ਸ਼ਹਾਦਤਾਂ ਦਾ ਸਫਰ : ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹੀਦੀ

ਇਹ ਕੁਰਬਾਨੀ ਕੋਈ ਛੋਟੀ ਨਹੀਂ ਪਰ ਬਹੁਤੇ ਸਿੱਖ ਇਸ ਤੋਂ ਨਾਵਾਕਫ ਹਨ। ਸਾਡਾ ਫਰਜ਼ ਬਣਦਾ ਹੈ ਕਿ ਸ਼ਹੀਦੀ ਸਾਕੇ ਨੂੰ ਯਾਦ ਕਰਦਿਆਂ ਹਰ ਉਸ ਸ਼ਖਸ ਨੂੰ ਯਾਦ ਕਰੀਏ, ਜਿਸਨੇ ਇਨ੍ਹੀਂ ਦਿਨੀਂ ਗੁਰੂ ਪਰਿਵਾਰ ਲਈ ਹਾਅ ਦਾ ਨਾਅਰਾ ਮਾਰਿਆ ਸੀ। ਗੁਰਦੁਆਰਿਆਂ 'ਚ ਇਨ੍ਹਾਂ ਯੋਧਿਆਂ ਦੀ ਗੱਲ ਕਰੀਏ ਤੇ ਸੀਸ ਝੁਕਾਈਏ।

Share:

ਹਾਈਲਾਈਟਸ

  • ਸਭ ਤੋਂ ਪਹਿਲਾਂ ਜਲਾਦਾਂ ਨੇ ਉਹਨਾਂ ਦੇ 7 ਸਾਲ ਦੇ ਸਪੁੱਤਰ ਨਰਾਇਣੇ ਨੂੰ ਮਾਂ ਦੀ ਗੋਦ ਵਿੱਚੋਂ ਧੱਕੇ ਨਾਲ ਖੋਹ ਕੇ ਕੋਹਲੂ ਵਿੱਚ ਪੀੜ੍ਹ ਕੇ ਸ਼ਹੀਦ ਕਰ ਦਿੱਤਾ

ਇਤਿਹਾਸਕਾਰਾਂ ਅਨੁਸਾਰ ਗੰਗੂ ਬ੍ਰਹਮਣ ਕੁੰਮੇ ਮਾਸ਼ਕੀ ਦੀ ਛੰਨ ’ਚ ਆ ਕੇ ਹੀ ਮਾਤਾ ਜੀ ਨੂੰ ਮਿਲਿਆ। ਇਹ ਛੰਨ ਵਾਲਾ ਸਥਾਨ ਪਿੰਡ ਚੱਕ ਢੇਰਾ, ਜ਼ਿਲ੍ਹਾ ਰੋਪੜ ਵਿੱਚ ਹੀ ਹੈ। ਗੰਗੂ ਬ੍ਰਾਹਮਣ ਦਾ ਪੂਰਾ ਨਾਮ ਗੰਗਾਧਰ ਕੌਲ ਸੀ ਤੇ ਇਤਹਾਸਕਾਰਾਂ ਮੁਤਾਬਿਕ ਮੌਜੂਦਾ ਗਾਂਧੀ ਵੰਸ਼ਜ ਗੰਗੂ ਖਾਨਦਾਨ ਦੀ ਹੀ ਔਲਾਦ ਸੀ। ਗੰਗੂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਮੋਰਿੰਡੇ ਲਾਗੇ ਪੈਂਦੇ ਆਪਣੇ ਪਿੰਡ ਸਹੇੜੀ ਲੈ ਗਿਆ। ਕੁਝ ਸ਼ਾਹੀ ਫੌਜ ਦਾ ਡਰ ਅਤੇ ਕੁਝ ਇਨਾਮ ਮਿਲਣ ਦੇ ਲਾਲਚ ਨਾਲ ਉਸਦੀ ਨੀਅਤ ਵਿਗੜ ਗਈ। ਉਸ ਨੇ ਮਾਤਾ ਜੀ ਤੇ ਬੱਚਿਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ। ਪਹਿਲਾਂ ਉਨ੍ਹਾਂ ਨੂੰ ਮੋਰਿੰਡਾ ਥਾਣੇ ਰੱਖਿਆ ਗਿਆ ਅਤੇ ਫਿਰ ਸੂਬਾ ਸਰਹੰਦ ਅੱਗੇ ਪੇਸ਼ ਕਰਕੇ ਠੰਡੇ ਬੁਰਜ 'ਚ ਕੈਦ ਕਰ ਦਿੱਤਾ ਗਿਆ।

