ਨਿੱਕੀਆਂ ਜਿੰਦਾਂ, ਵੱਡੇ ਸਾਕੇ - ਜਾਣੋ ਇਤਿਹਾਸ 

ਸੂਬਾ ਸਰਹਿੰਦ ਦੇ ਜ਼ੁਲਮਾਂ ਦੀ ਪਰਵਾਹ ਨਾ ਕਰਦੇ ਹੋਏ ਛੋਟੇ ਸਾਹਿਬਜ਼ਾਦਿਆਂ ਨੇ ਜੋ ਇਤਿਹਾਸ ਸਿਰਜਿਆ ਉਹ ਰਹਿੰਦੀ ਦੁਨੀਆਂ ਤੱਕ ਕਾਇਮ ਰਹੇਗਾ। ਇਹਨਾਂ ਮਹਾਨ ਸ਼ਹੀਦਾਂ ਦੀ ਬਦੌਲਤ ਸਿੱਖ ਕੌਮ ਦੁਨੀਆਂ ਭਰ 'ਚ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ। ਆਓ ਜਾਣਦੇ ਹਾਂ ਕਿ ਇਸ ਸ਼ਹਾਦਤ ਦਾ ਇਤਿਹਾਸ ਕੀ ਹੈ...... 

Share:

ਪੋਹ ਦੀ ਰੁੱਤ ਅਤੇ ਕਹਿਰ ਦੀ ਸਰਦੀ ਵਿੱਚ ਦੋ ਛੋਟੇ-ਛੋਟੇ ਬਾਲ ਦਾਦੀ ਦੀ ਉਂਗਲ ਫੜ ਕੇ ਜੰਗਲਾਂ ਵਿੱਚ ਦੀ ਹੁੰਦੇ ਹੋਏ ਹਨੇਰੇ ਨੂੰ ਚੀਰਦੇ ਆਪਣੀ ਜ਼ਿੰਦਗੀ ਦਾ ਔਕੜਾਂ ਭਰਿਆ ਸਫ਼ਰ ਤਹਿ ਕਰ ਰਹੇ ਸਨ। ਇੰਝ ਤੁਰਦੇ-ਤੁਰਦੇ ਗੰਗੂ, ਜੋ ਗੁਰੂ ਘਰ ਦਾ ਰਸੋਈਆ ਸੀ, ਦੇ ਪਿੰਡ ਸਹੇੜੀ ਜਾ ਪਹੁੰਚੇ। ਉਹ ਬੱਚਿਆਂ ਨੂੰ ਅਤੇ ਮਾਤਾ ਗੁਜਰੀ ਜੀ ਨੂੰ ਆਪਣੇ ਘਰ ਲੈ ਗਿਆ। ਮਾਤਾ ਜੀ ਕੋਲ ਕੁੱਝ ਗਹਿਣੇ ਅਤੇ  ਪੈਸੇ ਸਨ। ਇਨ੍ਹਾਂ ਗਹਿਣਿਆਂ ਅਤੇ ਹੀਰਿਆਂ ਦੀ ਚਮਕ ਨੇ ਗੰਗੂ  ਨੂੰ ਅੰਨ੍ਹਾ ਕਰ ਦਿੱਤਾ ਅਤੇ ਉਹ ਇਨ੍ਹਾਂ ਕੀਮਤੀ ਵਸਤਾਂ ਨੂੰ ਹਾਸਲ ਕਰਨ ਲਈ ਹੀਰਿਆਂ ਤੋਂ ਵੀ ਸੋਹਣੇ ਬੱਚਿਆਂ ਦੀ ‘ਮੌਤ ਦਾ ਕਾਰਨ’ ਬਣਿਆ। 

ਲਾਲਚੀ ਗੰਗੂ ਨੇ ਕੀਤੀ ਗੱਦਾਰੀ 

ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਅਤੇ ਮਾਤਾ ਨੂੰ ਵਜ਼ੀਰ ਖਾਨ ਕੋਲ ਫੜਾ ਕੇ ਗੰਗੂ ਵੱਡਾ ਇਨਾਮ ਜਿੱਤਣਾ ਚਾਹੁੰਦਾ ਸੀ, ਇਸ ਕਰਕੇ ਗੰਗੂ ਤੇ ਸਹੇੜੀ ਦੇ ਚੌਧਰੀਆਂ ਨੇ ਇਸ ਗੱਲ ਦੀ ਇਤਲਾਹ ਮੋਰਿੰਡੇ ਦੇ ਰੰਘੜ ਕੋਲ ਕੀਤੀ। ਇਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦਾ ਬੰਦੀ ਬਣਾ ਦਿੱਤਾ। ਸਾਹਿਬਜ਼ਾਦਿਆਂ ਅਤੇ ਦਾਦੀ ਜੀ ਨੂੰ ਫਤਹਿਗੜ੍ਹ ਸਾਹਿਬ ਵਿਖੇ  ਠੰਡੇ ਬੁਰਜ ਵਿੱਚ ਰੱਖਿਆ ਗਿਆ। ਇਸ ਬੁਰਜ ਨੂੰ ਸਿੱਖ ਇਤਿਹਾਸ ਵਿੱਚ ‘ਚੰਡਾਲ ਬੁਰਜ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪੋਹ ਦੀ ਠੰਡੀ ਹਵਾ ਕਲੇਜਿਆਂ ਨੂੰ ਚੀਰ ਕੇ ਲੰਘ ਰਹੀ ਸੀ ਪਰ ਸਿਦਕ ਦੇ ਪੱਕੇ ਸ਼ਹੀਦ ਦਾਦੇ ਦੇ ਪੋਤੇ ਆਪਣੀ ਦਾਦੀ ਮਾਂ ਦੀ ਨਿੱਘੀ ਬੁੱਕਲ ਦਾ ਆਨੰਦ ਮਾਣ ਰਹੇ ਸਨ। ਸਾਹਿਬਜ਼ਾਦੇ ਭੁੱਖਣ-ਭਾਣੇ ਠੰਡੇ ਬੁਰਜ ਵਿੱਚ ਬੈਠੇ ਦਾਦੀ ਮਾਂ ਦੀਆਂ ਬਾਤਾਂ ਸੁਣ ਰਹੇ ਸਨ। ਦਾਦੀ ਮਾਂ ਦੀਆਂ ਦਿੱਤੀਆਂ ਨਸੀਹਤਾਂ ’ਤੇ ਫੁੱਲ ਚੜ੍ਹਾਉਂਦਿਆਂ ਬੱਚਿਆਂ ਨੇ ਕਿਹਾ, ‘‘ਸਿਰ ਦੇ ਕੇ ਸਿਦਕ ਬਚਾਵਾਂਗੇ।’’ 

ਸੂਬੇ ਦੀ ਕਚਹਿਰੀ 'ਚ ਪਹਿਲੀ ਪੇਸ਼ੀ 

24 ਦਸੰਬਰ 1704 ਈ: ਦਾ ਦਿਨ ਚੜ੍ਹਿਆ। ਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ। ਸੂਰਮਿਆਂ ਨੇ ਕਚਿਹਰੀ ਵਿੱਚ ਖਲੋ ਕੇ ਫ਼ਤਹਿ ਬੁਲਾਈ। ਇਹ ਦੇਖ ਕੇ ਸੂਬਾ ਕੰਬ ਉੱਠਿਆ। ਸੂਬੇ ਨੇ ਸਾਹਿਬਜ਼ਾਦਿਆਂ ਨੂੰ ਧਰਮ ਤੋਂ ਡੁਲਾਉਣ ਦੇ ਲੱਖਾਂ ਯਤਨ ਕੀਤੇ। ਤਰ੍ਹਾਂ-ਤਰ੍ਹਾਂ ਦੇ ਲਾਲਚ ਦਿੱਤੇ ਤਾਂ ਕਿ ਉਹ ਸਿੱਖ ਧਰਮ ਨੂੰ ਛੱਡ ਕੇ ਇਸਲਾਮ ਕਬੂਲ ਕਰ ਲੈਣ। ਸਾਹਿਬਜ਼ਾਦਿਆਂ ਨੇ ਆਖਿਆ ਕਿ ਉਨ੍ਹਾਂ ਨੂੰ ਤਾਂ ਅਕਾਲ ਪੁਰਖ ਦੇ ਆਸਰੇ ਦੀ ਲੋੜ ਹੈ। ਹੋਰ ਕੋਈ ਆਸਰੇ ਦੀ ਲੋੜ ਨਹੀਂ। ਸੂਬੇ ਨੂੰ ਜਦ ਕੋਈ ਗੱਲ ਰਾਹ ਪੈਂਦੀ ਨਾ ਦਿਸੀ ਤਾਂ ਉਸ ਨੇ ਸਾਹਿਬਜ਼ਾਦਿਆਂ ਨੂੰ ਇੱਕ ਰਾਤ ਹੋਰ ਠੰਡੇ ਬੁਰਜ ’ਚ ਰੱਖਣ ਦਾ ਹੁਕਮ ਕੀਤਾ। ਭੁੱਖੇ-ਤਿਹਾਏ ਛੋਟੇ ਬੱਚੇ ਦੂਜੇ ਦਿਨ ਬੁਰਜ ਦੀ ਤਸੀਹਿਆਂ ਭਰੀ ਰਾਤ ਪਲ-ਪਲ ਕਰ ਕੇ ਗੁਜ਼ਾਰ ਰਹੇ ਸਨ। ਇਸ ਸਮੇਂ ਹੀ ਗੁਰੂ ਘਰ ਦਾ ਇੱਕ ਪ੍ਰੇਮੀ ਬਾਬਾ ਮੋਤੀ ਰਾਮ ਮਹਿਰਾ, ਜੋ ਵਜ਼ੀਰ ਖਾਨ ਦੇ ਲੰਗਰ ਵਿੱਚ ਨੌਕਰੀ ਕਰਦਾ ਸੀ, ਦੁੱਧ ਦੀ ਗੜਵੀ ਲੈ ਕੇ ਬੁਰਜ ਵਿੱਚ ਪਹੁੰਚਿਆ। ਰਸਤੇ ਵਿੱਚ ਕਿਸੇ ਪਹਿਰੇਦਾਰ ਨੇ ਮੋਤੀ ਰਾਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਮੋਹਰਾਂ ਅਤੇ ਪੈਸੇ ਵੀ ਦੇਣੇ ਪਏ। ਮਾਤਾ ਗੁਜਰੀ ਜੀ ਨੇ ਦੁੱਧ ਪੋਤਿਆਂ ਨੂੰ ਛਕਾਇਆ ਅਤੇ ਮੋਤੀ ਮਹਿਰੇ ਦਾ ਧੰਨਵਾਦ ਕੀਤਾ।

