ਖੰਨਾ 'ਚ ਗੁੰਡਾਗਰਦੀ ਦਾ ਨੰਗਾ ਨਾਚ, 45 ਰੁਪਏ ਪਿੱਛੇ ਚਲਾਈਆਂ ਤਲਵਾਰਾਂ, 'ਆਪ' ਕੌਂਸਲਰ ਸਮੇਤ 4 ਜਣੇ ਜ਼ਖਮੀ

ਆਮ ਆਦਮੀ ਪਾਰਟੀ ਦੇ ਕੌਂਸਲਰ ਸੁਨੀਲ ਕੁਮਾਰ ਨੀਟਾ ਨੇ ਦੋਸ਼ ਲਾਇਆ ਕਿ ਸ਼ਹਿਰ ਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਤੇ ਗੁੰਡਾਗਰਦੀ ਹੋ ਰਹੀ ਹੈ। ਅੱਜ ਜਿਸ ਤਰੀਕੇ ਨਾਲ ਤਲਵਾਰਾਂ ਚਲਾਈਆਂ ਗਈਆਂ ਸਾਫ ਪਤਾ ਲੱਗਦਾ ਸੀ ਕਿ ਹਮਲਾਵਰਾਂ ਨੇ ਨਸ਼ਾ ਕੀਤਾ ਹੋਇਆ ਹੈ।

Courtesy: ਖੰਨਾ ਵਿਖੇ ਤਲਵਾਰਾਂ ਨਾਲ ਹਮਲਾ ਕਰਕੇ 4 ਜਣਿਆਂ ਨੂੰ ਜਖ਼ਮੀ ਕੀਤਾ ਗਿਆ

Share:

ਵੀਰਵਾਰ ਰਾਤ ਨੂੰ ਖੰਨਾ ਦੇ ਲਲਹੇੜੀ ਰੋਡ 'ਤੇ ਕਾਰ ਵਿੱਚ ਸਵਾਰ ਬਦਮਾਸ਼ਾਂ ਨੇ 4 ਲੋਕਾਂ 'ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਹ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚ 'ਆਪ' ਕੌਂਸਲਰ ਸੁਨੀਲ ਕੁਮਾਰ ਨੀਟਾ, ਸਰਕਾਰੀ ਠੇਕੇਦਾਰ ਸੰਜੀਵ ਦੱਤ, ਦੁਕਾਨਦਾਰ ਸੁਨੀਲ ਕੁਮਾਰ ਅਤੇ ਦੁਕਾਨਦਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਕਲੱਬ ਸ਼ਾਮਲ ਹਨ। ਇਹਨਾਂ ਨੂੰ ਖੰਨਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ਼ ਕਰਾਇਆ ਗਿਆ। ਜਿੱਥੇ ਸੰਜੀਵ ਦੱਤ ਦੇ ਸਿਰ 'ਚ ਸੱਟ ਹੋਣ ਕਰਕੇ ਹਾਲਤ ਨਾਜੁਕ ਦੱਸੀ ਜਾ ਰਹੀ ਹੈ। 

ਦੁਕਾਨ 'ਤੇ ਆਏ ਸੀ ਬਦਮਾਸ਼ 

ਇਹ ਘਟਨਾ ਉਦੋਂ ਵਾਪਰੀ ਜਦੋਂ ਕੁੱਝ ਨੌਜਵਾਨ ਇੱਕ ਦੁਕਾਨ 'ਤੇ ਪਹੁੰਚੇ। ਦੁਕਾਨਦਾਰ ਸੁਨੀਲ ਕੁਮਾਰ ਨੇ ਦੱਸਿਆ ਕਿ ਇੱਕ ਦਿਨ ਪਹਿਲਾਂ ਇਹ ਨੌਜਵਾਨ 95 ਰੁਪਏ ਦਾ ਸਾਮਾਨ ਲੈ ਗਏ ਸਨ। ਉਨ੍ਹਾਂ ਨੇ 45 ਰੁਪਏ ਬਕਾਇਆ ਰੱਖੇ ਸਨ। ਜਦੋਂ ਦੁਕਾਨਦਾਰ ਨੇ ਬਕਾਇਆ ਰਕਮ ਮੰਗੀ ਤਾਂ ਨੌਜਵਾਨਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਕੌਂਸਲਰ ਨੀਟਾ ਨੇ ਕਿਹਾ ਕਿ ਉਹ ਆਪਣੇ ਦੋਸਤਾਂ ਸੰਜੀਵ ਦੱਤ ਅਤੇ ਗੁਰਮੀਤ ਸਿੰਘ ਨਾਲ ਦਫ਼ਤਰ ਵਿੱਚ ਬੈਠੇ ਸੀ। ਜਦੋਂ ਉਹਨਾਂ ਨੇ ਦੁਕਾਨਦਾਰ ਨੂੰ ਕੁੱਟਦੇ ਦੇਖਿਆ ਤਾਂ ਉਹ ਉਸਨੂੰ ਬਚਾਉਣ ਲਈ ਗਏ। ਇਸ 'ਤੇ ਹਮਲਾਵਰਾਂ ਨੇ ਉਹਨਾਂ 'ਤੇ ਵੀ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਸੰਜੀਵ ਦੱਤ ਦੀ ਹਾਲਤ ਨਾਜ਼ੁਕ ਹੈ। ਉਸਦੇ ਸਿਰ 'ਤੇ ਤਲਵਾਰ ਦੇ ਕਈ ਵਾਰ ਕੀਤੇ ਗਏ। 