ਸ਼ਹੀਦੀ ਸਾਕੇ ਦਾ ਅਹਿਮ ਅੰਗ 

ਅੱਜ ਆਪਾਂ ਗੱਲ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਕਰਨੀ ਹੈ, ਜਿਨ੍ਹਾਂ ਦੀ ਪਰਿਵਾਰ ਸਮੇਤ ਕੁਰਬਾਨੀ ਇਸ ਸ਼ਹੀਦੀ ਸਾਕੇ ਦਾ ਅਹਿਮ ਅੰਗ ਹੈ। ਜਦ ਬਾਬਾ ਮੋਤੀ ਰਾਮ ਮਹਿਰਾ ਨੂੰ ਪਤਾ ਲੱਗਾ ਕਿ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਠੰਢੇ ਬੁਰਜ ਵਿੱਚ ਕੈਦ ਕੀਤਾ ਹੋਇਆ ਹੈ। ਇਹ ਸੁਣ ਕੇ ਬਾਬਾ ਮੋਤੀ ਰਾਮ ਮਹਿਰਾ ਜੀ ਬਹੁਤ ਚਿੰਤਤ ਹੋਏ ਅਤੇ ਉਦਾਸੀ ਦੇ ਆਲਮ ਵਿੱਚ ਆਪਣੇ ਘਰ ਪਹੁੰਚੇ ਤਾਂ ਉਹਨਾ ਦੀ 70 ਸਾਲਾ ਬਜੁਰਗ ਮਾਤਾ ਅਤੇ ਪਤਨੀ ਭੋਈ ਨੇ ਮਾਯੂਸੀ ਦਾ ਕਾਰਨ ਪੁੱਛਿਆ। ਬਾਬਾ ਮੋਤੀ ਰਾਮ ਮਹਿਰਾ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜਾਦੇ ਸੂਬੇ ਨੇ ਠੰਢੇ ਬੁਰਜ ਵਿੱਚ ਕੈਦ ਕਰਕੇ ਰੱਖੇ ਹੋਏ ਹਨ। ਉਹ ਕਈ ਦਿਨਾ ਤੋਂ ਭੁੱਖੇ ਅਤੇ ਪਿਆਸੇ ਹਨ। ਉਹਨਾ ਕੋਲ ਠੰਢ ਤੋਂ ਬਚਣ ਲਈ ਕੋਈ ਕੱਪੜਾ ਵੀ ਨਹੀ ਹੈ।

