Punjab Vigilance Action : 500 ਰੁਪਏ ਨੇ ਫਸਾਇਆ ਪਟਵਾਰੀ, ਵਾਰ-ਵਾਰ ਕਰਦਾ ਰਿਹਾ ਫੋਨ, ਹੁਣ ਜਾਊ ਜੇਲ੍ਹ

Punjab Vigilance Action : ਰਿਸ਼ਵਤ ਲੈਣ ਦਾ ਮਿਆਰ ਇੰਨਾ ਡਿੱਗ ਗਿਆ ਹੈ ਕਿ ਛੋਟੀ ਜਿਹੀ ਰਕਮ ਪਿੱਛੇ ਵੀ ਕਈ ਭ੍ਰਿਸ਼ਟ ਅਧਿਕਾਰੀ ਜਾਂ ਮੁਲਾਜ਼ਮ ਲੋਕਾਂ ਕੋਲੋਂ ਪੈਸੇ ਮੰਗਦੇ ਬਿਲਕੁਲ ਵੀ ਨਹੀਂ ਡਰਦੇ। ਤਾਜ਼ਾ ਮਾਮਲੇ ਚ ਵਿਜੀਲੈਂਸ ਨੇ ਸਿਰਫ 500 ਰੁਪਏ ਦੀ ਰਿਸ਼ਵਤ ਲੈਣ ਲਈ ਤੰਗ ਕਰ ਰਹੇ ਪਟਵਾਰੀ ਨੂੰ ਗ੍ਰਿਫਤਾਰ ਕੀਤਾ। 

Share:

Punjab Vigilance Action : ਪੰਜਾਬ ਵਿਜੀਲੈਂਸ ਬਿਊਰੋ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਮਾਲ ਹਲਕਾ ਮੂਲਿਆਂਵਾਲੀ ਵਿਖੇ ਤਾਇਨਾਤ ਪਟਵਾਰੀ ਸੁਭਾਸ਼ ਚੰਦਰ ਨੂੰ  ਰਿਸ਼ਵਤ ਲੈਣ ਦੇ ਦੋਸ਼ ਅਧੀਨ ਗ੍ਰਿਫ਼ਤਾਰ ਕੀਤਾ। ਇੰਤਕਾਲ ਦੀ ਕਾਪੀ ਦੇਣ ਬਦਲੇ ਰਿਸ਼ਵਤ ਮੰਗੀ ਜਾ ਰਹੀ ਸੀ। ਵਾਰ ਵਾਰ ਫੋਨ ਕੀਤੇ ਗਏ। ਇਸਦੀ ਰਿਕਾਰਡਿੰਗ ਵੀ ਕਰ ਲਈ ਗਈ। ਜਦੋਂ ਪਟਵਾਰੀ ਨਾ ਹਟਿਆ ਤਾਂ ਪੀੜਤ ਵਿਅਕਤੀ ਵਿਜੀਲੈਂਸ ਕੋਲ ਪਹੁੰਚ ਗਿਆ। 

ਸੀਐਮ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਉਪਰ ਸ਼ਿਕਾਇਤ 

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਟੇਟ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਫਾਜ਼ਿਲਕਾ ਦੇ ਵਸਨੀਕ ਜਗਜੀਤ ਸਿੰਘ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਦਰਜ ਕਰਵਾਈ ਗਈ ਆਨਲਾਈਨ ਸ਼ਿਕਾਇਤ ਉਪਰੰਤ ਕਾਰਵਾਈ ਕੀਤੀ ਗਈ।  ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਕਤ ਪਟਵਾਰੀ ਉਸਦੀ ਜ਼ਮੀਨ ਦੇ ਇੰਤਕਾਲ ਦੀ ਕਾਪੀ ਦੇਣ ਲਈ ਉਸ ਤੋਂ 500 ਰੁਪਏ ਰਿਸ਼ਵਤ ਮੰਗ ਰਿਹਾ ਸੀ। ਇਸ ਕੇਸ ਵਿੱਚ ਫਰਦ ਦੀਆਂ ਕਾਪੀਆਂ ਦੇਣ ਬਦਲੇ ਉਸਤੋਂ 1500 ਰੁਪਏ ਰਿਸ਼ਵਤ ਪਹਿਲਾਂ ਹੀ ਲੈ ਲਈ ਗਈ ਸੀ। ਸ਼ਿਕਾਇਤਕਰਤਾ ਨੇ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਉਕਤ ਪਟਵਾਰੀ ਵੱਲੋਂ ਰਿਸ਼ਵਤ ਮੰਗਣ ਦੀ ਰਿਕਾਰਡਿੰਗ ਵੀ ਸੌਂਪੀ। 

ਜਾਂਚ ਦੌਰਾਨ ਸਹੀ ਪਾਏ ਗਏ ਦੋਸ਼ 

ਜ਼ਿਕਰਯੋਗ ਹੈ ਕਿ ਵਿਜੀਲੈਂਸ ਰੇਂਜ ਫਿਰੋਜ਼ਪੁਰ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਸ਼ਿਕਾਇਤਕਰਤਾ ਵੱਲੋਂ ਲਗਾਏ ਗਏ ਦੋਸ਼ ਸਹੀ ਪਾਏ ਗਏ। ਇਸ ਰਿਪੋਰਟ ਦੇ ਆਧਾਰ 'ਤੇ ਉਕਤ ਮੁਲਜ਼ਮ ਖਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜ਼ਪੁਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧੀ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