Ludhiana : ਇਨਕਮ ਟੈਕਸ ਵਕੀਲ ