Viral Video - ਦੇਖੋ ਪੰਜਾਬ 'ਚ ਕਿਵੇਂ ਰਿਓੜੀਆਂ ਵਾਂਗ ਵਿਕ ਰਿਹਾ ਨਸ਼ਾ

ਵੀਡੀਓ ਲੁਧਿਆਣਾ ਜਿਲ੍ਹੇ ਦੇ ਖੰਨਾ ਦੀ ਦੱਸੀ ਜਾ ਰਹੀ ਹੈ। ਸਿਵਲ ਹਸਪਤਾਲ ਦੇ ਬਾਹਰ ਸਰੇਆਮ ਨਸ਼ਾ ਵੇਚਿਆ ਜਾ ਰਿਹਾ ਹੈ। ਵੀਡੀਓ ਦੇਖ ਕੇ ਲੱਗਦਾ ਹੈ ਕਿ ਸ਼ਾਇਦ ਇਹਨਾਂ ਨੂੰ ਕਿਸੇ ਪੁਲਿਸ ਜਾਂ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ ਹੈ। 

Share:

ਕ੍ਰਾਇਮ ਨਿਊਜ਼। ਖੰਨਾ 'ਚ ਨੈਸ਼ਨਲ ਹਾਈਵੇ 'ਤੇ ਸਥਿਤ ਸਿਵਲ ਹਸਪਤਾਲ ਦੇ ਬਾਹਰ ਕੁੱਝ ਨੌਜਵਾਨ ਇਸ ਤਰ੍ਹਾਂ ਨਸ਼ਾ ਵੇਚ ਰਹੇ ਸੀ ਜਿਵੇਂ ਲੋਹੜੀ ਮੌਕੇ ਰਿਓੜੀਆਂ ਵੰਡ ਰਹੇ ਹੋਣ। ਨਸ਼ੀਲੀਆਂ ਗੋਲੀਆਂ ਵਿਕਣ ਦੀ ਵੀਡੀਓ ਸਾਹਮਣੇ ਆਈ ਹੈ। ਵੀਡੀਓ 'ਚ ਨਸ਼ੇ ਵਾਲੀਆਂ ਗੋਲੀਆਂ ਖੁੱਲ੍ਹੇਆਮ ਵੇਚੀਆਂ ਜਾ ਰਹੀਆਂ ਹਨ। ਵੀਡੀਓ 'ਚ ਕੁੱਝ ਨੌਜਵਾਨ ਨਜ਼ਰ ਆ ਰਹੇ ਹਨ ਜੋ ਗੋਲੀਆਂ ਖਰੀਦਣ ਅਤੇ ਵੇਚਣ ਦਾ ਧੰਦਾ ਕਰ ਰਹੇ ਹਨ। ਇੱਕ-ਦੋ ਨੌਜਵਾਨਾਂ ਦੇ ਹੱਥਾਂ ਵਿੱਚ 500-500 ਰੁਪਏ ਦੇ ਨੋਟ ਵੀ ਸਨ। ਜਿਸ ਕਾਰਨ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਧੰਦਾ ਉਨ੍ਹਾਂ ਲਈ ਆਮ ਹੋ ਗਿਆ ਹੈ। ਦੂਜੇ ਪਾਸੇ ਸਿਵਲ ਹਸਪਤਾਲ ਵੀ ਦਿਨੋ-ਦਿਨ ਨਸ਼ੇੜੀਆਂ ਦਾ ਅੱਡਾ ਬਣਦਾ ਜਾ ਰਿਹਾ ਹੈ, ਜਿਸ ਕਾਰਨ ਮਰੀਜ਼ ਅਤੇ ਉਨ੍ਹਾਂ ਨਾਲ ਆਉਣ ਵਾਲੇ ਲੋਕ ਹੀ ਨਹੀਂ ਸਗੋਂ ਡਾਕਟਰ ਵੀ ਪ੍ਰੇਸ਼ਾਨ ਹਨ।

ਸਰਕਾਰੀ ਹਸਪਤਾਲ ਚੋਂ ਮੁਫ਼ਤ ਲੈਂਦੇ ਗੋਲੀਆਂ

ਪਤਾ ਲੱਗਾ ਹੈ ਕਿ ਸਿਵਲ ਹਸਪਤਾਲ ਵਿੱਚ ਸਰਕਾਰੀ ਨਸ਼ਾ ਛੁਡਾਊ ਕੇਂਦਰ ਤੋਂ ਕੁਝ ਨੌਜਵਾਨ ਮੁਫਤ ਵਿਚ ਗੋਲੀਆਂ ਲੈ ਕੇ ਜਾਂਦੇ ਹਨ।  ਗੋਲੀਆਂ ਇਕੱਠੀਆਂ ਕਰਨ ਤੋਂ ਬਾਅਦ ਇਨ੍ਹਾਂ ਨੂੰ 50 ਤੋਂ 100 ਰੁਪਏ ਪ੍ਰਤੀ ਗੋਲੀ ਦੇ ਹਿਸਾਬ ਨਾਲ ਦੂਜੇ ਨਸ਼ੇੜੀਆਂ ਨੂੰ ਵੇਚਿਆ ਜਾਂਦਾ ਹੈ। ਇਸਤੋਂ ਪਹਿਲਾਂ ਵੀ ਇਹ ਮੁੱਦਾ ਕਈ ਵਾਰ ਚਰਚਾ 'ਚ ਆ ਚੁੱਕਾ ਹੈ। ਪਰ ਸਖ਼ਤ ਕਾਰਵਾਈ ਨਾ ਹੋਣ ਕਾਰਨ ਗੋਲੀਆਂ ਵੇਚਣ ਵਾਲਿਆਂ ਦੇ ਹੌਂਸਲੇ ਵਧਦੇ ਜਾ ਰਹੇ ਹਨ। ਸਿਵਲ ਹਸਪਤਾਲ ਦੇ ਅੰਦਰ ਅਤੇ ਬਾਹਰ ਨਸ਼ੀਲੀਆਂ ਗੋਲੀਆਂ ਵੇਚਣ ਤੋਂ ਇਲਾਵਾ ਚੋਰੀਆਂ ਵੀ ਸ਼ਰੇਆਮ ਹੋ ਰਹੀਆਂ ਹਨ। ਬਾਈਕ ਚੋਰੀ ਆਮ ਗੱਲ ਹੋ ਗਈ ਹੈ। ਇਹ ਚੋਰ ਸਿਵਲ ਹਸਪਤਾਲ ਦੇ ਬਾਹਰ ਅਤੇ ਅੰਦਰ ਪਾਰਕਿੰਗ ਚੋਂ ਬਾਈਕ ਚੋਰੀ ਕਰਦੇ ਹਨ। ਜਿਸ ਕਾਰਨ ਆਮ ਲੋਕ ਕਾਫੀ ਪਰੇਸ਼ਾਨ ਹਨ।

ਚੌਕੀ ਬਣਾਉਣ ਦੀ ਕੀਤੀ ਮੰਗ - ਐਸ.ਐਮ.ਓ

ਸਿਵਲ ਹਸਪਤਾਲ ਦੇ ਐਸ.ਐਮ.ਓ ਡਾ: ਮਨਿੰਦਰ ਸਿੰਘ ਭਸੀਨ ਨੇ ਦੱਸਿਆ ਕਿ ਹਸਪਤਾਲ ਅੰਦਰ ਵੱਧ ਰਹੀਆਂ ਚੋਰੀਆਂ ਅਤੇ ਨਸ਼ੇੜੀਆਂ ਦੀਆਂ ਗਤੀਵਿਧੀਆਂ ਨੂੰ ਦੇਖਦਿਆਂ ਹਸਪਤਾਲ ਦੇ ਅੰਦਰ ਪੁਲਿਸ ਚੌਕੀ ਸਥਾਪਤ ਕਰਨ ਦੀ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ | ਰੋਗੀ ਕਲਿਆਣ ਸੰਮਤੀ ਦੀ ਹਾਲ ਹੀ ਵਿੱਚ ਹੋਈ ਮੀਟਿੰਗ ਵਿੱਚ ਵੀ ਇਹ ਮੁੱਦਾ ਉਠਾਇਆ ਗਿਆ ਸੀ। ਐਸ.ਡੀ.ਐਮ ਦੇ ਹੁਕਮਾਂ 'ਤੇ  ਮੁੜ ਚੌਂਕੀ ਸਥਾਪਿਤ ਕਰਨ ਲਈ ਪੱਤਰ ਲਿਖਿਆ ਜਾਵੇਗਾ।

ਬਖਸ਼ਿਆ ਨਹੀਂ ਜਾਵੇਗਾ - ਡੀ.ਐਸ.ਪੀ

ਡੀਐਸਪੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਵੀਡੀਓ ਵਾਇਰਲ ਹੋਣ ਦੀ ਸੂਚਨਾ ਮੀਡੀਆ ਤੋਂ ਮਿਲੀ ਹੈ। ਵੀਡੀਓ ਦੇ ਆਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ। ਗੈਰ-ਕਾਨੂੰਨੀ ਧੰਦਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਜਲਦੀ ਹੀ ਉਨ੍ਹਾਂ ਦਾ ਪਤਾ ਲਗਾ ਕੇ ਫੜ ਲਿਆ ਜਾਵੇਗਾ।

ਇਹ ਵੀ ਪੜ੍ਹੋ