ਵੱਡਾ ਸਵਾਲ: ਕੈਨੇਡਾ 'ਚ ਤਿੰਨ ਮਹੀਨਿਆਂ ਦੌਰਾਨ ਪੰਜਾਬ ਦੇ ਏਨੇ ਵਿਦਿਆਰੀਆਂ ਦੀ ਕਿਉਂ ਹੋਈ ਮੌਤ ?

ਕੈਨੇਡਾ ਦਾ ਕ੍ਰੇਜ ਪੰਜਾਬੀਆਂ ਦੇ ਸਿਰ ਏਨਾ ਚੜਗਿਆ ਹੈ ਕਿ ਹੁਣ ਸੂਬੇ ਦੇ ਘਰ ਅਤੇ ਪਿੰਡ ਉਜਾੜ ਹੁੰਦੇ ਜਾ ਰਹੇ ਹਨ, ਇੱਥੋਂ ਦਾ ਹਰ ਦੂਸਰਾ ਨੌਜਵਾਨ ਕੈਨੇਡਾ ਜਾ ਕੇ ਨੌਕਰੀ ਕਰਨਾ ਚਾਹੁੰਦਾ ਹੈ। ਕੈਨੇਡਾ ਜਾਣ ਲਈ ਪੰਜਾਬ ਦੇ ਨੌਜਵਾਨ ਏਨੇ ਕਮਲੇ ਹੋਏ ਨੇ ਕਿ ਉਹ ਜਲਦੀ ਵਿੱਚ ਕਈ ਵਾਰੀ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਤਿੰਨ ਮਹੀਨਿਆਂ ਦੀ ਰਿਪੋਰਟ ਦੱਸਦੇ ਹਾਂ ਕਿ ਕੈਨੇਡਾ ਵਿੱਚ ਕਿੰਨੇ ਪੰਜਾਬੀ ਵਿਦਿਆਰਥੀਆਂ ਦੀ ਮੌਤ ਹੋ ਗਈ। ਇਹ ਸਿਰਫ ਤਿੰਨ ਮਹੀਨਿਆਂ ਦੀ ਰਿਪੋਰਟ ਹੈ ਜੇਕਰ ਤੁਸੀਂ ਪੂਰੇ ਸਾਲ ਦੀ ਰਿਪੋਰਟ ਵੇਖੋ ਤਾਂ ਤੁਹਾਡੇ ਹੋਸ਼ ਉਡ ਜਾਣਗੇ। ਪਰ ਏਨੀਆਂ ਮੌਤਾਂ ਹੋਣ ਦੇ ਬਾਵਜੂਦ ਵੀ ਪੰਜਾਬੀਆਂ ਦਾ ਕੈਨੇਡਾ ਜਾਣ ਪ੍ਰਤੀ ਉਤਸ਼ਾਹ ਘੱਟ ਨਹੀਂ ਹੋ ਰਿਹਾ। 

Share:

ਕੈਨੇਡਾ ਨਿਊਜ। ਜਿਹੜੀ ਤਿੰਨ ਮਹੀਨਿਆਂ ਦੀ ਰਿਪੋਰਟ ਅਸੀ ਤੁਹਾਨੂੰ ਦੱਸ ਰਹੇ ਹਾਂ। ਉਸਦ ਮਤਲਬ ਇਹ ਹੈ ਕਿ ਜੁਲਾਈ, ਅਗਸਤ ਅਤੇ ਸਿਤੰਬਰ ਵਿੱਚ ਪੰਜਾਬ ਦੇ 10 ਵਿਦਿਆਰਥੀਆਂ ਦੀ ਕੈਨੇਡਾ ਵਿੱਚ ਮੌਤ ਹੋ ਗਈ। ਹਾਲਾਂਕਿ ਇਹ ਮੌਤਾਂ ਵੱਖ-ਵੱਖ ਕਾਰਨਾਂ ਕਰਕੇ ਹੋਈਆਂ ਪਰ ਗਲ ਇਹ ਹੈ ਕਿ ਪੇਰੈਂਟਸ ਬਹੁਤ ਹੀ ਚਾਅ ਨਾਲ ਆਪਣੇ ਬੱਚਿਆਂ ਨੂੰ ਪੜਾਈ ਲਈ ਕੈਨੇਡਾ ਭੇਜ ਦਿੰਦੇ ਹਨ ਪਰ ਜਦੋਂ ਉੱਥੇ ਉਹ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ ਤਾਂ ਫੇਰ ਭੁੱਬਾਂ ਮਾਰਕੇ ਰੌਂਦੇ ਹਨ।

ਇਹ ਠੀਕ ਹੈ ਕਿ ਮੌਤ ਕੁਦਰਤੀ ਸਚਾਈ ਹੈ ਜੇਕਰ ਆਪਣੇ ਪਰਿਵਾਰ ਵਿੱਚ ਕਿਸੇ ਦੀ ਮੌਤ ਹੋ ਜਾਵੇ ਘੱਟ ਤੋਂ ਘੱਟ ਉਸਦਾ ਅੰਤਿਮ ਸਸਕਾਰ ਤਾਂ ਸਮੇਂ ਸਿਰ ਕੀਤਾ ਜਾ ਸਕਦਾ ਹੈ। ਕਈ ਮਾਪਿਆਂ ਨੂੰ ਤਾਂ ਆਪਣੇ ਨਿਆਣਿਆਂ ਦੀਆਂ ਮ੍ਰਿਤਕ ਦੇਹਾਂ ਹੀ ਅੰਤਿਮ ਸਸਕਾਰ ਲਈ ਨਸੀਬ ਨਹੀਂ ਹੁੰਦੀਆਂ। ਉਹ ਸਰਕਾਰਾਂ ਤੋਂ ਮ੍ਰਿਤਕ ਦੇਹਾਂ ਨੂੰ ਪੰਜਾਬ ਮੰਗਵਾਉਣ ਲਈ ਮਦਦ ਦੀ ਗੁਹਾਰ ਲਗਾਉਂਦੇ ਹਨ। ਹੁਣ ਤੁਹਾਨੂੰ ਵਿਸਥਾਰ ਨਾਲ ਦੱਸਾਂਗੇ ਸਾਰੀ ਰਿਪੋਰਟ 

ਸਿਤੰਬਰ 'ਚ ਦੋ ਵਿਦਿਆਰਥੀਆਂ ਦੀ ਹੋਈ ਮੌਤ

ਸਿਤੰਬਰ ਚ ਪੰਜਾਬ ਦੇ ਦੋ ਨੌਜਵਾਨਾਂ ਦੀ ਕੈਨੇਡਾ ਵਿੱਚ ਮੌਤ ਹੋ ਗਈ। ਜਲੰਧਰ ਨਾਲ ਲੱਗਦੇ ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਦੇ ਇੱਕ ਨੌਜਵਾਨ ਦੀ ਕੈਨੇਡਾ ਵਿੱਚ ਸੜਕ ਹਾਦਸੇ ਵਿੱਚ ਜਾਨ ਚਲੀ ਗਈ। 26 ਸਾਲਾ ਰਜਤ ਕੁਮਾਰ ਪੁੱਤਰ ਵਰਿੰਦਰ ਕੁਮਾਰ ਵਾਸੀ ਪ੍ਰੀਤ ਨਗਰ ਫਗਵਾੜਾ ਕਰੀਬ 5 ਸਾਲ ਪਹਿਲਾਂ ਕੈਨੇਡਾ ਗਿਆ ਸੀ। ਇਹ ਹਾਦਸਾ ਕੈਨੇਡਾ ਦੇ ਬਰੈਂਪਟਨ 'ਚ ਵਾਪਰਿਆ। ਰਜਤ ਦੀ ਮੌਤ ਤੋਂ ਬਾਅਦ ਫਗਵਾੜਾ ਦੇ ਪ੍ਰੀਤ ਨਗਰ 'ਚ ਸੋਗ ਦੀ ਲਹਿਰ ਹੈ। 3 ਸਿਤੰਬਰ ਨੂੰ ਜਦੋਂ ਉਹ ਘਰੋਂ ਕੰਮ ’ਤੇ ਜਾਣ ਲਈ ਨਿਕਲਿਆ ਤਾਂ ਰਸਤੇ ਵਿੱਚ ਇੱਕ ਟਰੱਕ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸਦਾ ਜੀਵਨ ਖਤਮ ਹੋ ਗਿਆ। ਉੱਧਰ ਬਰਨਾਲਾ ਕਸਬਾ ਭਦੌੜ ਦੀ ਰਹਿਣ ਵਾਲੀ ਗੁਰਮੀਤ ਕੌਰ ਦੀ ਕੈਨੇਡਾ ਵਿੱਚ ਮੌਤ ਹੋ ਗਈ। ਉਸ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਪਰਿਵਾਰ ਨੇ ਉਸ ਦੀ ਲਾਸ਼ ਨੂੰ ਪੰਜਾਬ ਵਾਪਸ ਲਿਆਉਣ ਲਈ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ। 

