SEL TEXTILE LIMITED ਦਾ ਮਾਲਕ ਨੀਰਜ ਸਲੂਜਾ ਗ੍ਰਿਫ਼ਤਾਰ, 1531 ਕਰੋੜ ਦੇ ਘਪਲੇ 'ਚ ਈਡੀ ਨੇ ਫੜਿਆ 

10 ਬੈਂਕਾਂ ਦੇ ਨਾਲ ਇੰਨਾ ਵੱਡਾ ਧੋਖਾ ਕਰਕੇ ਅਰਬਾਂ ਰੁਪਏ ਦੁਬਈ ਨਿਵੇਸ਼ ਕਰਨ ਦਾ ਸ਼ੱਕ ਹੈ। ਇਸਦੀ ਜਾਂਚ ਲਈ ਈਡੀ ਨੇ ਮਸ਼ਹੂਰ ਕਾਰੋਬਾਰੀ ਸਲੂਜਾ ਨੂੰ ਜਲੰਧਰ ਪੁੱਛਗਿੱਛ ਲਈ ਬੁਲਾਇਆ ਸੀ, ਜਿੱਥੇ ਗ੍ਰਿਫਤਾਰੀ ਪਾ ਦਿੱਤੀ ਗਈ। 

Share:

ਹਾਈਲਾਈਟਸ

  • 12 ਜਨਵਰੀ ਨੂੰ ਈਡੀ ਨੇ 14 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ
  • ਈਡੀ ਵੱਲੋਂ 829 ਕਰੋੜ ਰੁਪਏ ਦੀ ਜਾਇਦਾਦ ਦੀ ਅਸਥਾਈ ਕੁਰਕੀ ਕੀਤੀ ਗਈ ਸੀ। 

SEL TEXTILE LIMITED  ਦੇ ਮਾਲਕ ਅਤੇ ਮਸ਼ਹੂਰ ਕਾਰੋਬਾਰੀ ਨੀਰਜ ਸਲੂਜਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਲਗਭਗ 10 ਬੈਂਕਾਂ ਨਾਲ 1531 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ। ਨੀਰਜ ਸਲੂਜਾ ਨੂੰ ਇਸ ਮਾਮਲੇ ਵਿੱਚ ਸੰਮਨ ਕਰਕੇ ਈਡੀ ਦੇ ਜਲੰਧਰ ਦਫ਼ਤਰ ਵਿੱਚ ਬੁਲਾਇਆ ਗਿਆ ਸੀ ਅਤੇ ਜਿੱਥੇ ਅੱਜ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜ਼ਿਕਰਯੋਗ ਹੈ ਕਿ 12 ਜਨਵਰੀ ਨੂੰ ਈਡੀ ਨੇ ਐਸਈਐਲ ਟੈਕਸਟਾਈਲ ਲਿਮਟਿਡ, ਇਸਦੇ ਸਾਬਕਾ ਡਾਇਰੈਕਟਰਾਂ ਅਤੇ ਹੋਰਨਾਂ ਦੇ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ।  ਹੁਣ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

6 ਮਹੀਨੇ ਤੋਂ ਵੱਧ ਜੇਲ੍ਹ ਕੱਟੀ

ਦੱਸਿਆ ਜਾਂਦਾ ਹੈ ਕਿ ਇਹ ਪੂਰਾ ਮਾਮਲਾ ਇਸ ਧੋਖਾਧੜੀ 'ਚ ਮਨੀ ਲਾਂਡਰਿੰਗ ਨਾਲ ਜੁੜਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ 28 ਅਕਤੂਬਰ 2022 ਨੂੰ ਨੀਰਜ ਸਲੂਜਾ ਨੂੰ ਸੀਬੀਆਈ ਨੇ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ ਛੇ ਮਹੀਨਿਆਂ ਤੋਂ ਵੱਧ ਸਮਾਂ ਜੇਲ੍ਹ ਵਿੱਚ ਰਿਹਾ ਸੀ। ਕੇਂਦਰੀ ਏਜੰਸੀ ਦੇ ਉੱਚ ਪੱਧਰੀ ਸੂਤਰਾਂ ਅਨੁਸਾਰ ਸਲੂਜਾ ਨੂੰ 18 ਜਨਵਰੀ ਸ਼ਾਮ ਨੂੰ ਈਡੀ ਦੇ ਜਲੰਧਰ ਦਫ਼ਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਿੱਥੇ ਉਹ ਬੈਂਕ ਧੋਖਾਧੜੀ ਮਾਮਲੇ ਵਿੱਚ ਸੰਮਨ ਕੀਤੇ ਜਾਣ ਮਗਰੋਂ ਬਿਆਨ ਦੇਣ ਗਿਆ ਸੀ। 

14 ਥਾਵਾਂ ਉਪਰ ਕੀਤੀ ਸੀ ਰੇਡ 

ਵਰਣਨਯੋਗ ਹੈ ਕਿ 12 ਜਨਵਰੀ ਨੂੰ ਈਡੀ ਨੇ 14 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ, ਜਿਸ ਦੌਰਾਨ 60 ਲੱਖ ਰੁਪਏ ਦੀ ਨਕਦੀ ਅਤੇ ਵੱਖ-ਵੱਖ ਇਤਰਾਜ਼ਯੋਗ ਸਬੂਤ  ਜ਼ਬਤ ਕੀਤੇ ਗਏ ਸਨ। ਇਸਤੋਂ ਪਹਿਲਾਂ ਮਾਮਲੇ ਦੀ ਜਾਂਚ ਦੌਰਾਨ ਈਡੀ ਵੱਲੋਂ 829 ਕਰੋੜ ਰੁਪਏ ਦੀ ਜਾਇਦਾਦ ਦੀ ਅਸਥਾਈ ਕੁਰਕੀ ਕੀਤੀ ਗਈ ਸੀ। 

ਧੋਖੇ ਦੀ ਵੱਡੀ ਰਕਮ ਦੁਬਈ ਭੇਜਣ ਦੀ ਜਾਂਚ 

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਈਡੀ ਬੈਂਕਾਂ ਤੋਂ ਕਰੋੜਾਂ ਰੁਪਏ ਦੀ ਵੱਡੀ ਧੋਖਾਧੜੀ ਵਾਲੀ ਰਕਮ ਦੁਬਈ ਭੇਜਣ ਦੀ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਨੀਰਜ ਸਲੂਜਾ ਦਾ ਦੁਬਈ 'ਚ ਇਕ ਭਰਾ ਹੈ ਅਤੇ ਟੈਕਸੀ ਦੇ ਵੱਡੇ ਕਾਰੋਬਾਰ ਤੋਂ ਇਲਾਵਾ ਉਸਨੇ ਉੱਥੇ  ਹੋਰ ਕਾਰੋਬਾਰ 'ਚ ਵੀ ਕਾਫੀ ਪੈਸਾ ਲਗਾਇਆ ਹੈ। ਈਡੀ ਵੱਲੋਂ ਹਾਲ ਹੀ ਦੇ ਛਾਪਿਆਂ ਦੌਰਾਨ ਮਿਲੇ ਕੁਝ ਸਬੂਤਾਂ ਦੇ ਆਧਾਰ 'ਤੇ ਇਸ ਸਾਰੀ ਧਾਂਦਲੀ ਦੀਆਂ ਕੜੀਆਂ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