ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਅਫ਼ਗਾਨਿਸਤਾਨ ਤੋਂ ਸ਼ਰਾਬ ਦੀ ਆੜ ਵਿੱਚ 700 ਕਰੋੜ ਰੁਪਏ ਤੋਂ ਵੱਧ ਦੀ ਹੈਰੋਇਨ ਦੀ ਤਸਕਰੀ ਦੇ ਮਾਮਲੇ ਵਿੱਚ ਤਰਨਤਾਰਨ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਨੂੰ ਸ਼ਨੀਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਜਿੱਥੋਂ ਉਸਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਇਸ ਮਾਮਲੇ ਵਿੱਚ ਐਨਆਈਏ ਨੇ 15 ਦਸੰਬਰ ਨੂੰ ਤਰਨਤਾਰਨ ਜ਼ਿਲ੍ਹੇ ਦੇ ਕਸਬਾ ਚੋਹਲਾ ਸਾਹਿਬ ਦੇ ਪਿੰਡ ਕਰਮੂਵਾਲ ਤੋਂ ਮੁਲਜ਼ਮ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ‘ਚ ਉਸਤੋਂ ਕਾਫੀ ਪੁੱਛਗਿੱਛ ਕੀਤੀ ਗਈ।
ਅਪ੍ਰੈਲ 2022 'ਚ ਫੜੀ ਗਈ ਸੀ ਖੇਪ
ਅਪ੍ਰੈਲ 2022 ਵਿੱਚ ਕਸਟਮ ਵਿਭਾਗ ਨੇ ਅੰਮ੍ਰਿਤਸਰ ਵਿਖੇ 102 ਕਿਲੋ ਹੈਰੋਇਨ ਦੀ ਇੱਕ ਖੇਪ ਜ਼ਬਤ ਕੀਤੀ ਸੀ। ਇਹ ਖੇਪ ਅਫਗਾਨਿਸਤਾਨ ਤੋਂ ਸ਼ਰਾਬ ਦੀ ਆੜ ਵਿਚ ਅਟਾਰੀ-ਵਾਹਗਾ ਸਰਹੱਦ ਰਾਹੀਂ ਲਿਆਂਦੀ ਗਈ ਸੀ। ਜਦੋਂ ਇਸਦੀ ਜਾਂਚ ਕੀਤੀ ਗਈ ਤਾਂ ਸ਼ਰਾਬ ਦੀਆਂ ਬੋਰੀਆਂ ਵਿੱਚੋਂ ਹੈਰੋਇਨ ਬਰਾਮਦ ਹੋਈ ਸੀ। ਸ਼ਰਾਬ ਅਤੇ ਹੈਰੋਇਨ ਦੀ ਇਸ ਖੇਪ ਦਾ ਸਬੰਧ ਦਿੱਲੀ ਦੇ ਕੁਝ ਲੋਕਾਂ ਨਾਲ ਵੀ ਨਿਕਲਿਆ ਸੀ। ਜਾਂਚ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕਰਮੂਵਾਲ ਦੇ ਰਹਿਣ ਵਾਲੇ ਅੰਮ੍ਰਿਤਪਾਲ, ਜੋਕਿ ਆਈਲੈਟਸ ਸੈਂਟਰ ਦੀ ਚਲਾਉਂਦਾ ਸੀ, ਦੀ ਭੂਮਿਕਾ ਵੀ ਸਾਹਮਣੇ ਆਈ ਸੀ। ਇਸਤੋਂ ਬਾਅਦ ਐਨਆਈਏ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਸੀ।