ਇਟਲੀ 'ਚ ਕੁੱਟਮਾਰ ਕਰਕੇ ਘਰੋਂ ਕੱਢਿਆ, ਐਮਰਜੈਂਸੀ ਪਾਸਪੋਰਟ ਲੈਕੇ ਪਰਤਿਆ ਪੀੜਤ, ਟਰੈਵਲ ਏਜੰਟ ਖਿਲਾਫ ਮੁਕੱਦਮਾ ਦਰਜ

ਸ਼ਿਕਾਇਤਕਰਤਾ ਨਰਿੰਦਰ ਸਿੰਘ, ਜੋਕਿ ਈਸੜੂ ਦਾ ਰਹਿਣ ਵਾਲਾ ਹੈ, ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਸਨੇ ਗੁਰਦੀਪ ਸਿੰਘ ਨਾਲ ਇਟਲੀ ਭੇਜਣ ਲਈ 13.5 ਲੱਖ ਰੁਪਏ ਵਿੱਚ ਗੱਲ ਤੈਅ ਕੀਤੀ ਸੀ।

Courtesy: file photo

Share:

ਲੁਧਿਆਣਾ ਦੇ ਖੰਨਾ 'ਚ ਇੱਕ ਫਰਜ਼ੀ ਟਰੈਵਲ ਏਜੰਟ ਵਿਰੁੱਧ ਕੇਸ ਦਰਜ ਕੀਤਾ ਗਿਆ। ਮੁਲਜ਼ਮ ਦੀ ਪਛਾਣ ਗੁਰਦੀਪ ਸਿੰਘ ਵਾਸੀ ਪਿੰਡ ਨਸਰਾਲੀ ਵਜੋਂ ਹੋਈ ਹੈ। ਜਿਸਨੇ ਨੇੜਲੇ ਪਿੰਡ ਦੇ ਇੱਕ ਵਿਅਕਤੀ ਨੂੰ ਇਟਲੀ ਭੇਜਣ ਦੇ ਨਾਮ 'ਤੇ 10 ਲੱਖ 20 ਹਜ਼ਾਰ ਰੁਪਏ ਦੀ ਠੱਗੀ ਮਾਰੀ। ਫਿਲਹਾਲ ਇਸ ਮਾਮਲੇ ਵਿੱਚ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਭਾਰਤੀ ਦੰਡ ਸੰਹਿਤਾ ਦੀ ਧਾਰਾ 318(4) ਦੇ ਤਹਿਤ ਸਦਰ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ।

ਸਾਢੇ 13 ਲੱਖ 'ਚ ਹੋਈ ਸੀ ਗੱਲ 

ਸ਼ਿਕਾਇਤਕਰਤਾ ਨਰਿੰਦਰ ਸਿੰਘ, ਜੋਕਿ ਈਸੜੂ ਦਾ ਰਹਿਣ ਵਾਲਾ ਹੈ, ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਸਨੇ ਗੁਰਦੀਪ ਸਿੰਘ ਨਾਲ ਇਟਲੀ ਭੇਜਣ ਲਈ 13.5 ਲੱਖ ਰੁਪਏ ਵਿੱਚ ਗੱਲ ਤੈਅ ਕੀਤੀ ਸੀ। ਗੁਰਦੀਪ ਸਿੰਘ ਨੂੰ 1 ਨਵੰਬਰ, 2018 ਨੂੰ 1 ਲੱਖ 85 ਹਜ਼ਾਰ ਰੁਪਏ ਦਿੱਤੇ ਗਏ। ਦਸੰਬਰ 2018 ਵਿੱਚ 2 ਲੱਖ 60 ਹਜ਼ਾਰ ਰੁਪਏ, ਅਕਤੂਬਰ 2023 ਵਿੱਚ 4 ਲੱਖ 50 ਹਜ਼ਾਰ ਰੁਪਏ ਦਿੱਤੇ ਗਏ। ਇਸਤੋਂ ਬਾਅਦ ਟਿਕਟ ਲਈ 55 ਹਜ਼ਾਰ ਰੁਪਏ ਦਿੱਤੇ ਗਏ। 6 ਨਵੰਬਰ, 2023 ਨੂੰ ਉਸਨੂੰ ਵਿਜ਼ਟਰ ਵੀਜ਼ੇ 'ਤੇ ਇਟਲੀ ਭੇਜਿਆ ਗਿਆ। ਇਕਰਾਰਨਾਮੇ ਮੁਤਾਬਕ ਉਥੇ ਕੰਮ ਦਿਵਾਉਣ ਤੋਂ ਲੈਕੇ ਪੱਕੇ ਪੇਪਰ ਲਾਉਣ ਤੱਕ ਦੀ ਜ਼ਿੰਮੇਵਾਰੀ ਗੁਰਦੀਪ ਸਿੰਘ ਦੀ ਸੀ। 

