ ਹੋ ਰਹੀ ਸੀ। ਇਹਨਾਂ ਚੋਂ ਇੱਕ ਘਾਟ ਇਹ ਸੀ ਕਿ ਸੰਗਤ ਨੂੰ ਕਰਤਾਰਪੁਰ ਸਾਹਿਬ ਵਾਸਤੇ ਲੰਗਰ ਦੀ ਰਸਦ  ਆਪਣੇ ਘਰੋਂ ਲੈ ਕੇ ਆਉਣੀ ਪੈਂਦੀ ਸੀ। ਕਈ ਵਾਰ ਸੰਗਤ ਨੂੰ ਦੁੱਚਿਤੀ ਹੁੰਦੀ ਸੀ ਕਿ ਪਾਕਿਸਤਾਨ ਵਿਖੇ ਕੋਈ ਸਾਮਾਨ ਜਾਵੇਗਾ ਜਾਂ ਨਹੀਂ। ਜੇਕਰ ਕੋਈ ਸੰਗਤ ਇੱਥੇ ਆ ਕੇ ਰਸਦ ਦੇਣਾ ਚਾਹੁੰਦੀ ਸੀ ਤਾਂ ਕੋਈ ਅਜਿਹੀ ਦੁਕਾਨ ਜਾਂ ਸਟੋਰ ਨਹੀਂ ਸੀ ਕਿ ਜਿੱਥੋਂ ਰਸਦ ਲਈ ਜਾਵੇ। ਪਾਕਿਸਤਾਨ ਚੋਂ ਚੀਜ਼ਾਂ ਕਾਫੀ ਮਹਿੰਗੀਆਂ ਮਿਲਦੀਆਂ ਹਨ। ਹੁਣ ਕੇਂਦਰ ਸਰਕਾਰ ਦੀ ਮਨਜ਼ੂਰੀ ਮਗਰੋਂ ਗੁਰੂ ਨਾਨਕ ਹੱਟ ਨਾਮ ਦਾ ਸਟੋਰ ਖੋਲ੍ਹਿਆ ਗਿਆ ਹੈ। ਇਸਦੇ ਬਕਾਇਦਾ ਟੈਂਡਰ ਹੋਏ ਅਤੇ ਸਟੋਰ ਖੁੱਲ੍ਹਿਆ। 

ਫਾਇਲ ਫੋਟੋ

ਇੱਕ ਸ਼ਰਧਾਲੂ ਕਿੰਨੀ ਰਸਦ ਲਿਜਾ ਸਕਦਾ 

ਕੇਂਦਰ ਸਰਕਾਰ ਦੀ ਇਜਾਜ਼ਤ ਮਿਲਣ ਤੋਂ ਬਾਅਦ ਹੁਣ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਜਾਣ ਵਾਲੀ ਸੰਗਤ ਲਈ ਗੁਰੂ ਨਾਨਕ ਹੱਟ ਨਾਮ ਦਾ ਸਟੋਰ ਖੋਲ੍ਹਿਆ ਗਿਆ ਹੈ। ਇਸ ਹੱਟ ਤੋਂ ਸੰਗਤ ’ਚ ਸ਼ਾਮਲ ਹਰ ਸ਼ਰਧਾਲੂ ਕਰੀਬ 7 ਕਿਲੋ ਸੁੱਕੀ ਰਸਦ ਆਪਣੇ ਨਾਲ ਲੈ ਕੇ ਜਾ ਸਕਦਾ ਹੈ.। ਸਿੱਖ ਧਰਮ ਨਾਲ ਸਬੰਧਤ ਕਕਾਰ ਅਤੇ ਰੁਮਾਲਾ ਸਾਹਿਬ ਵੀ ਇੱਥੋਂ ਮਿਲਦੇ ਹਨ। ਸਿੱਖ ਸੰਗਤ ਦੀ ਮੰਗ ’ਤੇ ਕੇਂਦਰ ਸਰਕਾਰ ਦੁਆਰਾ ਟੈਂਡਰ ਜਾਰੀ ਕੀਤਾ ਗਿਆ ਸੀ, ਜਿਸ ਉਪਰੰਤ ਇਹ ਸਟੋਰ ਖੋਲ੍ਹਿਆ ਗਿਆ। ਸਟੋਰ ’ਚ ਰੱਖੀਆਂ ਸਬਜ਼ੀਆਂ ਜਿਵੇਂ  ਹਰੀ ਮਿਰਚਾਂ, ਟਮਾਟਰ, ਲਸਣ, ਅਦਰਕ ਅਤੇ ਪਿਆਜ਼ ਸ਼ਾਮਲ ਹਨ। ਪਹਿਲਾਂ ਸੰਗਤ ਇਹ ਰਸਦ ਪਾਕਿਸਤਾਨ ਤੋਂ ਮਹਿੰਗੇ ਭਾਅ ਖਰੀਦਦੀ ਸੀ। ਹੁਣ ਇਸ ਸਟੋਰ ਤੋਂ ਸਸਤੇ ਭਾਅ ਰਸਦ ਮਿਲੇਗੀ। 