ਮਾਤਾ ਜੀ ਨੇ ਦਿੱਤੀਆਂ ਅਸੀਸਾਂ 

ਇਹ ਦਰਦ ਭਰੀ ਦਾਸਤਾਨ ਸੁਣ ਕੇ ਉਹਨਾਂ ਦੀ ਮਾਤਾ ਅਤੇ ਪਤਨੀ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬ ਦੇ ਪਰਿਵਾਰ ਦੀ ਜ਼ਰੂਰ ਹੀ ਸੇਵਾ ਕਰਨੀ ਚਾਹੀਦੀ ਹੈ। ਭਾਵੇਂ ਕਿ ਵਜੀਰ ਖਾਂ ਨੇ ਇਹ ਐਲਾਨ ਕੀਤਾ ਹੋਇਆ ਹੈ ਕਿ ਜੋ ਵੀ ਗੁਰੂ ਦੇ ਪਰਿਵਾਰ ਜਾਂ ਸਿੱਖ ਦੀ ਮਦਦ ਕਰੇਗਾ, ਉਸਨੂੰ ਪਰਿਵਾਰ ਸਮੇਤ ਕੋਹਲੂ ਵਿੱਚ ਪੀੜ ਦਿੱਤਾ ਜਾਵੇਗਾ। ਫਿਰ ਵੀ ਸਾਰੇ ਪਰਿਵਾਰ ਨੇ ਸਲਾਹ ਕਰਕੇ ਬਾਬਾ ਮੋਤੀ ਰਾਮ ਮਹਿਰਾ ਨੂੰ ਦੁੱਧ ਦਾ ਗੜਵਾ ਭਰ ਕੇ ਦਿੱਤਾ ਅਤੇ ਕਿਹਾ ਕਿ ਜਾ ਕੇ ਗਰਮ-ਗਰਮ ਦੁੱਧ ਮਾਤਾ ਜੀ ਅਤੇ ਗੁਰੂ ਜੀ ਦੇ ਲਾਲਾਂ ਨੂੰ ਪਿਆਉ। ਬਾਬਾ ਮੋਤੀ ਰਾਮ ਮਹਿਰਾ ਕਿਸੇ ਨਾ ਕਿਸੇ ਤਰੀਕੇ ਨਾਲ ਠੰਢੇ ਬੁਰਜ ਵਿੱਚ ਪਹੁੰਚ ਗਏ। ਜਦੋਂ ਮਾਤਾ ਗੁਜਰ ਕੌਰ ਅਤੇ ਸਾਹਿਬਜਦਿਆਂ ਨੇ ਕੜਾਕੇ ਦੀ ਠੰਢ ਵਿੱਚ ਗਰਮ-ਗਰਮ ਦੁੱਧ ਪੀਤਾ ਤਾਂ ਮਾਤਾ ਜੀ ਨੇ ਅਨੇਕਾਂ ਅਸੀਸਾਂ ਦਿੱਤੀਆਂ। ਤਿੰਨ ਰਾਤਾਂ ਇਸੇ ਤਰਾਂ ਹੀ ਠੰਢੇ ਬੁਰਜ ਵਿੱਚ ਪਹੁੰਚ ਕੇ ਦੁੱਧ ਅਤੇ ਪ੍ਰਸ਼ਾਦੇ ਦੀ ਸੇਵਾ ਕਰਦੇ ਰਹੇ।

ਪੰਮਾ ਨੇ ਵਜੀਰ ਖਾਂ ਨੂੰ ਲਾਈ ਚੁਗਲੀ  

ਗੰਗੂ ਬ੍ਰਾਹਮਣ ਦਾ ਭਰਾ ਜਿਸਦਾ ਨਾਮ ਪੰਮਾ ਸੀ ਅਤੇ ਉਹ ਵੀ ਬਾਬਾ ਮੋਤੀ ਰਾਮ ਮਹਿਰਾ ਨਾਲ ਰਸੋਈ ਵਿੱਚ ਹੀ ਕੰਮ ਕਰਦਾ ਸੀ। ਉਸਨੇ ਹੀ ਵਜੀਰ ਖਾਂ ਨੂੰ ਚੁਗਲੀ ਲਾਈ ਕਿ ਮੋਤੀ ਰਾਮ ਮਹਿਰੇ ਨੇ ਹਕੂਮਤ ਵੱਲੋਂ ਬਾਗੀ ਐਲਾਨ ਕੀਤੇ ਗਏ ਗੁਰੂ ਪਰਿਵਾਰ ਦੀ ਦੁੱਧ ਨਾਲ ਤਿੰਨ ਦਿਨ ਸੇਵਾ ਕੀਤੀ ਹੈ। ਜਦੋਂ ਪੰਮੇ ਨੇ ਚੁਗਲੀ ਲਾਈ ਤਾਂ ਵਜੀਰ ਖਾਂ ਨੇ ਹੁਕਮ ਦਿੱਤਾ ਕਿ ਮੋਤੀ ਰਾਮ ਮਹਿਰਾ ਦੀਆਂ ਮੁਸ਼ਕਾਂ ਬੰਨ ਕੇ ਉਸਦੇ ਅੱਗੇ ਪੇਸ਼ ਕੀਤਾ ਜਾਏ। ਸਿਪਾਹੀਆਂ ਅਮਲ ਕਰਦਿਆਂ ਤੁਰੰਤ ਹੀ ਬਾਬਾ ਮੋਤੀ ਰਾਮ ਨੂੰ ਜੂੜ ਕੇ ਵਜ਼ੀਰ ਖਾਂ ਦੇ ਸਾਹਮਣੇ ਪੇਸ਼ ਕਰ ਦਿੱਤਾ।