ਇਟਲੀ 'ਚ ਜਵਾਈ ਨੇ ਕੁੱਟਮਾਰ ਕਰਕੇ ਘਰੋਂ ਕੱਢਿਆ

ਸ਼ਿਕਾਇਤਕਰਤਾ ਨਰਿੰਦਰ ਸਿੰਘ ਅਨੁਸਾਰ ਗੁਰਦੀਪ ਸਿੰਘ ਦੀ ਧੀ ਅਤੇ ਜਵਾਈ ਇਟਲੀ ਵਿੱਚ ਰਹਿੰਦੇ ਹਨ। ਉਹ ਕੁੱਝ ਦਿਨ ਉਨ੍ਹਾਂ ਨਾਲ ਉੱਥੇ ਰਿਹਾ। ਗੁਰਦੀਪ ਸਿੰਘ ਨਾਲ ਹੋਏ ਸਮਝੌਤੇ ਅਨੁਸਾਰ ਉਸਨੂੰ ਇਟਲੀ ਵਿੱਚ ਨੌਕਰੀ ਦਿੱਤੀ ਜਾਣੀ ਸੀ ਅਤੇ ਪੱਕਾ ਹੋਣ ਦੇ ਕਾਗਜ਼ਾਤ ਜਮ੍ਹਾ ਕਰਵਾਏ ਜਾਣੇ ਸਨ। ਪਰ ਕੁਝ ਦਿਨਾਂ ਬਾਅਦ ਗੁਰਦੀਪ ਸਿੰਘ ਦੇ ਜਵਾਈ ਨੇ ਇਟਲੀ ਵਿੱਚ ਉਸ ਨਾਲ ਝਗੜਾ ਕਰ ਲਿਆ। ਝਗੜੇ ਤੋਂ ਬਾਅਦ ਗੁਰਦੀਪ ਸਿੰਘ ਦੇ ਜਵਾਈ ਨੇ ਉਸਤੋਂ 2300 ਯੂਰੋ, ਪਾਸਪੋਰਟ ਅਤੇ ਟਿਕਟ ਖੋਹ ਲਈ। ਉਸਨੂੰ ਕੁੱਟਿਆ ਗਿਆ ਅਤੇ ਘਰੋਂ ਬਾਹਰ ਕੱਢ ਦਿੱਤਾ ਗਿਆ। ਜਿਸਤੋਂ ਬਾਅਦ ਉਹ 29 ਨਵੰਬਰ 2023 ਨੂੰ ਭਾਰਤੀ ਦੂਤਾਵਾਸ ਤੋਂ ਐਮਰਜੈਂਸੀ ਪਾਸਪੋਰਟ ਲੈ ਕੇ ਭਾਰਤ ਵਾਪਸ ਆਇਆ। ਜਦੋਂ ਇੱਥੇ ਆ ਕੇ ਗੁਰਦੀਪ ਸਿੰਘ ਨਾਲ ਗੱਲ ਕੀਤੀ, ਤਾਂ ਉਲਟਾ ਨਰਿੰਦਰ ਸਿੰਘ ਨੂੰ ਹੀ ਇਸ ਲਈ ਦੋਸ਼ੀ ਠਹਿਰਾਇਆ ਗਿਆ। ਉਸਦੇ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਉਸਨੇ 20 ਦਸੰਬਰ 2024 ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਜਾਂਚ ਦੌਰਾਨ ਸਾਮਣੇ ਆਇਆ ਕਿ ਗੁਰਦੀਪ ਸਿੰਘ ਨੇ 10 ਲੱਖ 20 ਹਜ਼ਾਰ ਰੁਪਏ ਲਏ ਸਨ ਪਰ ਸਮਝੌਤੇ ਦੀਆਂ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ। ਪੁਲਿਸ ਨੇ ਗੁਰਦੀਪ ਸਿੰਘ ਖਿਲਾਫ਼ ਮਾਮਲਾ ਦਰਜ ਕੀਤਾ।

ਇਹ ਵੀ ਪੜ੍ਹੋ