ਵਿਦੇਸ਼ਾਂ ਵਿੱਚ ਆਏ ਦਿਨ ਭਾਰਤੀ ਨੌਜਵਾਨਾਂ ਦੇ ਕਤਲ ਦੀਆਂ ਘਟਨਾਵਾਂ ਦਿਨ-ਬ- ਦਿਨ ਵਧਦੀਆਂ ਜਾ ਰਹੀਆਂ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ। ਤਾਜਾ ਮਾਮਲਾ ਮਨੀਲਾ ਤੋ ਸਾਹਮਣੇ ਆਇਆ ਹੈ ਜਿੱਥੇ ਇੱਕ ਪੰਜਾਬੀ ਨੌਜਾਵਨ ਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ। ਨੌਜਵਾਨ ਲੁਧਿਆਣਾ ਦੇ ਪਿੰਡ ਰਾਮਗੜ੍ਹ ਸਿਵੀਆ ਦਾ ਰਹਿਣ ਵਾਲਾ ਸੀ। ਮ੍ਰਿਤਕ ਦੀ ਪਛਾਣ ਅਵਤਾਰ ਸਿੰਘ (35) ਵਜੋਂ ਹੋਈ ਹੈ। ਮ੍ਰਿਤਕ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਪਿੰਡ ਵਾਸੀ ਇੰਦਰਪਾਲ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਕਰੀਬ ਸੱਤ-ਅੱਠ ਸਾਲ ਪਹਿਲਾਂ ਆਪਣੀ ਭੈਣ ਨੂੰ ਮਿਲਣ ਮਨੀਲਾ ਗਿਆ ਸੀ। ਉਥੇ ਉਸ ਨੇ ਫਾਈਨੈਂਸ ਦਾ ਕੰਮ ਸ਼ੁਰੂ ਕੀਤਾ।
ਪੇਮੈਂਟ ਲੈਣ ਲਈ ਘਰੋਂ ਗਿਆ ਸੀ
ਪਿੰਡ ਵਾਸੀਆਂ ਅਨੁਸਾਰ ਮ੍ਰਿਤਕ ਅਵਤਾਰ ਸਿੰਘ ਆਪਣੇ ਫਾਈਨੈਂਸ ਦੇ ਕੰਮ ਲਈ ਪੇਮੈਂਟ ਲੈਣ ਲਈ ਘਰੋਂ ਗਿਆ ਸੀ। ਪਰ ਰਸਤੇ 'ਚ ਕੁਝ ਅਣਪਛਾਤੇ ਲੋਕਾਂ ਨੇ ਉਸ 'ਤੇ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਪਿੰਡ ਦੇ ਲੋਕਾਂ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਹਰ ਸਾਲ ਇੰਨੇ ਭਾਰਤੀਆਂ ਦੇ ਕਤਲ ਸਬੰਧੀ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਮਨੀਲਾ ਵਿੱਚ ਹੋ ਰਹੀਆਂ ਹੱਤਿਆਵਾਂ ਸਬੰਧੀ ਮਨੀਲਾ ਸਰਕਾਰ 'ਤੇ ਦਬਾਅ ਬਣਾਉਣਾ ਚਾਹੀਦਾ ਹੈ ਅਤੇ ਮਨੀਲਾ ਸਰਕਾਰ ਨੂੰ ਭਾਰਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਹਿਣਾ ਚਾਹੀਦਾ ਹੈ।