ਅੰਮ੍ਰਿਤਸਰ 'ਚ ਨਿਆਂਇਕ ਅਧਿਕਾਰੀ ਨੂੰ ਡਰਾਉਣ-ਧਮਕਾਉਣ ਦੇ ਦੋਸ਼ ਹੇਠ ਨਾਮੀ ਵਕੀਲ ਗ੍ਰਿਫ਼ਤਾਰ 

ਬੂਟਾ ਸਿੰਘ ਕਥਿਤ ਤੌਰ 'ਤੇ ਕਿਸੇ ਨਸ਼ੇ ਦੇ ਪ੍ਰਭਾਵ ਹੇਠ ਸੀ ਅਤੇ ਉਸਨੇ ਨਿਆਂਇਕ ਅਧਿਕਾਰੀ ਨਾਲ ਦੁਰਵਿਵਹਾਰ ਕੀਤਾ। ਇਸਤੋਂ ਇਲਾਵਾ, ਉਸ ਕੋਲ ਹਥਿਆਰ ਵੀ ਸੀ ਅਤੇ ਉਸਦਾ ਵਿਵਹਾਰ ਨਿਆਂਇਕ ਅਧਿਕਾਰੀ ਦੀ ਸੁਰੱਖਿਆ ਲਈ ਤਾਇਨਾਤ ਗਾਰਡਾਂ ਲਈ ਖ਼ਤਰਾ ਪੈਦਾ ਕਰ ਸਕਦਾ ਸੀ।

Courtesy: file photo

Share:

ਅੰਮ੍ਰਿਤਸਰ ਦੇ ਇੱਕ ਨਾਮੀ ਵਕੀਲ ਨੂੰ ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਹੁਕਮਾਂ 'ਤੇ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਇਹ ਕਾਰਵਾਈ ਅੰਮ੍ਰਿਤਸਰ ਦੀ ਸਦਰ ਪੁਲਿਸ ਵੱਲੋਂ ਕੀਤੀ ਗਈ ਹੈ। ਵਕੀਲ ਬੂਟਾ ਸਿੰਘ 'ਤੇ ਵੀਰਵਾਰ ਰਾਤ (27 ਫਰਵਰੀ) ਨੂੰ ਨਸ਼ੇ ਦੀ ਹਾਲਤ ਵਿੱਚ ਇੱਕ ਨਿਆਂਇਕ ਅਧਿਕਾਰੀ ਨੂੰ ਧਮਕੀ ਦੇਣ ਅਤੇ ਉਹਨਾਂ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਦਾ ਦੋਸ਼ ਹੈ।

ਹਥਿਆਰ ਵੀ ਕੋਲ ਸੀ 


ਸ਼ਿਕਾਇਤ ਦੇ ਅਨੁਸਾਰ, ਬੂਟਾ ਸਿੰਘ ਕਥਿਤ ਤੌਰ 'ਤੇ ਕਿਸੇ ਨਸ਼ੇ ਦੇ ਪ੍ਰਭਾਵ ਹੇਠ ਸੀ ਅਤੇ ਉਸਨੇ ਨਿਆਂਇਕ ਅਧਿਕਾਰੀ ਨਾਲ ਦੁਰਵਿਵਹਾਰ ਕੀਤਾ। ਇਸਤੋਂ ਇਲਾਵਾ, ਉਸ ਕੋਲ ਹਥਿਆਰ ਵੀ ਸੀ ਅਤੇ ਉਸਦਾ ਵਿਵਹਾਰ ਨਿਆਂਇਕ ਅਧਿਕਾਰੀ ਦੀ ਸੁਰੱਖਿਆ ਲਈ ਤਾਇਨਾਤ ਗਾਰਡਾਂ ਲਈ ਖ਼ਤਰਾ ਪੈਦਾ ਕਰ ਸਕਦਾ ਸੀ। ਵਧੀਕ ਮੁੱਖ ਨਿਆਂਇਕ ਮੈਜਿਸਟਰੇਟ ਅਮਨਦੀਪ ਸਿੰਘ ਦੀ ਅਦਾਲਤ ਨੇ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਿਆ ਅਤੇ ਸਦਰ ਪੁਲਿਸ ਨੂੰ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਬੂਟਾ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ।

ਵੱਖ-ਵੱਖ ਧਾਰਾਵਾਂ ਲੱਗੀਆਂ 

ਸਦਰ ਪੁਲਿਸ ਸਟੇਸ਼ਨ ਇੰਚਾਰਜ ਇੰਸਪੈਕਟਰ ਕਸ਼ਮੀਰ ਸਿੰਘ ਦੇ ਅਨੁਸਾਰ, ਬੂਟਾ ਸਿੰਘ ਵਿਰੁੱਧ ਭਾਰਤੀ ਦੰਡ ਸੰਹਿਤਾ (ਆਈਪੀਸੀ) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਧਾਰਾ 331(4) - ਸਰਕਾਰੀ ਕਰਮਚਾਰੀਆਂ ਨੂੰ ਡਰਾਉਣ-ਧਮਕਾਉਣ ਦਾ ਅਪਰਾਧ, ਧਾਰਾ 331(6) - ਗੰਭੀਰ ਧਮਕੀ ਦੇਣ ਦਾ ਅਪਰਾਧ, ਧਾਰਾ 351(2) - ਸਰੀਰਕ ਹਿੰਸਾ ਕਰਨ ਦੀ ਕੋਸ਼ਿਸ਼, ਧਾਰਾ 351(3) - ਹਥਿਆਰ ਨਾਲ ਹਮਲੇ ਦਾ ਖਦਸ਼ਾ, ਧਾਰਾ 355- ਜਨਤਕ ਕਾਰਜਾਂ ਦੇ ਨਿਪਟਾਰੇ ਵਿੱਚ ਸਰਕਾਰੀ ਸੇਵਕ ਨੂੰ ਰੋਕਣਾ ਧਾਰਾਵਾਂ ਸ਼ਾਮਲ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਦਰ ਥਾਣਾ ਇੰਚਾਰਜ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਦਾਲਤ ਦੇ ਹੁਕਮਾਂ ਅਤੇ ਸਬੂਤਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਵਿੱਚ ਨਿਆਂਇਕ ਅਧਿਕਾਰੀ ਅਤੇ ਹੋਰ ਗਵਾਹਾਂ ਦੇ ਬਿਆਨ ਦਰਜ ਕੀਤੇ ਜਾਣਗੇ। ਇਸ ਸਮੇਂ ਬੂਟਾ ਸਿੰਘ ਪੁਲਿਸ ਹਿਰਾਸਤ ਵਿੱਚ ਹੈ।

ਇਹ ਵੀ ਪੜ੍ਹੋ