ਸਾਲੀ ਨੇ ਪ੍ਰੇਮ ਸਬੰਧਾਂ 'ਚ ਰੋੜਾ ਬਣੇ ਜੀਜੇ ਨੂੰ ਮੌਤ ਦੇ ਘਾਟ ਉਤਾਰਿਆ, ਸਰੋਂ ਦੇ ਖੇਤ ਚੋਂ ਮਿਲੀ ਲਾਸ਼ 

ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ 24 ਘੰਟੇ ਅੰਦਰ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ। 8 ਜਨਵਰੀ ਨੂੰ ਲਾਸ਼ ਖੇਤ ਚੋਂ ਮਿਲੀ ਸੀ। ਜਿਸ ਉਪਰੰਤ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਸੀ। 

Share:

ਹਾਈਲਾਈਟਸ

  • ਆਪਣੀ ਸਾਲੀ ਨੂੰ ਪ੍ਰੇਮੀ ਨਾਲੋਂ ਮਿਲਣ ਤੋਂ ਰੋਕਣਾ ਮਹਿੰਗਾ ਪਿਆ
  • ਮੁਕਤਸਰ ਪੁਲਿਸ ਨੇ 24 ਘੰਟਿਆਂ ’ਚ ਇਸ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ

ਸ਼੍ਰੀ ਮੁਕਤਸਰ ਸਾਹਿਬ ਵਿਖੇ ਇੱਕ ਵਿਅਕਤੀ ਨੂੰ ਆਪਣੀ ਸਾਲੀ ਨੂੰ ਪ੍ਰੇਮੀ ਨਾਲੋਂ ਮਿਲਣ ਤੋਂ ਰੋਕਣਾ ਮਹਿੰਗਾ ਪਿਆ। ਇਸਦੀ ਕੀਮਤ ਜਾਨ ਗੁਆ ਕੇ ਚੁਕਾਉਣੀ ਪਈ। ਸਾਲੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਜੀਜੇ ਦਾ ਕਤਲ ਕਰ ਦਿੱਤਾ। ਲਾਸ਼ ਮੁਕਤਸਰ-ਜਲਾਲਾਬਾਦ ਰੋਡ ’ਤੇ ਪਿੰਡ ਵਧਾਈ ਨੂੰ ਜਾਂਦੀ ਲਿੰਕ ਰੋਡ ’ਤੇ ਸਰੋਂ ਦੇ ਖੇਤ ’ਚੋਂ ਮਿਲੀ। ਪਹਿਲੀ ਨਜ਼ਰ 'ਚ ਇਹ ਮਾਮਲਾ ਅੰਨ੍ਹੇ ਕਤਲ ਦਾ ਸੀ। ਪ੍ਰੰਤੂ ਬਾਅਦ ਵਿੱਚ ਮੁਕਤਸਰ ਪੁਲਿਸ ਨੇ 24 ਘੰਟਿਆਂ ’ਚ ਇਸ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਤੇ ਸੱਚਾਈ ਸਾਮਣੇ ਲਿਆਂਦੀ। ਐਸਐਸਪੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ  08 ਜਨਵਰੀ 2024 ਨੂੰ ਜਾਲਾਲਾਬਾਦ ਰੋਡ ਦੇ ਨਜ਼ਦੀਕ ਲਿੰਕ ਰੋਡ ’ਤੇ ਖੇਤਾਂ ’ਚ ਇੱਕ ਵਿਅਕਤੀ ਦੀ ਲਾਸ਼ ਮਿਲੀ ਸੀ ਜਿਸਦੇ ਸਰੀਰ 'ਤੇ ਤੇਜ਼ਧਾਰ ਹਥਿਆਰਾਂ ਦੀਆਂ ਸੱਟਾਂ ਦੇ ਨਿਸ਼ਾਨ ਸਨ। ਪੁਲਿਸ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਸ਼ਨਾਖਤ ਕਰਵਾਈ ਗਈ ਜਿਸਦੀ ਪਛਾਣ ਸੋਹਣ ਸਿੰਘ ਵਾਸੀ ਲੱਧੂਆਣਾ (ਫਾਜ਼ਿਲਕਾ) ਵਜੋਂ ਹੋਈ ਸੀ। ਮ੍ਰਿਤਕ ਦੀ ਪਤਨੀ ਦੇ ਬਿਆਨਾਂ ਤੇ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਕੇਸ ਦਰਜ ਕੀਤਾ ਗਿਆ ਸੀ। 

ਬਿਮਾਰ ਮਾਮੀ ਦਾ ਹਾਲ ਜਾਣਨ ਗਿਆ ਸੀ ਸੋਹਣ 

ਦੌਰਾਨੇ ਤਫਤੀਸ਼ ਪੁਲਿਸ ਵੱਲੋਂ ਅਧੁਨਿਕ ਤਰੀਕਿਆਂ ਨਾਲ ਮੁਕੱਦਮੇ ਦੇ ਦੋਸ਼ੀਆਂ ਨੂੰ ਟਰੇਸ ਕਰਕੇ ਮੁਲਜ਼ਮ ਬੇਅੰਤ ਸਿੰਘ ਵਾਸੀ ਸੋਹਣੇ ਵਾਲਾ ਤੇ ਸੁਖਵਿੰਦਰ ਕੌਰ ਵਾਸੀ ਬਸਤੀ ਬੋਰੀਆਵਾਲੀ ਸ੍ਰੀ ਮੁਕਤਸਰ ਸਾਹਿਬ ਨੂੰ ਕਾਬੂ ਕਰ ਲਿਆ ਗਿਆ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਸਦਾ ਪਤੀ ਐਤਵਾਰ ਦੀ ਸ਼ਾਮ 7 ਵਜੇ ਦੇ ਕਰੀਬ ਸ਼੍ਰੀ ਮੁਕਤਸਰ ਸਾਹਿਬ ਰਹਿੰਦੀ ਉਸਦੀ ਮਾਮੀ ਦਾ ਹਾਲ ਜਾਣਨ ਲਈ ਪਿੰਡ ਚੱਕ ਬਧਾਈ 'ਚ ਸਾਈਕਲ 'ਤੇ ਗਿਆ ਸੀ।  ਉਸਦਾ ਪਤੀ ਘਰ ਨਹੀਂ ਆਇਆ ਸੀ ਤੇ ਅਗਲੇ ਦਿਨ 8 ਜਨਵਰੀ ਨੂੰ ਲਾਸ਼ ਖੇਤ ਚੋਂ ਮਿਲੀ ਸੀ। ਕਤਲ ਦੀ ਵਜ੍ਹਾ ਇਹ ਰਹੀ ਕਿ ਸੋਹਣ ਸਿੰਘ ਰਿਸ਼ਤ ਵਿੱਚ ਸਾਲੀ ਲੱਗਦੀ ਸੁਖਵਿੰਦਰ ਕੌਰ ਨੂੰ ਉਸਦੇ ਪ੍ਰੇਮੀ ਬੇਅੰਤ ਸਿੰਘ ਨਾਲੋਂ ਮਿਲਣ ਤੋਂ ਰੋਕਦਾ ਸੀ। 

ਇਹ ਵੀ ਪੜ੍ਹੋ