ਆਸਟ੍ਰੇਲੀਆ ਦੀ ਅੰਡਰ-19 ਕ੍ਰਿਕਟ ਵਿਸ਼ਵ ਕੱਪ ਟੀਮ ਵਿੱਚ 2 ਸਿੱਖ ਖਿਡਾਰੀ ਵੀ ਸ਼ਾਮਲ 

ਆਸਟ੍ਰੇਲਿਆ ਦੇ ਯੂਥ ਸਿਲੈਕਸ਼ਨ ਪੈਨਲ ਨੇ 2024 ਪੁਰਸ਼ ਅੰਡਰ-19 ਕ੍ਰਿਕਟ ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਵਿੱਚ 2 ਨੌਜਵਾਨ ਪੰਜਾਬੀ ਖਿਡਾਰੀਆਂ ਹਰਕੀਰਤ ਬਾਜਵਾ ਅਤੇ ਹਰਜਸ ਸਿੰਘ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ।

Share:

ਆਸਟ੍ਰੇਲੀਆ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪੰਜਾਬੀਆਂ ਨੇ ਫਿਰ ਤੋਂ ਆਪਣੇ ਦੇਸ਼ ਦਾ ਮਾਣ ਵਧਾਇਆ ਹੈ। ਆਸਟ੍ਰੇਲਿਆ ਦੀ ਕ੍ਰਿਕੇਟ ਟੀਮ ਵਿੱਚ ਦੋ ਭਾਰਤੀ ਖਿਡਾਰੀਆਂ ਦੀ ਚੌਣ ਕੀਤੀ ਗਈ ਹੈ। ਆਸਟ੍ਰੇਲਿਆ ਦੇ ਯੂਥ ਸਿਲੈਕਸ਼ਨ ਪੈਨਲ ਨੇ 2024 ਪੁਰਸ਼ ਅੰਡਰ-19 ਕ੍ਰਿਕਟ ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਵਿੱਚ 2 ਨੌਜਵਾਨ ਪੰਜਾਬੀ ਖਿਡਾਰੀਆਂ ਹਰਕੀਰਤ ਬਾਜਵਾ ਅਤੇ ਹਰਜਸ ਸਿੰਘ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ। ਇਹ ਚੋਣ ਪਿਛਲੇ ਹਫ਼ਤੇ ਐਲਬਰੀ ਵਿੱਚ ਹੋਈ 2023 ਅੰਡਰ-19 ਪੁਰਸ਼ਾਂ ਦੀ ਕੌਮੀ ਚੈਂਪੀਅਨਸ਼ਿਪ ਦੌਰਾਨ ਕੀਤੀ ਗਈ ਸੀ।

19 ਜਨਵਰੀ ਤੋਂ ਸ਼ੁਰੂ ਹੋਵੇਗਾ ਅੰਡਰ-19 ਵਿਸ਼ਵ ਕੱਪ

ਅੰਡਰ-19 ਵਿਸ਼ਵ ਕੱਪ ਪਹਿਲਾਂ ਸ਼੍ਰੀਲੰਕਾ 'ਚ ਹੋਣ ਵਾਲਾ ਸੀ, ਪਰ ਕੁਝ ਸਮਾਂ ਪਹਿਲਾਂ ਇਸਦਾ ਸਥਾਨ ਦੱਖਣੀ ਅਫਰੀਕਾ 'ਚ ਸ਼ਿਫਟ ਕਰ ਦਿੱਤਾ ਗਿਆ ਸੀ। ਹੁਣ ਇਹ 19 ਜਨਵਰੀ ਤੋਂ ਦੱਖਣੀ ਅਫਰੀਕਾ ਵਿੱਚ 5 ਸਥਾਨਾਂ 'ਤੇ ਆਯੋਜਿਤ ਕੀਤਾ ਜਾਵੇਗਾ। ਫਾਈਨਲ 11 ਫਰਵਰੀ ਨੂੰ ਬੇਨੋਨੀ ਵਿੱਚ ਹੋਵੇਗਾ। ਭਾਰਤੀ ਮੂਲ ਦੇ ਖਿਡਾਰੀਆਂ ਦਾ ਆਸਟ੍ਰੇਲਿਆਈ ਟੀਮ ਵਿੱਚ ਸ਼ਾਮਲ ਹੋਣਾ ਕੋਈ ਅਸਾਧਾਰਨ ਗੱਲ ਨਹੀਂ ਹੈ। ਅੰਡਰ-19 ਵਿਸ਼ਵ ਕੱਪ ਦੇ 2018 ਐਡੀਸ਼ਨ ਦੌਰਾਨ ਜੇਸਨ ਸੰਘਾ ਨੇ ਆਸਟ੍ਰੇਲੀਆ ਦੀ ਅਗਵਾਈ ਕੀਤੀ। ਨਾਲ ਹੀ ਅਰਜੁਨ ਨਾਇਰ ਅਤੇ ਤਨਵੀਰ ਸੰਘਾ ਵੀ ਆਸਟ੍ਰੇਲੀਆ ਦੀ ਨੁਮਾਇੰਦਗੀ ਕਰ ਚੁੱਕੇ ਹਨ। ਹੁਣ ਪੰਜਾਬ ਦੇ ਦੋ ਖਿਡਾਰੀ ਆਸਟ੍ਰੇਲੀਆ ਦੀ ਟੀਮ 'ਚ ਜਗ੍ਹਾ ਬਣਾ ਚੁੱਕੇ ਹਨ।
 
