ਕੈਨੇਡੀਅਨ ਨਾਗਰਿਕਾਂ ਲਈ ਖੁਸ਼ਖਬਰੀ - ਭਾਰਤ ਨੇ ਮੁੜ ਸ਼ੁਰੂ ਕੀਤੀਆਂ ਈ-ਵੀਜ਼ਾ ਸੇਵਾਵਾਂ

ਭਾਰਤ-ਕੈਨੇਡਾ ਵਿਚਕਾਰ ਤਣਾਅ ਵਧਣ ਕਰਕੇ ਸਤੰਬਰ 'ਚ ਇਹ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਸੀ। ਹੁਣ ਦੁਬਾਰਾ ਇਸਦੀ ਸ਼ੁਰੂਆਤ ਕੀਤੀ ਗਈ ਹੈ।

Share:

ਭਾਰਤ ਆਉਣ ਦੇ ਚਾਹਵਾਨ ਕੈਨੇਡੀਅਨ ਨਾਗਰਿਕਾਂ ਲਈ ਰਾਹਤ ਦੀ ਖ਼ਬਰ ਹੈ ਕਿ ਹੁਣ ਉਹਨਾਂ ਨੂੰ ਈ-ਵੀਜ਼ਾ ਸਰਵਿਸ ਮਿਲੇਗੀ। ਭਾਰਤ ਨੇ ਕੈਨੇਡੀਅਨ ਨਾਗਰਿਕਾਂ ਲਈ ਈ-ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ। ਇਸਦਾ ਰਸਮੀ ਐਲਾਨ ਬੁੱਧਵਾਰ ਨੂੰ ਕੀਤਾ ਗਿਆ। ਇਸਤੋਂ ਪਹਿਲਾਂ ਸਤੰਬਰ ਵਿੱਚ ਭਾਰਤ ਨੇ  ਦੋਵਾਂ ਦੇਸ਼ਾਂ ਦਰਮਿਆਨ ਵਧਦੇ ਤਣਾਅ ਅਤੇ ਕੂਟਨੀਤਕ ਬੇਦਖਲੀ ਦੇ ਮੱਦੇਨਜ਼ਰ ਸੰਚਾਲਨ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਕੈਨੇਡਾ ਵਿੱਚ ਆਪਣੀ ਵੀਜ਼ਾ ਸੇਵਾ ਨੂੰ ਮੁਅੱਤਲ ਕਰ ਦਿੱਤਾ ਸੀ। ਦੱਸ ਦਈਏ ਕਿ ਦਿੱਲੀ ਵਿਖੇ ਹਾਲ ਹੀ ਵਿੱਚ  ਜੀ-20 ਸੰਮੇਲਨ ਦੌਰਾਨ ਭਾਰਤ ਅਤੇ ਕੈਨੇਡੀਅਨ ਪ੍ਰਧਾਨ ਮੰਤਰੀਆਂ ਵਿਚਾਲੇ ਖਾਲਿਸਤਾਨ ਮੁੱਦੇ ‘ਤੇ ਵਿਵਾਦਪੂਰਨ ਚਰਚਾ ਤੋਂ ਬਾਅਦ ਤਣਾਅ ਵਧ ਗਿਆ ਸੀ ।

2 ਮਹੀਨੇ ਮਗਰੋਂ ਸ਼ੁਰੂ ਹੋਈਆਂ ਸੇਵਾਵਾਂ 

ਭਾਰਤ ਨੇ ਲਗਭਗ ਦੋ ਮਹੀਨਿਆਂ ਮਗਰੋਂ ਕੈਨੇਡੀਅਨ ਨਾਗਰਿਕਾਂ ਲਈ ਇਲੈਕਟ੍ਰਾਨਿਕ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕੀਤੀਆਂ ਹਨ। ਕੈਨੇਡਾ ਦੇ ਦਾਅਵਿਆਂ ‘ਤੇ ਚੱਲ ਰਹੇ ਕੂਟਨੀਤਕ ਵਿਵਾਦ ਦੇ ਵਿਚਕਾਰ 21 ਸਤੰਬਰ ਨੂੰ ਵੀਜ਼ਾ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਕੈਨੇਡਾ ਨੇ ਇਲਜ਼ਾਮ ਲਾਇਆ ਸੀ ਕਿ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ 'ਚ ਭਾਰਤ ਸਰਕਾਰ ਦੇ ਏਜੰਟ ਸ਼ਾਮਲ ਸਨ। ਭਾਰਤ ਸਰਕਾਰ ਨੇ ਵਾਰ-ਵਾਰ ਅਤੇ ਦ੍ਰਿੜਤਾ ਨਾਲ ਇਹਨਾਂ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਆਪਣੇ ਦਾਅਵਿਆਂ ਦੀ ਪੁਸ਼ਟੀ ਕਰਨ ਲਈ ਕੈਨੇਡਾ ਤੋਂ ਸਬੂਤ ਸਾਂਝੇ ਕਰਨ ਦੀ ਮੰਗ ਕੀਤੀ। ਲਗਾਤਾਰ ਦੋ ਮਹੀਨੇ ਕਾਫ਼ੀ ਵਿਵਾਦ ਚੱਲਦਾ ਰਿਹਾ। ਕਿਸੇ ਪੱਖੋਂ ਕੈਨੇਡਾ ਨੇ ਸਖ਼ਤ ਰੁਖ ਅਪਨਾਇਆ ਤਾਂ ਇਸਦਾ ਜਵਾਬ ਦੇਣ ਲਈ ਭਾਰਤ ਵੀ ਸਖ਼ਤ ਹੋ ਗਿਆ ਸੀ। ਪ੍ਰੰਤੂ, ਹੁਣ ਮੁੜ ਸੇਵਾਵਾਂ ਚਾਲੂ ਕਰਨ ਨਾਲ ਦੁਬਾਰਾ ਦੋਵੇਂ ਦੇਸ਼ਾਂ ਦੇ ਚੰਗੇ ਸਬੰਧ ਸਥਾਪਤ ਹੋਣ ਦੀ ਆਸ ਜਾਗੀ ਹੈ। 

ਇਹ ਵੀ ਪੜ੍ਹੋ