ਅਗਸਤ ਦਾ ਮਹੀਨਾ ਵੀ ਚੰਗਾ ਨਹੀਂ ਰਿਹਾ

ਉੱਧਰ ਅਗਸਤ ਦਾ ਮਹੀਨਾ ਵੀ ਪੰਜਾਬ ਦੇ ਵਿਦਿਆਰਥੀ ਲਈ ਕੈਨੇਡਾ ਵਿੱਚ ਚੰਗਾ ਨਹੀਂ ਰਿਹਾ। ਇਸ ਮਹੀਨੇ ਵਿੱਚ ਵੀ ਪੰਜਾਬ ਦੇ ਦੋ ਵਿਦਿਆਰਥੀਆਂ ਦੇ ਕੈਨੇਡਾ ਵਿੱਚ ਮੌਤ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਇੱਥੇ 20 ਅਗਸਤ ਨੂੰ ਕੰਵਰਪਾਲ ਸਿੰਘ ਜ਼ਿਲ੍ਹਾ ਪਟਿਆਲਾ ਦੀ ਐਕਸੀਡੈਂਟ ਵਿੱਚ ਮੌਤ ਹੋ ਗਈ। ਕੰਵਰਪਾਲ ਬਹੁਤ ਖੁਸ਼ ਸੀ ਕਿਉਂਕਿ ਉਸਨੂੰ ਚਾਰ ਮਹੀਨੇ ਪਹਿਲਾਂ ਵੀ ਵਰਕ ਪਰਮਿਟ ਮਿਲਿਆ ਸੀ। ਕੰਵਰਪਾਲ ਦੀ ਮੌਤ ਏਨੀ ਭਿਆਨਕ ਸੀ ਕਿ ਐਕਸੀਡੈਂਟ ਦੌਰਾਨ ਉਸਦੇ ਫੇਫੜੇ ਹੀ ਫਟ ਗਏ ਸਨ।

ਏਸੇ ਤਰ੍ਹਾਂ 9 ਅਗਸਤ ਨੂੰ ਕੈਨੇਡਾ ਦੇ ਓਂਟਾਰੀਓ ਸ਼ਹਿਰ ਤੋਂ ਦੁਖਭਰੀ ਖਬਰ ਸਾਹਮਣੇ ਆਈ. ਇੱਥੇ ਪੰਜਾਬੀ ਵਿਦਿਆਰਥੀ ਅਕਾਸ਼ਦੀਪ ਸਿੰਘ ਦੀ ਝੀਲ ਵਿੱਚ ਡੁੱਬਣ ਨਾਲ ਮੌਤ ਹੋ ਗਈ। ਕਾਬਿਲੇ ਜਿਕਰ ਹੈ ਕਿ ਅਕਾਸ਼ਦੀਪ ਮੌਤ ਤੋਂ ਕੁੱਝ ਦਿਨ ਪਹਿਲਾਂ ਹੀ ਕੈਨੇਡਾ ਵਿੱਚ ਪੱਕਾ ਹੋਇਆ ਸੀ। ਅਤੇ ਪੀਆਰ ਦੀ ਖੁਸ਼ੀ ਵਿੱਚ ਉਹ ਆਪਣੇ ਦੌਸਤਾਂ ਨਾਲ ਝੀਲ ਤੇ ਜਸ਼ਨ ਮਨਾਉਣ ਗਿਆ ਪਰ ਉੱਥੇ ਉਸਦੀ ਡੁੱਬਣ ਨਾਲ ਮੌਤ ਹੋ ਗਈ। ਅਕਾਸ਼ਦੀਪ ਸਿੰਘ ਮੂਲ ਤੌਰ ਹੁਸ਼ਿਆਰਪੁਰ ਦੇ ਕਸਬਾ ਦਸੂਹਾ ਦੇ ਰਹਿਣ ਵਾਲਾ ਸੀ 

