ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਘੁੰਗਰਾਲੀ ਸਿੱਖਾਂ ਦਾ ਇਤਿਹਾਸ ਜਾਣੋ 

ਗੁਰੂ ਸਾਹਿਬ ਪਰਿਵਾਰ ਨਾਲੋਂ ਵਿਛੜ ਕੇ ਮਾਛੀਵਾੜਾ ਸਾਹਿਬ ਪਹੁੰਚੇ ਸੀ। ਮੁਗਲਾਂ ਨੇ ਘੇਰਾ ਪਾ ਲਿਆ ਸੀ। ਉੱਥੋਂ ਨਿਕਲ ਕੇ ਗੁਰੂ ਸਾਹਿਬ ਸਮਰਾਲਾ ਦੇ ਨੇੜਲੇ ਪਿੰਡ ਘੁੰਗਰਾਲੀ ਸਿੱਖਾਂ ਪਹੁੰਚੇ ਸੀ। 

Share:

ਗੁਰੁਦਆਰਾ ਸ੍ਰੀ ਅਟਾਰੀ ਸਾਹਿਬ ਘੁੰਗਰਾਲੀ ਸਿੱਖਾਂ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਦੇ ਇਸ ਪਾਵਨ ਅਸਥਾਨ ਨੂੰ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਛੋਹ ਪ੍ਰਾਪਤ ਹੈ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਨਾਲੋਂ ਵਿਛੜ ਕੇ ਚਮਕੌਰ ਸਾਹਿਬ ਤੋਂ ਮਾਛੀਵਾੜਾ ਸਾਹਿਬ ਵਿਖੇ ਪੁੱਜੇ, ਜਿੱਥੇ ਮੁਗਲਾਂ ਨੇ ਘੇਰਾ ਪਾ ਲਿਆ ਸੀ, ਉੱਥੋਂ ਬਚ ਕੇ ਨਿਕਲਣ ਲਈ ਗਨੀ ਖਾਂ ਤੇ ਨਬੀ ਖਾਂ ਰਾਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉੱਚ ਦਾ ਪੀਰ ਬਣ ਕੇ ਨਿਕਲੇ ਸਨ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮਾਛੀਵਾੜਾ ਤੋਂ 12 ਪੋਹ ਸੰਮਤ 1704 ਈ: ਨੂੰ ਗਨੀ ਖਾਂ ਅਤੇ ਨਬੀ ਖਾਂ ਗੁਰੂ ਜੀ ਨੂੰ ਉੱਚ ਦੇ ਪੀਰ ਦੇ ਰੂਪ ’ਚ ਇਸ ਪਾਵਨ ਅਸਥਾਨ ਪਿੰਡ ਘੁੰਗਰਾਲੀ, ਜਿਸਨੂੰ ਅੱਜ-ਕੱਲ੍ਹ ਘੁੰਗਰਾਲੀ ਸਿੱਖਾਂ ਆਖਿਆ ਜਾਂਦਾ ਹੈ, ਵਿਖੇ ਲੈ ਕੇ ਆਏ ਸਨ। ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ ਸਾਹਿਬ ਤੋਂ ਚੱਲ ਕੇ ਪਿੰਡ ਘੁੰਗਰਾਲੀ ਪਹੁੰਚਣ ਬਾਰੇ ਕਈ ਧਾਰਮਿਕ ਗ੍ਰੰਥਾਂ ਤੇ ਪੁਸਤਕਾਂ ’ਚ ਗੁਰੂ ਸਾਹਿਬ ਜੀ ਦੇ ਇੱਥੇ ਪੁੱਜਣ ਦਾ ਜ਼ਿਕਰ ਆਉਂਦਾ ਹੈ ਜਿਨ੍ਹਾਂ ਦੇ ਹਵਾਲਿਆਂ ਤੋਂ ਪਤਾ ਲੱਗਦਾ ਹੈ ਕਿ ਮਾਛੀਵਾੜੇ ਤੋਂ ਚੱਲ ਕੇ 12 ਕੁ ਮੀਲਾਂ ਦੀ ਵਿੱਥ ’ਤੇ ਘੁੰਗਰਾਲੀ ਪਹੁੰਚੇ। ਗੁਰੂ ਸਾਹਿਬ ਨੇ ਇਸ ਪਿੰਡ ਦੇ ਰਹਿਣ ਵਾਲੇ ਗੁਰੂ ਜੀ ਦੇ ਅਨਿਨ ਸੇਵਕ ਭਾਈ ਨੱਥੂ ਮਿਸਤਰੀ ਨੂੰ ਬੁਲਾਵਾ ਭੇਜਿਆ। ਗੁਰੂ ਸਾਹਿਬ ਜੀ ਭਾਈ ਨੱਥੂ ਨੂੰ ਪਹਿਲਾਂ ਹੀ ਜਾਣਦੇ ਸਨ। ਇਸੇ ਕਰ ਕੇ ਗਨੀ ਖਾਂ ਤੇ ਨਬੀ ਖਾਂ ਗੁਰੂ ਸਾਹਿਬ ਜੀ ਨੂੰ ਉੱਚ ਦੇ ਪੀਰ ਦੇ ਰੂਪ ’ਚ ਪਿੰਡ ਘੁੰਗਰਾਲੀ ਲੈ ਆਏ। ਰਾਤ ਵਿਸ਼ਰਾਮ ਕੀਤਾ ਤੇ ਅਗਲੇ ਦਿਨ ਇਥੋਂ 13 ਕੁ ਮੀਲਾਂ ਦੀ ਵਿੱਥ ’ਤੇ ਪਿੰਡ ਲੱਲ ਪੁੱਜੇ।
 