ਸਿਦਕ ਤੋਂ ਨਾ ਡੋਲੇ ਸਾਹਿਬਜ਼ਾਦੇ 

ਸਾਹਿਬਜ਼ਾਦਿਆਂ ਦੀ ਦੂਸਰੀ ਪੇਸ਼ੀ 25 ਦਸੰਬਰ 1704 ਈ. ਨੂੰ ਹੋਈ। ਜਦੋਂ ਸਿਪਾਹੀ ਬੱਚਿਆਂ ਨੂੰ ਲੈਣ ਆਏ ਤਾਂ ਦਾਦੀ ਮਾਂ ਨੇ ਬੱਚਿਆਂ ਨੂੰ ਸਿਦਕ ਦੇ ਪੱਕੇ ਰਹਿਣ ਦੀ ਪ੍ਰੇਰਨਾ ਦਿੱਤੀ। ਸਾਹਿਬਜ਼ਾਦਿਆਂ ਨੇ ਕਚਿਹਰੀ ਵਿੱਚ ਜਾ ਫਿਰ ਫ਼ਤਹਿ ਬੁਲਾਈ। ਸੂਬੇ ਨੇ ਫਿਰ ਉਹ ਹੀ ਇਸਲਾਮ ਕਬੂਲ ਕਰਨ ਦੀ ਪੇਸ਼ਕਾਰੀ ਕੀਤੀ ਪਰ ਸਾਹਿਬਜ਼ਾਦਿਆਂ ਨੇ ਇਹ ਪੇਸ਼ਕਾਰੀ ਠੁਕਰਾ ਦਿੱਤੀ। ਸੂਬੇ ਨੇ ਆਪਣੀ ਹਾਰ ਛੁਪਾਉਣ ਲਈ ਕਾਜ਼ੀ ਕੋਲੋਂ ਫ਼ਤਵਾ ਲਵਾਇਆ। ਕਾਜ਼ੀ ਨੇ ਸ਼ਰ੍ਹਾ ਦੀ ਕਿਤਾਬ ਫੋਲਦਿਆਂ ਕਿਹਾ ਕਿ ਇਨ੍ਹਾਂ ਨੂੰ ਜਿਉਂਦਿਆਂ ਨੀਹਾਂ ਵਿੱਚ ਚਿਣ ਦੇਣਾ ਚਾਹੀਦਾ ਹੈ। ਜਿਸ ਸਮੇਂ ਇਹ ਫੈਸਲਾ ਸੁਣਾਇਆ ਗਿਆ ਉਸ ਵੇਲੇ ਮਾਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਵੀ ਉਥੇ ਮੌਜੂਦ ਸੀ। ਉਹ ਉਠ ਖਲੋਤਾ ਅਤੇ ‘ਹਾਅ ਦਾ ਨਾਅਰਾ’ ਮਾਰਿਆ। ਇਸ ਹਾਅ ਦੇ ਨਾਅਰੇ ਨੂੰ ਸੁਣ ਕੇ ਵਜ਼ੀਰ ਖਾਨ ਦਾ ਮਨ ਕੁਝ ਬਦਲਿਆ ਪਰ ਕੋਲ ਬੈਠੇ ਸੁੱਚਾ ਨੰਦ ਨੇ ਭਾਨੀ ਮਾਰਦਿਆਂ ਕਿਹਾ, ‘‘ਵਜ਼ੀਰ ਖਾਨ ਇਨ੍ਹਾਂ ਬੱਚਿਆਂ ਨੂੰ ਜਿਉਂਦੇ ਛੱਡ ਕੇ ਤੂੰ ਸੁੱਖ ਦੀ ਨੀਂਦ ਨਹੀਂ ਸੌਂ ਸਕਦਾ।’’ ਇਸ ਮਗਰੋਂ ਸੂਬੇ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ’ਚ ਚਿਣਨ ਦਾ ਹੁਕਮ ਦਿੱਤਾ। ਇਸ ਤਰ੍ਹਾਂ ਸਾਹਿਬਜ਼ਾਦਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ। ਇਸ ਦੁਖ਼ਦਾਈ ਖ਼ਬਰ ਦਾ ਪਤਾ ਜਦੋਂ ਮਾਤਾ ਗੁਜਰੀ ਜੀ ਨੂੰ ਲੱਗਿਆ ਤਾਂ ਉਹ ਵੀ ਜੋਤੀ ਜੋਤ ਸਮਾ ਗਏ। ਮਗਰੋਂ ਟੋਡਰ ਮੱਲ ਨੇ ਮੋਹਰਾਂ ਵਿਛਾ ਕੇ ਜ਼ਮੀਨ ਖਰੀਦੀ ਅਤੇ ਤਿੰਨਾਂ ਦੇਹਾਂ ਦਾ ਸਸਕਾਰ ਕੀਤਾ। 

ਇਹ ਵੀ ਪੜ੍ਹੋ