Ludhiana : PAU ਦੇ ਸੁਪਰਡੈਂਟ ਦੀ ਸ਼ੱਕੀ ਹਾਲਾਤਾਂ 'ਚ ਮੌਤ, ਖੁਦਕੁਸ਼ੀ ਜਾਂ ਕਤਲ ? ਜਾਂਚ ਕਰ ਰਹੀ ਪੁਲਿਸ

ਘਰੋਂ ਰੋਜ਼ਾਨਾ ਦੀ ਤਰ੍ਹਾਂ ਗੁਲਸ਼ਨ ਮਹਿਤਾ ਪੀਏਯੂ ਲਈ ਨਿਕਲੇ। ਪ੍ਰੰਤੂ ਜਦੋਂ ਫੋਨ ਆਇਆ ਕਿ ਉਹ ਡਿਊਟੀ 'ਤੇ ਨਹੀਂ ਪਹੁੰਚੇ ਹਨ ਤਾਂ ਪਰਿਵਾਰਕ ਮੈਂਬਰਾਂ ਨੇ ਫੋਨ ਮਿਲਾਇਆ। ਫੋਨ ਕਿਸੇ ਨੇ ਚੁੱਕਿਆ ਨਹੀਂ। ਪੁਲਿਸ ਨੇ ਘਰ ਆ ਕੇ ਦੱਸਿਆ ਕਿ ਸੁਪਰਡੈਂਟ ਦੀ ਲਾਸ਼ ਮਿਲੀ ਹੈ। 

Share:

ਹਾਈਲਾਈਟਸ

  • ਪੀਏਯੂ ਦੇ ਸੁਪਰਡੈਂਟ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਲਟਕਦੀ ਮਿਲੀ
  • ਗੁਲਸ਼ਨ ਆਪਣੇ ਪਿੱਛੇ ਦੋ ਧੀਆਂ ਅਤੇ ਪਤਨੀ ਛੱਡ ਗਿਆ ਹੈ।

Ludhiana : ਲੁਧਿਆਣਾ ਵਿਖੇ ਇੱਕ ਖਾਲੀ ਪਲਾਟ 'ਚ ਪੀਏਯੂ ਦੇ ਸੁਪਰਡੈਂਟ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਲਟਕਦੀ ਮਿਲੀ। ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੈ ਕਿ ਸ਼ਾਇਦ ਕਿਸੇ ਨੇ ਕਤਲ ਕਰਕੇ ਲਾਸ਼ ਨੂੰ ਡੰਡੇ ਨਾਲ ਲਟਕਾ ਦਿੱਤਾ ਹੈ। ਫਿਲਹਾਲ ਇਸ ਮਾਮਲੇ 'ਚ ਪੀਏਯੂ ਥਾਣਾ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਇਆ। ਮਾਮਲਾ ਸ਼ੱਕੀ ਹੋਣ ਕਾਰਨ ਮੌਤ ਦੇ ਕਾਰਨਾਂ ਦਾ ਪਤਾ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ। ਮ੍ਰਿਤਕ ਦੀ ਪਛਾਣ ਗੁਲਸ਼ਨ ਮਹਿਤਾ ਵਾਸੀ ਹੈਬੋਵਾਲ ਵਜੋਂ ਹੋਈ। 

ਪੀਸੀਆਰ ਨੇ ਦੇਖੀ ਲਾਸ਼ 

ਮੰਗਲਵਾਰ ਸਵੇਰੇ ਜਦੋਂ ਸੁਪਰਡੈਂਟ ਦਫਤਰ ਨਹੀਂ ਪਹੁੰਚਿਆ ਤਾਂ ਫੋਨ ਕਰਨ ਨਾਲ ਖੁਲਾਸਾ ਹੋਇਆ।ਜਾਣਕਾਰੀ ਦਿੰਦੇ ਹੋਏ ਮ੍ਰਿਤਕ ਗੁਲਸ਼ਨ ਦੇ ਭਰਾ ਰਾਜੇਸ਼ ਮਹਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਪੀਏਯੂ ਤੋਂ ਫੋਨ ਆਇਆ ਕਿ ਗੁਲਸ਼ਨ ਦਫਤਰ ਨਹੀਂ ਪਹੁੰਚਿਆ। ਜਦੋਂ ਉਹ ਭਰਾ ਗੁਲਸ਼ਨ ਦੇ ਘਰ ਗਿਆ ਤਾਂ ਉਸਦੀ ਪਤਨੀ ਨੇ ਦੱਸਿਆ ਕਿ ਉਹ ਸਵੇਰੇ ਟਿਫਨ ਲੈ ਕੇ ਗਏ ਸਨ। ਰਾਜੇਸ਼ ਅਨੁਸਾਰ ਕੁਝ ਸਮੇਂ ਬਾਅਦ ਪੀਸੀਆਰ ਦਸਤੇ ਨੇ ਕਿਸੇ ਨੂੰ ਘਰ ਭੇਜਿਆ। ਉਹਨਾਂ ਨੇ ਆ ਕੇ ਦੱਸਿਆ ਕਿ ਉਸਦੇ ਭਰਾ ਨੇ ਖੁਦਕੁਸ਼ੀ ਕਰ ਲਈ ਹੈ। 

1996 ਤੋਂ ਕਰ ਰਹੇ ਸੀ ਨੌਕਰੀ 

ਰਾਜੇਸ਼ ਅਨੁਸਾਰ ਜਦੋਂ ਉਹ ਘਟਨਾ ਵਾਲੀ ਥਾਂ 'ਤੇ ਪਹੁੰਚਿਆ ਤਾਂ ਉਹ ਹੈਰਾਨ ਰਹਿ ਗਿਆ। ਉਸਦੇ ਭਰਾ ਦੀ ਲਾਸ਼ ਸਰੀਏ ਨਾਲ ਲਟਕ ਰਹੀ ਸੀ। ਰਾਜੇਸ਼ ਅਨੁਸਾਰ ਉਸਦਾ ਭਰਾ 1996 ਤੋਂ ਪੀਏਯੂ ਵਿੱਚ ਨੌਕਰੀ ਕਰ ਰਿਹਾ ਸੀ। ਗੁਲਸ਼ਨ ਆਪਣੇ ਪਿੱਛੇ ਦੋ ਧੀਆਂ ਅਤੇ ਪਤਨੀ ਛੱਡ ਗਿਆ ਹੈ। ਘਟਨਾ ਵਾਲੀ ਥਾਂ 'ਤੇ ਦੇਖਿਆ ਗਿਆ ਕਿ ਗੁਲਸ਼ਨ ਦੇ ਪੈਰ ਜ਼ਮੀਨ 'ਤੇ ਸਨ ਅਤੇ ਉਸਦੇ ਗਲੇ 'ਚ ਮਫਲਰ ਪਾਇਆ ਹੋਇਆ ਸੀ। ਪਰਿਵਾਰ ਨੂੰ ਸ਼ੱਕ ਹੈ ਕਿ ਗੁਲਸ਼ਨ ਦਾ ਕਤਲ ਕਰਕੇ ਉਸਨੂੰ ਡੰਡੇ ਨਾਲ ਲਟਕਾ ਦਿੱਤਾ ਗਿਆ। ਦੂਜੇ ਪਾਸੇ ਪੀਏਯੂ ਥਾਣੇ ਦੇ ਏਐਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਗੁਲਸ਼ਨ ਮਹਿਤਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ

Tags :