 

ਸਾਰੇ ਪਰਿਵਾਰ ਨੂੰ ਕੋਹਲੂ ਵਿੱਚ ਪੀੜਿਆ

ਵਜ਼ੀਰ ਖਾਂ ਨੇ ਕਰੋਧ ਨਾਲ ਅੱਗ ਬਬੂਲਾ ਹੋ ਕੇ ਕਿਹਾ ਕਿ ਮੋਤੀ ਰਾਮ ਤੇਰਾ ਗੁਨਾਹ ਬਹੁਤ ਵੱਡਾ ਹੈ। ਦੀਨ ਕਬੂਲ ਕੇ ਮੁਸਲਮਾਨ ਹੋ ਜਾ, ਨਹੀਂ ਤਾਂ ਤੈਨੂੰ ਪਰਿਵਾਰ ਸਮੇਤ ਕਤਲ ਕਰ ਦਿੱਤਾ ਜਾਵੇਗਾ। ਮੋਤੀ ਰਾਮ ਮਹਿਰਾ ਨੇ ਜਵਾਬ ਦਿੱਤਾ ਕਿ ਮੈਨੂੰ ਮੌਤ ਦਾ ਕੋਈ ਡਰ ਨਹੀਂ । ਜੇ ਗੁਰੂ ਦੇ ਲਾਲ ਸੱਤ ਸਾਲ ਅਤੇ ਨੌ ਸਾਲ ਦੀ ਉਮਰ ਵਿੱਚ ਤੇਰੇ ਡਰਾਵੇ ਨਾਲ ਮੁਸਲਮਾਨ ਨਹੀਂ ਹੋਏ ਤਾ ਮੈ ਤਾਂ ਜਵਾਨ ਮਰਦ ਹਾਂ। ਮੇਰੇ ਤੇ ਤੇਰਾ ਕੀ ਅਸਰ ਹੋਣਾ ਹੈ? ਇਹ ਸੁਣਦਿਆਂ ਹੀ ਸੂਬੇ ਨੇ ਹੁਕਮ ਦਿੱਤਾ ਕਿ ਇਸਦੇ ਪਰਿਵਾਰ ਨੂੰ ਨਰੜ ਕੇ ਲਿਆਉ। ਬਾਬਾ ਮੋਤੀ ਰਾਮ ਮਹਿਰਾ ਦੀ ਮਾਤਾ, ਪਤਨੀ ਅਤੇ 7 ਸਾਲ ਦੇ ਪੁੱਤਰ ਨਰਾਇਣੇ ਨੂੰ ਬੰਨ੍ਹ ਕੇ ਤੇਲੀਆਂ ਮੁਹੱਲੇ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਕੋਹਲੂ ਦੇ ਕੋਲ ਲਿਆਂਦਾ ਅਤੇ ਕੋੜੇ ਮਾਰ-ਮਾਰ ਕੇ ਅਧਮੋਏ ਕਰ ਦਿੱਤਾ। ਇੱਕ ਵਾਰੀ ਫਿਰ ਵਜੀਰ ਖਾਂ ਨੇ ਪੁੱਛਿਆ ਕਿ ਜੇ ਉਹਨਾ ਦੀ ਅਕਲ ਟਿਕਾਣੇ ਆ ਗਈ ਹੈ ਤਾਂ ਹਾਲੇ ਵੀ ਇਸਲਾਮ ਕਬੂਲ ਕਰ ਲਵੋ ਤਾਂ ਜਾਨ ਬਖਸ਼ ਦਿੱਤੀ ਜਾਵਗੀ। ਇਹ ਸੁਣਦਿਆਂ ਹੀ ਸਾਰੇ ਪਰਿਵਾਰ ਨੇ ਧਰਮ ਛੱਡਣ ਤੋਂ ਇਨਕਾਰ ਕਰ ਦਿੱਤਾ। ਸੂਬੇ ਨੇ ਕ੍ਰੋਧ ਵਿੱਚ ਆ ਕੇ ਕਿਹਾ ਕਿ ਸਾਰੇ ਪਰਿਵਾਰ ਨੂੰ ਕੋਹਲੂ ਵਿੱਚ ਪੀੜ ਦਿੱਤਾ ਜਾਵੇ। ਹੁਕਮ ਦੀ ਤਾਮੀਲ ਹੋਈ। ਸਭ ਤੋਂ ਪਹਿਲਾਂ ਜਲਾਦਾਂ ਨੇ ਉਹਨਾਂ ਦੇ 7 ਸਾਲ ਦੇ ਸਪੁੱਤਰ ਨਰਾਇਣੇ ਨੂੰ ਮਾਂ ਦੀ ਗੋਦ ਵਿੱਚੋਂ ਧੱਕੇ ਨਾਲ ਖੋਹ ਕੇ ਕੋਹਲੂ ਵਿੱਚ ਪੀੜ੍ਹ ਕੇ ਸ਼ਹੀਦ ਕਰ ਦਿੱਤਾ। ਫਿਰ ਜਲਾਦਾਂ ਨੇ ਬਾਬਾ ਮੋਤੀ ਰਾਮ ਮਹਿਰਾ ਦੀ 70 ਸਾਲਾ ਮਾਤਾ ਲੱਧੋ ਨੂੰ ਵੀ ਕੋਹਲੂ ਵਿੱਚ ਪੀੜ ਦਿੱਤਾ। ਇਹ ਦ੍ਰਿਸ਼ ਦੇਖ ਕੇ ਲੋਕ ਤ੍ਰਾਹ ਤ੍ਰਾਹ ਕਰ ਉਠੇ। ਫਿਰ ਵਾਰੀ ਆਈ ਬੀਬੀ ਭੋਈ ਦੀ, ਉਸਨੂੰ ਵੀ ਕੋਹਲੂ ਵਿੱਚ ਪੀੜ੍ਹ ਕੀ ਸ਼ਹੀਦ ਕਰ ਦਿੱਤਾ। ਅਖੀਰ ਆਪਣੀ ਹਾਰ ਅਤੇ ਬੇਇਜਤੀ ਮਹਿਸੂਸ ਕਰਦਿਆਂ ਸੂਬੇ ਨੇ ਬਾਬਾ ਮੋਤੀ ਰਾਮ ਮਹਿਰਾ ਨੂੰ ਵੀ ਕਤਲ ਕਰਨ ਦਾ ਹੁਕਮ ਦੇ ਦਿੱਤਾ। ਇਸ ਤਰਾਂ ਸਰਬੰਸਦਾਨੀ ਗੁਰੂ ਦਾ ਸਿੱਖ ਸਮੇਤ ਪਰਿਵਾਰ ਸ਼ਹੀਦੀ ਜਾਮ ਪੀ ਕੇ ਅਮਰ ਹੋ ਗਿਆ।

ਇਹ ਵੀ ਪੜ੍ਹੋ