ਸ਼ਰਧਾਲੂਆਂ ਨੇ ਰੱਖੀ ਇੱਕ ਹੋਰ ਮੰਗ


ਕੇਂਦਰ ਸਰਕਾਰ ਵੱਲੋਂ ਸਟੋਰ ਖੋਲ੍ਹਣ ਦੀ ਸ਼ਲਾਘਾ ਕੀਤੀ ਗਈ। ਇਸਦੇ ਨਾਲ ਹੀ ਸ਼ਰਧਾਲੂਆਂ ਨੇ ਇੱਕ ਹੋਰ ਮੰਗ ਵੀ ਕੇਂਦਰ ਸਰਕਾਰ ਅੱਗੇ ਰੱਖੀ। ਉਹਨਾਂ ਕਿਹਾ ਕਿ 7 ਕਿੱਲੋ ਦੀ ਸ਼ਰਤ ਨੂੰ ਹਟਾਇਆ ਜਾਵੇ। ਕਿਉਂਕਿ ਸਿੱਖ ਸੰਗਤ ਅੰਦਰ ਬਹੁਤ ਸ਼ਰਧਾ ਹੈ। ਸੰਗਤ ਆਪਣੀ ਸ਼ਰਧਾ ਮੁਤਾਬਕ ਰਸਦ ਲਿਜਾ ਸਕੇ। ਸਿੱਖ ਕੌਮ ਥਾਂ ਥਾਂ ਲੰਗਰ ਲਗਾ ਦਿੰਦੀ ਹੈ। ਕਦੇ ਕੋਈ ਚਿੰਤਾ ਨਹੀਂ ਕੀਤੀ। ਇਸ ਕਰਕੇ ਇਤਿਹਾਸਕ ਸਥਾਨ ਉਪਰ ਰਸਦ ਦੇਣ ਲਈ 7 ਕਿੱਲੋ ਦੀ ਸ਼ਰਤ ਨਾ ਰੱਖੀ ਜਾਵੇ। 

ਫਾਇਲ ਫੋਟੋ


ਕੀ ਹੈ ਕਰਤਾਰਪੁਰ ਸਾਹਿਬ ਦਾ ਇਤਿਹਾਸ 

ਕਰਤਾਰਪੁਰ ਸਾਹਿਬ ਦੇ ਇਸ ਅਸਥਾਨ ਦਾ ਸਬੰਧ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਰਾਵੀ ਦਰਿਆ ਦੇ ਕੰਢੇ ਇਹ ਨਗਰ ਵਸਾਇਆ ਅਤੇ ਇੱਥੇ ਖੇਤੀ ਕਰਕੇ ਗੁਰੂ ਨਾਨਕ ਦੇਵ ਜੀ ਨੇ “ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ” ਦਾ ਫ਼ਲਸਫ਼ਾ ਦਿੱਤਾ। ਇਤਿਹਾਸ ਮੁਤਾਬਕ ਗੁਰੂ ਨਾਨਕ ਦੇਵ ਜੀ ਵੱਲੋਂ ਭਾਈ ਲਹਿਣਾ ਜੀ ਨੂੰ ਗੁਰਗੱਦੀ ਵੀ ਇਸ ਸਥਾਨ ‘ਤੇ ਹੀ ਸੌਂਪੀ ਗਈ ਸੀ, ਜਿਨ੍ਹਾਂ ਨੂੰ ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਆਖ਼ਿਰ ‘ਚ ਗੁਰੂ ਨਾਨਕ ਦੇਵ ਜੀ ਇਸੇ ਸਥਾਨ ‘ਤੇ ਹੀ ਜੋਤੀ ਜੋਤ ਸਮਾਏ ਸਨ। ਕਰਤਾਰਪੁਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ 17 ਸਾਲ ਤੋਂ ਵੱਧ ਸਮਾਂ ਬਿਤਾਇਆ।