ਮਿਸਤਰੀ ਨੇ ਗੁਰੂ ਸਾਹਿਬ ਨੂੰ ਦਿੱਤੇ ਹਥਿਆਰ 
 

ਇਸ ਪਿੰਡ ਦੇ ਨੱਥੂ ਮਿਸਤਰੀ ਦੇ ਹਥਿਆਰ ਵੀ ਗੁਰੂ ਸਾਹਿਬ ਵੱਲੋਂ ਲੜੀਆਂ ਜੰਗਾਂ ’ਚ ਵਰਤੇ ਗਏ ਸਨ ਕਿਉਂਕਿ ਭਾਈ ਨੱਥੂ ਜੀ ਗੁਰੂ ਸਾਹਿਬ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਆਪਣੇ ਹੱਥੀਂ ਬਣਾਏ ਹੋਏ ਸ਼ਸਤਰ ਭੇਟ ਕਰਿਆ ਕਰਦੇ ਸਨ ਤੇ ਵੇਚਿਆ ਵੀ ਕਰਦੇ ਸਨ। ਜਿਵੇਂ ਕਿ ਗਨੀ ਖਾਂ ਤੇ ਨਬੀ ਖਾਂ ਵੀ ਗੁਰੂ ਸਾਹਿਬ ਜੀ ਨੂੰ ਘੋੜੇ ਵੇਚਿਆ ਕਰਦੇ ਸਨ। ਮੁਸਲਮਾਨ ਪੀਰ ਦੇ ਭੇਸ ’ਚ ਜਦੋਂ ਗੁਰੂ ਸਾਹਿਬ ਘੁੰਗਰਾਲੀ ਪਿੰਡ ਅਪੜੇ ਸਨ ਤੇ ਉਥੋਂ ਝੰਡਾ (ਨੱਥੂ) ਮਿਸਤਰੀ ਪਾਸੋਂ ਆਪਣੇ ਸਾਥੀ ਸਿੰਘਾਂ ਲਈ ਹਥਿਆਰ ਖ਼ਰੀਦੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਗਲੇ ਦਿਨ ਇੱਥੋਂ ਅਗਲੇ ਮਾਰਗ ਨੂੰ ਰਵਾਨਾ ਹੋ ਗਏ। ਭਾਈ ਨੱਥੂ ਜੀ ਨੇ ਗੁਰੂ ਜੀ ਦੇ ਦਰਸ਼ਨ ਦੀਦਾਰ ਕੀਤੇ ਅਤੇ ਉਨ੍ਹਾਂ ਦੀ ਸੇਵਾ ਟਹਿਲ ਕੀਤੀ। ਰਾਤ ਬਿਤਾਉਣ ਤੋਂ ਬਾਅਦ ਅਗਲੇ ਦਿਨ ਜਦੋਂ ਗੁਰੂ ਜੀ ਇਥੋਂ ਪਿੰਡ ਲੱਲ ਜਿਸ ਨੂੰ ਅੱਜ-ਕੱਲ੍ਹ ਲੱਲ ਕਲਾਂ ਆਖਿਆ ਜਾਂਦਾ ਹੈ, ਨੂੰ ਰਵਾਨਾ ਹੋਣ ਲੱਗੇ ਤਾਂ ਭਾਈ ਨੱਥੂ ਜੀ ਨੇ ਗੁਰੂ ਜੀ ਨੂੰ ਸੁੰਦਰ ਤੀਰ ਕਮਾਨ, 22 ਤੀਰ, 2 ਤਲਵਾਰਾਂ, 2 ਤਮੰਚੇ ਭੇਟ ਕੀਤੇ। ਗੁਰੂ ਸਾਹਿਬ ਜੀ ਨੇ ਆਪਣੇ ਸੇਵਕ ਦੇ ਭੇਟ ਕੀਤੇ ਸ਼ਸਤਰ ਸਵੀਕਾਰ ਕਰਦਿਆਂ ਆਪਣੇ ਕੋਲੋਂ ਸੋਨੇ ਦੀਆਂ ਮੋਹਰਾਂ ਦੀ ਮੁੱਠ ਦੇ ਕੇ ਅਸੀਸਾਂ ਦੇ ਕੇ ਨਿਹਾਲ ਕੀਤਾ। ਬਾਅਦ ’ਚ ਭਾਈ ਨੱਥੂ ਜੀ, ਭਾਈ ਨੰਨੂ ਸਿੰਘ ਜੀ ਦੇ ਨਾਂ ਨਾਲ ਪ੍ਰਸਿੱਧ ਹੋਏ। ਮੰਨਿਆ ਜਾ ਰਿਹਾ ਹੈ ਕਿ ਖਿਦਰਾਣੇ ਦੀ ਢਾਬ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ ਜੰਗ ’ਚ ਵੀ ਇਹ ਹਥਿਆਰ ਵਰਤੇ ਗਏ ਸਨ।

