Punjab : 8 ਸਾਲ ਦੀ ਬੱਚੀ ਨਾਲ ਜ਼ਬਰ-ਜਨਾਹ ਕਰਨ ਵਾਲੇ ਨੂੰ 1600 ਕਿਲੋਮੀਟਰ ਦੂਰੋਂ ਚੱਕ ਲਿਆਈ ਪੁਲਿਸ

Punjab : ਕੇਸ ਦਰਜ ਕਰਨ ਮਗਰੋਂ ਵਿਸ਼ੇਸ਼ ਟੀਮ ਬਣਾਈ ਗਈ ਸੀ। ਝਾਰਖੰਡ ਲੁਕੇ ਬੈਠੇ ਮੁਲਜ਼ਮ ਨੂੰ ਕਾਬੂ ਕਰਕੇ ਪੰਜਾਬ ਲਿਆਂਦਾ ਗਿਆ। ਉਸਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ। 

Share:

ਹਾਈਲਾਈਟਸ

  • ਪੰਜਾਬ ਤੋਂ ਫਰਾਰ ਹੋ ਗਿਆ ਸੀ, ਕਰੀਬ 1600 ਕਿਲੋਮੀਟਰ ਦੂਰ ਲੁਕਿਆ ਹੋਇਆ ਸੀ।
  • ਐਸਐਸਪੀ ਅਮਨੀਤ ਕੌਂਡਲ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਵਿਸ਼ੇਸ਼ ਟੀਮ ਦਾ ਗਠਨ ਕੀਤਾ।

Punjab :ਖੰਨਾ ਦੇ ਈਸੜੂ ਇਲਾਕੇ 'ਚ 8 ਸਾਲਾ ਬੱਚੀ ਨਾਲ ਜਬਰ-ਜ਼ਨਾਹ ਦੇ ਮਾਮਲੇ 'ਚ ਮੁਲਜ਼ਮ ਕਾਨੂੰਨ ਦੇ ਸ਼ਿਕੰਜੇ ਤੋਂ ਬਚ ਨਹੀਂ ਸਕਿਆ। ਹਾਲਾਂਕਿ ਮੁਲਜ਼ਮ ਘਟਨਾ ਨੂੰ ਅੰਜਾਮ ਦੇ ਕੇ ਪੰਜਾਬ ਤੋਂ ਫਰਾਰ ਹੋ ਗਿਆ ਸੀ। ਕਰੀਬ 1600 ਕਿਲੋਮੀਟਰ ਦੂਰ ਲੁਕਿਆ ਹੋਇਆ ਸੀ। ਜਿਸਨੂੰ ਖੰਨਾ ਪੁਲਿਸ ਨੇ ਫੜ ਲਿਆਂਦਾ। ਮੁਲਜ਼ਮ ਦੀ ਪਛਾਣ ਝਾਰਖੰਡ ਦੇ ਚਤਰਾ ਜ਼ਿਲ੍ਹੇ ਦੇ ਪਿੰਡ ਚੈਨਪੁਰ ਵਾਸੀ ਬੱਗੂ ਬੁਈਆ ਵਜੋਂ ਹੋਈ।

SSP ਨੇ ਬਣਾਈ ਸੀ ਵਿਸ਼ੇਸ਼ ਟੀਮ

ਮੁਲਜ਼ਮ ਖ਼ਿਲਾਫ਼ 14 ਜਨਵਰੀ ਨੂੰ ਥਾਣਾ ਸਦਰ ਵਿਖੇ ਕੇਸ ਦਰਜ ਕੀਤਾ ਗਿਆ ਸੀ। ਇਸਤੋਂ ਤੁਰੰਤ ਬਾਅਦ ਐਸਐਸਪੀ ਅਮਨੀਤ ਕੌਂਡਲ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਵਿਸ਼ੇਸ਼ ਟੀਮ ਦਾ ਗਠਨ ਕੀਤਾ। ਸਦਰ ਥਾਣਾ ਦੇ ਐਸਐਚਓ ਦਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਟੀਮ ਦਾ ਗਠਨ ਕੀਤਾ ਗਿਆ। ਈਸੜੂ ਚੌਕੀ ਇੰਚਾਰਜ ਚਰਨਜੀਤ ਸਿੰਘ ਪੁਲਿਸ ਦੀ ਟੀਮ ਨੂੰ ਲੈ ਕੇ ਝਾਰਖੰਡ ਗਏ। ਉਥੋਂ ਦੀ ਪੁਲਿਸ ਨਾਲ ਸੰਪਰਕ ਕੀਤਾ। ਇਸਤੋਂ ਬਾਅਦ ਮੁਲਜ਼ਮ ਨੂੰ ਉਸਦੇ ਪਿੰਡ ਬਣੇ ਘਰ ਚੋਂ ਗ੍ਰਿਫਤਾਰ ਕੀਤਾ ਗਿਆ। ਮੁਲਜ਼ਮ ਨੂੰ ਫੜ ਕੇ ਖੰਨਾ ਲਿਆਉਣ ਲਈ ਪੁਲਿਸ ਨੂੰ 3200 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪਿਆ।