11 ਸਾਲ ਪਹਿਲੇ ਪੰਜਾਬ ਤੋਂ ਮੈਲਬੌਰਨ ਸ਼ਿਫਟ ਹੋਏ ਸਨ ਹਰਕੀਰਤ

ਹਰਕੀਰਤ ਸਿੰਘ ਬਾਜਵਾ 2012 ਵਿੱਚ ਆਪਣੇ ਪਰਿਵਾਰ ਸਮੇਤ ਪੰਜਾਬ ਤੋਂ ਮੈਲਬੌਰਨ ਸ਼ਿਫਟ ਹੋ ਗਏ ਸਨ। ਸੱਤ ਸਾਲ ਦੀ ਛੋਟੀ ਉਮਰ ਵਿੱਚ ਉਸਨੇ ਘਰ ਦੇ ਪਿੱਛੇ ਖੁੱਲੇ ਮੈਦਾਨ ਵਿੱਚ ਆਪਣੇ ਚਾਚੇ ਨਾਲ ਬੱਲੇ ਅਤੇ ਗੇਂਦ ਨਾਲ ਖੇਡਣਾ ਸ਼ੁਰੂ ਕਰ ਦਿੱਤਾ। ਅੰਡਰ-12 ਜ਼ਿਲਾ ਟੀਮ ਤੋਂ ਬਾਹਰ ਰਹਿਣ ਤੋਂ ਲੈ ਕੇ ਅੰਡਰ-19 ਵਿਸ਼ਵ ਕੱਪ ਟੀਮ 'ਚ ਜਗ੍ਹਾ ਬਣਾਉਣ ਤੱਕ ਬਾਜਵਾ ਦਾ ਕ੍ਰਿਕਟ ਸਫਰ ਚੁਣੌਤੀਪੂਰਨ ਅਤੇ ਪ੍ਰੇਰਨਾਦਾਇਕ ਹੈ। ਹਰਕੀਰਤ ਨੂੰ ਆਸਟ੍ਰੇਲੀਆ ਵਿਚ ਲੁਕਿਆ ਹੋਇਆ ਸਪਿਨਰ ਮੰਨਿਆ ਜਾਂਦਾ ਹੈ। ਉਹ ਸੱਜੇ ਹੱਥ ਦਾ ਬੱਲੇਬਾਜ਼ ਅਤੇ ਆਫ ਸਪਿਨ ਗੇਂਦਬਾਜ਼ ਹੈ।

ਖੱਬੇ ਹੱਥ ਦਾ ਬੱਲੇਬਾਜ਼ ਹੈ ਹਰਜਸ ਸਿੰਘ

ਖੱਬੇ ਹੱਥ ਦਾ ਬੱਲੇਬਾਜ਼ ਹਰਜਸ ਸਿੰਘ 8 ਸਾਲ ਦੀ ਉਮਰ ਵਿੱਚ ਸਥਾਨਕ ਭਾਈਚਾਰੇ ਵਿੱਚ ਰੇਵਸਬੀ ਵਰਕਰਜ਼ ਕ੍ਰਿਕੇਟ ਕਲੱਬ ਵਿੱਚ ਸ਼ਾਮਲ ਹੋ ਗਿਆ ਅਤੇ ਇੱਥੋਂ ਹੀ ਉਸਦੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਹੋਈ। ਉਹ ਵਰਤਮਾਨ ਵਿੱਚ ਸਿਡਨੀ ਵਿੱਚ ਰਹਿੰਦਾ ਹੈ ਅਤੇ ਉਸਦੇ ਪਿਤਾ ਟ੍ਰੈਵਲ ਏਜੰਸੀ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ। ਉਹ ਖੱਬੇ ਹੱਥ ਦਾ ਬੱਲੇਬਾਜ਼ ਹੈ। ਹੁਣ ਹਰਜਸ ਜਨਵਰੀ 2024 'ਚ ਹੋਣ ਵਾਲੇ ਅੰਡਰ-19 ਵਿਸ਼ਵ ਕੱਪ 'ਚ ਮੈਦਾਨ 'ਤੇ ਆਪਣਾ ਹੁਨਰ ਦਿਖਾਉਣ ਦੀ ਤਿਆਰੀ ਕਰ ਰਿਹਾ ਹੈ।

ਇਹ ਵੀ ਪੜ੍ਹੋ