Punjab : ਖੰਨਾ ਪੁਲਿਸ ਹੱਥ ਲੱਗੀ ਵੱਡੀ ਕਾਮਯਾਬੀ, ਘਰ ਅੰਦਰ ਹੀ ਨਜਾਇਜ ਅਸਲਾ ਬਣਾਉਣ ਵਾਲਾ ਗਿਰੋਹ ਫੜਿਆ, ਵੱਡੀ ਵਾਰਦਾਤ ਹੋਣੋਂ ਟਾਲੀ 

Punjab :   ਮੱਧ ਪ੍ਰਦੇਸ਼ ਵਿੱਚ ਗੈਰ-ਕਾਨੂੰਨੀ ਹਥਿਆਰ ਬਣਾ ਕੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਵਿੱਚ ਸਪਲਾਈ ਕਰਦਾ ਸੀ। ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਕੇ 14 ਪਿਸਤੌਲ ਬਰਾਮਦ ਕੀਤੇ ਹਨ। ਹਥਿਆਰ ਬਣਾਉਣ ਵਾਲੇ ਨੂੰ ਵੀ ਕਾਬੂ ਕਰ ਲਿਆ ਗਿਆ।

Share:

ਹਾਈਲਾਈਟਸ

  • ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਕੇ 14 ਪਿਸਤੌਲ ਬਰਾਮਦ ਕੀਤੇ ਹਨ।
  • ਇਕਬਾਲ ਸਿੰਘ ਦੇ ਘਰ ਹੀ ਉਹ ਨਜਾਇਜ਼ ਹਥਿਆਰ ਬਣਾਉਣ ਦਾ ਧੰਦਾ ਕਰਦਾ ਸੀ।

Punjab : ਖੰਨਾ ਪੁਲਿਸ ਨੇ ਇੱਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਜੋ ਮੱਧ ਪ੍ਰਦੇਸ਼ ਵਿੱਚ ਗੈਰ-ਕਾਨੂੰਨੀ ਹਥਿਆਰ ਬਣਾ ਕੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਵਿੱਚ ਸਪਲਾਈ ਕਰਦਾ ਸੀ। ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਕੇ 14 ਪਿਸਤੌਲ ਬਰਾਮਦ ਕੀਤੇ ਹਨ। ਹਥਿਆਰ ਬਣਾਉਣ ਵਾਲੇ ਨੂੰ ਵੀ ਕਾਬੂ ਕਰ ਲਿਆ ਗਿਆ। ਇਨ੍ਹਾਂ ਹਥਿਆਰਾਂ ਨਾਲ ਪੰਜਾਬ ਵਿੱਚ ਵੱਡੀ ਵਾਰਦਾਤ ਕੀਤੀ ਜਾਣੀ ਸੀ। ਇਸਤੋਂ ਪਹਿਲਾਂ ਪੁਲਿਸ ਨੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ। ਤਿੰਨਾਂ ਦਾ ਰਿਮਾਂਡ ਹਾਸਲ ਕਰਕੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇੱਥੋਂ ਮਿਲੀ ਪੁਲਿਸ ਨੂੰ ਲੀਡ 

ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਪੁਲਿਸ ਪਾਰਟੀ ਆਈਟੀਆਈ ਸਮਰਾਲਾ ਨੇੜੇ ਮੌਜੂਦ ਸੀ। 29 ਜਨਵਰੀ ਨੂੰ ਮਾਛੀਵਾੜਾ ਸਾਹਿਬ ਵੱਲੋਂ ਆ ਰਹੇ ਇੱਕ ਨੌਜਵਾਨ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ। ਉਸ ਦੀ ਪਛਾਣ ਸਤਨਾਮ ਸਿੰਘ ਧਾਲੀਵਾਲ ਵਾਸੀ ਨਾਲਾਗੜ੍ਹ, ਜ਼ਿਲ੍ਹਾ ਸੋਲਨ (ਹਿਮਾਚਲ ਪ੍ਰਦੇਸ਼) ਵਜੋਂ ਹੋਈ। ਉਸ ਦੇ ਕਬਜ਼ੇ ਵਿੱਚੋਂ ਇੱਕ ਦੇਸੀ ਪਿਸਤੌਲ ਅਤੇ ਇੱਕ ਕਾਰਤੂਸ ਬਰਾਮਦ ਹੋਇਆ। ਐਸਐਸਪੀ ਨੇ ਅੱਗੇ ਦੱਸਿਆ ਕਿ ਸਤਨਾਮ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹ ਇਕਬਾਲ ਸਿੰਘ ਵਾਸੀ ਗੰਧਵਾਨੀ ਜ਼ਿਲ੍ਹਾ ਧਾਰ (ਮੱਧ ਪ੍ਰਦੇਸ਼) ਤੋਂ ਹਥਿਆਰ ਲੈ ਕੇ ਆਇਆ ਸੀ। ਜਿਸ ਤੋਂ ਬਾਅਦ ਮਾਮਲੇ ਵਿਚ ਇਕਬਾਲ ਸਿੰਘ ਨੂੰ ਨਾਮਜਦ ਕਰਕੇ ਇੱਕ ਵਿਸ਼ੇਸ਼ ਟੀਮ ਮੱਧ ਪ੍ਰਦੇਸ਼ ਭੇਜੀ ਗਈ।