ਸ਼ਰਧਾ ਦਾ ਕੇਂਦਰ ਬੋਹੜ ਦਾ ਦਰੱਖਤ 

ਗੁਰੂ ਸਾਹਿਬ ਜੀ ਨੇ ਭਾਈ ਨੱਥੂ ਮਿਸਤਰੀ ਵੱਲੋਂ ਭੇਟ ਕੀਤੇ ਤੀਰਾਂ ਨੂੰ ਚੈੱਕ ਕਰਨ ਲਈ ਉਸ ਬੋਹੜ ’ਤੇ ਨਿਸ਼ਾਨਾ ਲਗਾਇਆ ਸੀ, ਜਦੋਂ ਗੁਰੂ ਸਾਹਿਬ ਨੇ ਤੀਰ ਬੋਹੜ ’ਚ ਮਾਰਿਆਂ ਤਾਂ ਉਸ ਵਿੱਚੋਂ ਆਪਣੇ ਆਪ ਪਾਣੀ ਨਿਕਲਣ ਲੱਗ ਪਿਆ ਸੀ। ਅੱਜ ਵੀ ਉਸ ਬੋਹੜ ਦੇ ਦਰੱਖਤ ਇਸ ਥਾਂ ’ਤੇ ਵਜੂਦ ਖੜ੍ਹਾ ਹੈ। ਇਸ ਸਥਾਨ ’ਤੇ ਕਾਫੀ ਗਿਣਤੀ ’ਚ ਬੋਹੜ ਖੜ੍ਹੇ ਹਨ, ਜਿਨ੍ਹਾਂ ਬਾਰੇ ਮੰਨਿਆ ਜਾ ਰਿਹਾ ਕਿ ਇਨ੍ਹਾਂ ਨਾਲ ਗੁਰੂ ਸਾਹਿਬ ਨੇ ਆਪਣੇ ਕੁਝ ਸਾਥੀਆਂ ਦੇ ਘੋੜੇ ਬੰਨ੍ਹੇ ਸਨ। ਇਸ ਪਾਣੀ ਨੂੰ ਲੋਕ ਆਪਣੀਆਂ ਅੱਖਾਂ ’ਚ ਪਾਉਂਦੇ ਸਨ। ਤਣੇ ’ਚੋਂ ਨਿਕਲਦੇ ਪਾਣੀ ਕਰਕੇ ਇਸ ਦਰੱਖਤ ਦੀ ਮਾਨਤਾ ਵੀ ਬਹੁਤ ਹੋਣ ਲੱਗ ਪਈ। ਲੋਕ ਸ਼ਰਧਾ ਕਾਰਨ ਬੋਹੜ ਦੇ ਇਸ ਦਰੱਖਤ ਦੇ ਕੋਲ ਦੀਵੇ ਤੇ ਚਿਰਾਗ ਜਗਾਉਣ ਲੱਗ ਪਏ ਜਿਸ ਕਰ ਕੇ ਕੁਝ ਸਾਲ ਪਹਿਲਾਂ ਇਹ ਅਸਲੀ ਦਰੱਖਤ ਅੱਗ ਲੱਗਣ ਕਰ ਕੇ ਸੜ ਗਿਆ ਸੀ ਤੇ ਉਸ ਦੀਆਂ ਜੜਾਂ ਤੋਂ ਅੱਗੇ ਇਕ ਹੋਰ ਦਰੱਖਤ ਉੱਗ ਪਿਆ ਜਿਸ ਕੋਲ ਲੋਕ ਹੁਣ ਆਪਣੀ ਸ਼ਰਧਾ ਸਤਿਕਾਰ ਭੇਟ ਕਰਦੇ ਹਨ।