ਪੀੜਤਾ ਦੇ ਪਿਤਾ ਦਾ ਦੋਸਤ ਸੀ ਮੁਲਜ਼ਮ 

ਮੁਲਜ਼ਮ ਬੱਗੂ ਬੁਈਆ ਪੀੜਤ ਲੜਕੀ ਦੇ ਪਿਤਾ ਦਾ ਦੋਸਤ ਸੀ। 4 ਜਨਵਰੀ ਨੂੰ ਪੀੜਤਾ ਦਾ ਪਿਤਾ ਆਪਣੇ ਬੱਚਿਆਂ ਸਮੇਤ ਮੁਲਜ਼ਮ ਕੋਲ ਪੋਲਟਰੀ ਫਾਰਮ ਗਿਆ ਸੀ। ਮੁਲਜ਼ਮ ਉਥੇ ਇੱਕ ਕਮਰੇ ਵਿੱਚ ਰਹਿੰਦਾ ਸੀ। ਮੁਲਜ਼ਮ ਨੇ ਰਾਤ ਨੂੰ ਪੀੜਤਾ ਦੇ ਪਿਤਾ ਨਾਲ ਸ਼ਰਾਬ ਪੀਤੀ। ਸੰਘਣੀ ਧੁੰਦ ਕਾਰਨ ਪੀੜਤਾ ਦਾ ਪਿਤਾ ਆਪਣੇ ਬੱਚਿਆਂ ਸਮੇਤ ਮੁਲਜ਼ਮ ਦੇ ਨਾਲ ਕਮਰੇ ਵਿੱਚ ਰੁਕ ਗਿਆ ਸੀ। ਅਗਲੇ ਦਿਨ ਆਪਣੇ ਕਮਰੇ ਵਿੱਚ ਪਰਤਣ ਮਗਰੋਂ ਬੱਚੀ ਦੀ ਪੈਂਟ 'ਤੇ ਖੂਨ ਦੇਖਕੇ ਉਸਦੀ ਮਾਂ ਨੇ ਪੁੱਛਿਆ ਤਾਂ ਮੁਲਜ਼ਮ ਦੀ ਹਰਕਤ ਸਾਹਮਣੇ ਆਈ। ਬੱਚੀ ਨੇ ਆਪਣੀ ਮਾਂ ਨੂੰ ਦੱਸਿਆ  ਕਿ ਮੁਲਜ਼ਮ ਨੇ ਰਾਤ ਨੂੰ ਉਸਦੇ ਗੁਪਤ ਅੰਗ ਨਾਲ ਛੇੜਛਾੜ ਕੀਤੀ। ਖੂਨ ਵਗਣ ਤੋਂ ਬਾਅਦ ਮੁਲਜ਼ਮ ਨੇ ਉਸਨੂੰ ਚੁੱਪ ਕਰਾ ਕੇ ਸੁਲਾ ਦਿੱਤਾ ਸੀ।

ਸਖਤ ਸਜ਼ਾ ਦਿਵਾਈ ਜਾਵੇਗੀ - ਡੀਐਸਪੀ

ਡੀਐਸਪੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਬੱਗੂ ਬੁਈਆ ਨੂੰ ਝਾਰਖੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ। ਇਸ ਕੇਸ ਦਾ ਚਲਾਨ ਜਲਦ ਤੋਂ ਜਲਦ ਪੇਸ਼ ਕਰਕੇ ਮੁਲਜ਼ਮ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇਗੀ। 

ਇਹ ਵੀ ਪੜ੍ਹੋ