ਘਰ ਅੰਦਰ ਹੀ ਬਣਦੇ ਸੀ ਹਥਿਆਰ 

ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਜਦੋਂ ਐਸਪੀ (ਆਈ) ਡਾ ਸੌਰਵ ਜਿੰਦਲ, ਡੀਐਸਪੀ (ਆਈ) ਸੁੱਖ ਅੰਮ੍ਰਿਤ ਸਿੰਘ ਰੰਧਾਵਾ, ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਅਮਨਦੀਪ ਸਿੰਘ ਦੀ ਵਿਸ਼ੇਸ਼ ਟੀਮ ਨੇ ਮੱਧ ਪ੍ਰਦੇਸ਼ ਵਿਖੇ ਛਾਪੇਮਾਰੀ ਕੀਤੀ ਤਾਂ ਦੇਖਿਆ ਗਿਆ ਕਿ ਇਕਬਾਲ ਸਿੰਘ ਦੇ ਘਰ ਹੀ ਉਹ ਨਜਾਇਜ਼ ਹਥਿਆਰ ਬਣਾਉਣ ਦਾ ਧੰਦਾ ਕਰਦਾ ਸੀ। ਉਸਨੂੰ ਗ੍ਰਿਫ਼ਤਾਰ ਕਰਕੇ ਪੁਆਇੰਟ 32 ਬੋਰ ਦੇ 6 ਪਿਸਤੌਲ ਅਤੇ ਮੈਗਜ਼ੀਨ ਬਰਾਮਦ ਕੀਤੇ ਗਏ। ਪੁਆਇੰਟ 30 ਬੋਰ ਦਾ ਇੱਕ ਪਿਸਤੌਲ ਬਰਾਮਦ ਹੋਇਆ। ਕੁੱਲ 7 ਪਿਸਤੌਲ ਬਰਾਮਦ ਹੋਏ। ਇਕਬਾਲ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਕੁਝ ਸਮਾਂ ਪਹਿਲਾਂ ਉਸਨੇ 6 ਪਿਸਤੌਲ ਆਕਾਸ਼ ਡਾਵਰ ਵਾਸੀ ਪਿਸ਼ੋਲਾ, ਜ਼ਿਲ੍ਹਾ ਬੜਵਾਨੀ (ਮੱਧ ਪ੍ਰਦੇਸ਼) ਨੂੰ ਸਪਲਾਈ ਕਰਨ ਲਈ ਦਿੱਤੇ ਸਨ। ਜਿਸਤੋਂ ਬਾਅਦ ਆਕਾਸ਼ ਡਾਵਰ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਪੁਆਇੰਟ 32 ਬੋਰ ਦੇ 5 ਪਿਸਤੌਲ ਅਤੇ ਪੁਆਇੰਟ 30 ਬੋਰ ਦਾ ਇੱਕ ਪਿਸਤੌਲ ਬਰਾਮਦ ਕੀਤਾ ਗਿਆ। 

 

photo
ਖੰਨਾ ਪੁਲਿਸ ਨੇ ਨਜਾਇਜ ਹਥਿਆਰਾਂ ਸਮੇਤ ਤਿੰਨ ਜਣਿਆਂ ਨੂੰ ਕਾਬੂ ਕੀਤਾ। ਫੋਟੋ ਕ੍ਰੇਡਿਟ - ਜੇਬੀਟੀ

ਕ੍ਰਿਮੀਨਲ ਰਿਕਾਰਡ ਵਾਲੇ ਮੁਲਜ਼ਮ 

ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਫੜੇ ਗਏ ਤਿੰਨ ਮੁਲਜ਼ਮਾਂ ਵਿੱਚੋਂ 2 ਦਾ ਅਪਰਾਧਿਕ ਰਿਕਾਰਡ ਸਾਹਮਣੇ ਆਇਆ ਹੈ। ਸਤਨਾਮ ਸਿੰਘ ਧਾਲੀਵਾਲ ਖ਼ਿਲਾਫ਼ ਹਿਮਾਚਲ ਪ੍ਰਦੇਸ਼ ਵਿਖੇ ਲੜਾਈ-ਝਗੜੇ ਦੇ 7 ਅਤੇ ਨਸ਼ਾ ਤਸਕਰੀ ਦੇ 2 ਕੇਸ ਦਰਜ ਹਨ। ਇਸਦੇ ਨਾਲ ਹੀ ਮੱਧ ਪ੍ਰਦੇਸ਼ ਵਿਖੇ ਇਕਬਾਲ ਸਿੰਘ ਖ਼ਿਲਾਫ਼ ਅਸਲਾ ਐਕਟ ਦੇ 4 ਕੇਸ ਅਤੇ ਕਤਲ ਦੀ ਸਾਜ਼ਿਸ਼ ਰਚਣ ਦਾ ਕੇਸ ਦਰਜ ਹੈ। ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਸੋਸ਼ਲ ਮੀਡੀਆ ਰਾਹੀਂ ਸੰਪਰਕ 

ਐਸਐਸਪੀ ਕੌਂਡਲ ਨੇ ਖ਼ਦਸ਼ਾ ਜਤਾਇਆ ਕਿ ਮੁਲਜ਼ਮ ਮੱਧ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਨਾਲ ਸਬੰਧਤ ਹਨ। ਅਜਿਹੇ 'ਚ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਹ ਸੋਸ਼ਲ ਮੀਡੀਆ ਰਾਹੀਂ ਸੰਪਰਕ ਕਰਕੇ ਇੱਕ ਦੂਜੇ ਨੂੰ ਮਿਲੇ ਹੋ ਸਕਦੇ ਹਨ। ਇਸ ਤਰ੍ਹਾਂ ਦੇ ਸਬੰਧ ਪਹਿਲਾਂ ਵੀ ਕਈ ਮਾਮਲਿਆਂ 'ਚ ਸਾਹਮਣੇ ਆ ਚੁੱਕੇ ਹਨ। ਬਾਕੀ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