ਸ਼ਰੇਆਮ ਨਸ਼ਾ ਵਿਕ ਰਿਹਾ ਹੈ 

ਇਸ ਦੌਰਾਨ ਆਮ ਆਦਮੀ ਪਾਰਟੀ ਦੇ ਕੌਂਸਲਰ ਸੁਨੀਲ ਕੁਮਾਰ ਨੀਟਾ ਨੇ ਦੋਸ਼ ਲਾਇਆ ਕਿ ਸ਼ਹਿਰ ਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਤੇ ਗੁੰਡਾਗਰਦੀ ਹੋ ਰਹੀ ਹੈ। ਅੱਜ ਜਿਸ ਤਰੀਕੇ ਨਾਲ ਤਲਵਾਰਾਂ ਚਲਾਈਆਂ ਗਈਆਂ ਸਾਫ ਪਤਾ ਲੱਗਦਾ ਸੀ ਕਿ ਹਮਲਾਵਰਾਂ ਨੇ ਨਸ਼ਾ ਕੀਤਾ ਹੋਇਆ ਹੈ। ਹਮਲਾਵਰ ਨਸ਼ੇ ਵਿੱਚ ਧੁੱਤ ਸਨ। ਹੈਰਾਨੀ ਦੀ ਗੱਲ ਹੈ ਕਿ ਪੁਲਿਸ ਦਾ ਕੋਈ ਕੰਟਰੋਲ ਨਹੀਂ ਹੈ। ਇੰਨੀ ਵੱਡੀ ਵਾਰਦਾਤ ਮਗਰੋਂ ਵੀ ਸਿਰਫ ਦੋ ਪੁਲਿਸ ਵਾਲੇ ਹਸਪਤਾਲ ਆਏ ਤੇ ਕੋਈ ਅਧਿਕਾਰੀ ਸਮੇਂ ਸਿਰ ਨਹੀਂ ਆਇਆ। 

ਪੁਲਿਸ ਜਾਂਚ ਕਰ ਰਹੀ ਹੈ - ਡੀਐਸਪੀ

ਇਸ ਦੌਰਾਨ ਹਸਪਤਾਲ ਵਿਖੇ ਪਹੁੰਚੇ ਡੀਐਸਪੀ ਹੇਮੰਤ ਮਲਹੋਤਰਾ ਨੇ ਕਿਹਾ ਕਿ ਥਾਣਾ ਮੁਖੀ ਗੁਰਮੀਤ ਸਿੰਘ ਆਪਣੀ ਟੀਮ ਸਮੇਤ ਜਾਂਚ ਕਰ ਰਹੇ ਹਨ ਤੇ ਹਮਲਾਵਰਾਂ ਦੀ ਪਛਾਣ ਕਰ ਲਈ ਗਈ ਹੈ। ਜਖਮੀਆਂ ਦੇ ਬਿਆਨ ਦਰਜ ਕਰਕੇ ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਛੇਤੀ ਹੀ ਸਾਰੇ ਹਮਲਾਵਰ ਫੜ ਲਏ ਜਾਣਗੇ। ਇਸਦੇ ਨਾਲ ਹੀ ਉਹਨਾਂ ਕਿਹਾ ਕਿ ਜਖ਼ਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਤੇ ਉਹਨਾਂ ਦਾ ਇਲਾਜ ਖੰਨਾ ਸਰਕਾਰੀ ਹਸਪਤਾਲ ਵਿਖੇ ਹੋ ਰਿਹਾ ਹੈ। 

ਇਹ ਵੀ ਪੜ੍ਹੋ