ਜੁਲਾਈ ਮਹੀਨੇ ਨੇ ਤਾਂ ਪੰਜਾਬ ਤੇ ਬਹੁਤ ਹੀ ਕਹਿਰ ਵਰਤਾਇਆ

ਜੁਲਾਈ ਮਹੀਨੇ ਨੇ ਤਾਂ ਪੰਜਾਬ ਤੇ ਬਹੁਤ ਹੀ ਕਹਿਰ ਵਰਤਾਇਆ, ਕਿਉਂਕਿ ਇਸ ਮਹੀਨੇ ਦੇ ਸ਼ੁਰੂਆਤ ਅਤੇ ਅੰਤ ਵਿੱਚ ਕੈਨੇਡਾ ਗਏ 6 ਵਿਦਿਆਰਥੀਆਂ ਦੀ ਮੌਤ ਹੋ ਗਈ। ਪਹਿਲੀ ਘਟਨਾ ਵਿੱਚ ਕੈਨੇਡਾ ਦੇ ਨਿਊ ਬਰੰਸਵਿਕ ਸੂਬੇ ਦੇ ਮਿੱਲ ਕੋਵ ਇਲਾਕੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਜਾਣ ਕਾਰਨ ਤਿੰਨ ਪੰਜਾਬੀ ਵਿਦਿਆਰਥੀਆਂ ਦੀ ਮੌਤ ਦੇ ਮੂੰਹ ਚ ਚਲੇ ਗਏ। ਅਤੇ ਇੱਕ ਹੋਰ ਜ਼ਖ਼ਮੀ ਹੋ ਗਿਆ। ਤਿੰਨੋਂ ਮ੍ਰਿਤਕ ਪੰਜਾਬ ਦੇ ਰਹਿਣ ਵਾਲੇ ਸਨ। ਉੱਧਰ 22 ਜੁਲਾਈ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਦੇ ਪਿੰਡ ਸੁੱਖਾ ਚਿੜਾ ਦੀ ਰਹਿਣ ਵਾਲੀ 21 ਸਾਲਾ ਲਖਵਿੰਦਰ ਕੌਰ ਅਤੇ ਦੋ ਹੋਰ ਕੁੜੀਆਂ ਦੀ ਕੈਨੇਡਾ ਵਿੱਚ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਾਰ 'ਚ ਦੋ ਲੜਕੇ ਅਤੇ ਤਿੰਨ ਲੜਕੀਆਂ ਕਿਸੇ ਕੰਮ ਲਈ ਜਾ ਰਹੇ ਸਨ। ਬਰੈਂਪਟਨ, ਐਰੀਜ਼ੋਨਾ ਨੇੜੇ ਉਨ੍ਹਾਂ ਦੀ ਕਾਰ ਹਾਸਦੇ ਦਾ ਸ਼ਿਕਾਰ ਹੋ ਗਈ ਜਿਸ ਵਿੱਚ ਤਿੰਨੋਂ ਕੁੜੀਆਂ ਦਾ ਜੀਵਨ ਖਤਮ ਹੋ ਗਿਆ। ਜਾਨ ਗੁਆਉਣ ਵਾਲੀਆਂ ਤਿੰਨੇ ਕੁੜੀਆਂ ਪੰਜਾਬ ਦੀਆਂ ਦੱਸੀਆਂ ਜਾ ਰਹੀਆਂ ਹਨ। 

ਇਹ ਵੀ ਪੜ੍ਹੋ