ਆੜ੍ਹਤੀ ਤੋਂ 7 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਮੰੰਡੀ ਸੁਪਰਵਾਈਜ਼ਰ ਗ੍ਰਿਫ਼ਤਾਰ, ਵਿਜੀਲੈਂਸ ਨੇ ਰੰਗੇ ਹੱਥੀਂ ਫੜਿਆ

ਮਾਰਕੀਟ ਕਮੇਟੀ ਕਾਹਨੂੰਵਾਨ ਨੇ ਦਸੰਬਰ 2024 ਵਿੱਚ ਉਸਦੀ ਫਰਮ 'ਤੇ ਗਲਤ ਤਰੀਕੇ ਨਾਲ 18,610 ਰੁਪਏ ਦਾ ਜੁਰਮਾਨਾ ਲਗਾ ਦਿੱਤਾ ਸੀ। ਇਸ ਮਾਮਲੇ ਨੂੰ ਹੱਲ ਕਰਨ ਦੀਆਂ ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ, ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਜੁਰਮਾਨਾ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ।

Courtesy: ਵਿਜੀਲੈਂਸ ਨੇ ਮੰਡੀ ਸੁਪਰਵਾਈਜ਼ਰ ਗ੍ਰਿਫ਼ਤਾਰ ਕੀਤਾ

Share:

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਬੁੱਧਵਾਰ ਨੂੰ ਗੁਰਦਾਸਪੁਰ ਜ਼ਿਲ੍ਹੇ ਦੀ ਮਾਰਕੀਟ ਕਮੇਟੀ, ਕਾਹਨੂੰਵਾਨ ਵਿਖੇ ਤਾਇਨਾਤ ਮੰਡੀ ਸੁਪਰਵਾਈਜ਼ਰ ਰਸ਼ਪਾਲ ਸਿੰਘ ਨੂੰ 7,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ।  ਇਹ ਖੁਲਾਸਾ ਕਰਦੇ ਹੋਏ ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਉਪਰੋਕਤ ਮੁਲਜ਼ਮ ਨੂੰ ਅਨਾਜ ਮੰਡੀ, ਕਾਹਨੂੰਵਾਨ ਦੇ ਇੱਕ ਆੜਤੀ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ।

ਆੜ੍ਹਤੀ ਨੇ ਕੀਤੀ ਸੀ ਸ਼ਿਕਾਇਤ 

ਉਨ੍ਹਾਂ ਅੱਗੇ ਕਿਹਾ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੱਸਿਆ ਕਿ ਮਾਰਕੀਟ ਕਮੇਟੀ ਕਾਹਨੂੰਵਾਨ ਨੇ ਦਸੰਬਰ 2024 ਵਿੱਚ ਉਸਦੀ ਫਰਮ 'ਤੇ ਗਲਤ ਤਰੀਕੇ ਨਾਲ 18,610 ਰੁਪਏ ਦਾ ਜੁਰਮਾਨਾ ਲਗਾ ਦਿੱਤਾ ਸੀ। ਇਸ ਮਾਮਲੇ ਨੂੰ ਹੱਲ ਕਰਨ ਦੀਆਂ ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ, ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਜੁਰਮਾਨਾ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ। ਕਣਕ ਦੀ ਖਰੀਦ ਦਾ ਸੀਜ਼ਨ ਨੇੜੇ ਆ ਰਿਹਾ ਸੀ ਜਿਸ ਕਾਰਨ ਸ਼ਿਕਾਇਤਕਰਤਾ ਨੂੰ ਆਪਣੀ ਦੂਜੀ ਫਰਮ, ਜੋ ਉਸਦੀ ਮਾਤਾ ਦੇ ਨਾਮ 'ਤੇ ਰਜਿਸਟਰਡ ਹੈ, ਦੇ ਮਿਆਦ ਪੁੱਗ ਚੁੱਕੇ ਲਾਇਸੈਂਸ ਨੂੰ ਰੀਨਿਊ ਕਰਨ ਦੀ ਲੋੜ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਜਦੋਂ ਉਸਨੇ ਦੋਵਾਂ ਮਾਮਲਿਆਂ ਨੂੰ ਸੁਲਝਾਉਣ ਲਈ ਉਕਤ ਮੁਲਜ਼ਮ ਰਸ਼ਪਾਲ ਸਿੰਘ ਕੋਲ ਪਹੁੰਚ ਕੀਤੀ, ਤਾਂ ਇਸ ਮੰਡੀ ਸੁਪਰਵਾਈਜ਼ਰ ਨੇ ਰਿਸ਼ਵਤ ਵਜੋਂ 8,000 ਰੁਪਏ ਦੀ ਮੰਗ ਕੀਤੀ ਪਰ ਉਸਦੇ ਜ਼ੋਰ ਪਾਉਣ ਤੋਂ ਬਾਅਦ ਰਿਸ਼ਵਤ ਦੀ ਰਕਮ ਘਟਾ ਕੇ 7,000 ਰੁਪਏ ਕਰ ਦਿੱਤੀ ਗਈ।

ਸਰਕਾਰੀ ਗਵਾਹਾਂ ਦੀ ਹਾਜ਼ਰੀ 'ਚ ਫੜਿਆ

ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਤਸਦੀਕ ਤੋਂ ਬਾਅਦ ਅੰਮ੍ਰਿਤਸਰ ਰੇਂਜ ਦੀ ਵਿਜੀਲੈਂਸ ਬਿਊਰੋ ਦੀ ਇੱਕ ਟੀਮ ਨੇ ਇੱਕ ਜਾਲ ਵਿਛਾਇਆ ਜਿਸ ਦੌਰਾਨ ਰਸ਼ਪਾਲ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 7,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਉਕਤ ਮੁਲਜ਼ਮ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮੁਕੱਦਮੇ ਦੀ ਅਗਲੇਰੀ ਜਾਂਚ ਜਾਰੀ ਹੈ।

ਸੀਐਮ ਹੈਲਪਲਾਈਨ ਬਣਾਈ

ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਲਈ ਸੀਐਮ ਹੈਲਪਲਾਇਨ ਵੀ ਬਣਾਈ ਹੋਈ ਹੈ ਜਿਸਦੇ ਰਾਹੀਂ ਕੋਈ ਵੀ ਰਿਸ਼ਵਤਖੋਰੀ ਦੀ ਸ਼ਿਕਾਇਤ ਕਰ ਸਕਦਾ ਹੈ। ਇਸ ਸ਼ਿਕਾਇਤ ਦੀ ਜਾਂਚ ਵਿਜੀਲੈਂਸ ਵੱਲੋਂ ਕੀਤੀ ਜਾਂਦੀ ਹੈ ਤੇ ਫਿਰ ਪੜਤਾਲ ਦੌਰਾਨ ਦੋਸ਼ੀ ਪਾਏ ਜਾਣ 'ਤੇ ਕਾਰਵਾਈ ਕੀਤੀ ਜਾਂਦੀ ਹੈ। ਇਸ ਹੈਲਪਲਾਈਨ ਉਪਰ ਹੁਣ ਤੱਕ ਹਜ਼ਾਰਾਂ ਸ਼ਿਕਾਇਤਾਂ ਦੀ ਪੜਤਾਲ ਮਗਰੋਂ ਰਿਸ਼ਵਤਖੋਰ ਫੜੇ ਜਾ ਚੁੱਕੇ ਹਨ ਤੇ ਮੁਕੱਦਮੇ ਦਰਜ ਕੀਤੇ ਗਏ ਹਨ। 

ਇਹ ਵੀ ਪੜ੍ਹੋ