ਹਰ ਸਾਲ ਮਨਾਇਆ ਜਾਂਦਾ ਸਾਲਾਨਾ ਜੋੜ ਮੇਲ 

ਜਿੱਥੇ ਪਿੰਡ ਘੁੰਗਰਾਲੀ ਸਿੱਖਾਂ ਵਿਖੇ ਗੁਰੂ ਸਾਹਿਬ ਜੀ ਚਰਨ ਪਾਏ ਸਨ, ਉੱਥੇ ਅੱਜ-ਕੱਲ੍ਹ ਗੁਰਦੁਆਰਾ ਸ੍ਰੀ ਅਟਾਰੀ ਸਾਹਿਬ ਸੁਸ਼ੋਭਿਤ ਹੈ। ਅਸਥਾਨ ’ਤੇ ਸੇਵਾ ਕਰਨ ਵਾਲਿਆਂ ਦੀਆਂ ਗੁਰੂ ਸਾਹਿਬ ਜੀ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ। ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆਂ ਵੱਲੋਂ 1995 ’ਚ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦੀ ਸੇਵਾ ਸ਼ੁਰੂ ਕੀਤੀ ਗਈ ਸੀ। ਇਸ ਪਵਿੱਤਰ ਅਸਥਾਨ ’ਤੇ ਗੁਰੂ ਸਾਹਿਬ ਜੀ ਦੀ ਆਮਦ ਦੀ ਖੁਸ਼ੀ ’ਚ ਹਰ ਸਾਲ 7, 8 ਤੇ 9 ਮੱਘਰ ਨੂੰ ਭਾਰੀ ਸਾਲਾਨਾ ਜੋੜ ਮੇਲ ਭਰਦਾ ਹੈ। ਇਹ ਜੋੜ ਮੇਲੇ ਲਗਾਤਾਰ 96 ਸਾਲਾਂ ਤੋਂ ਭਰਦਾ ਆ ਰਿਹਾ ਹੈ ਜਿਸ ’ਚ ਸੰਗਤ ਦੂਰੋਂ-ਦੂਰੋਂ ਆਉਂਦੀ ਹੈ। ਇਸ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਨਾਲ ਵਿਸ਼ਾਲ ਨਗਰ ਕੀਰਤਨ ਵੀ ਸਜਾਇਆ ਜਾਂਦਾ ਹੈ, ਜੋ ਆਲੇ ਦੁਆਲੇ ਦੇ ਅਨੇਕਾਂ ਪਿੰਡਾਂ ਵਿਚ ਦੀ ਹੁੰਦਾ ਹੋਇਆ ਵਾਪਸ ਇਸੇ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੁੰਦਾ ਹੈ। ਸਾਲਾਨਾ ਜੋੜ ਮੇਲੇ ਤੋਂ ਇਲਾਵਾ ਆਮ ਦਿਨਾਂ ’ਚ ਵੀ ਸੰਗਤ ਇਸ ਅਸਥਾਨ ’ਤੇ ਦਰਸ਼ਨ ਦੀਦਾਰ ਕਰਨ ਆਉਂਦੀ ਰਹਿੰਦੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਿੰਡ ਘੁੰਗਰਾਲੀ ਸਿੱਖਾਂ ਵਿਖੇ ਆਮਦ ਨੂੰ ਲੈ ਕੇ ਗੁਰੁਦਆਰਾ ਸ੍ਰੀ ਅਟਾਰੀ ਸਾਹਿਬ ਘੁੰਗਰਾਲੀ ਸਿੱਖਾਂ ਦੀ ਦੇਸ਼-ਵਿਦੇਸ਼ ਤੱਕ ਮਾਨਤਾ ਹੈ।

ਇਹ ਵੀ ਪੜ੍ਹੋ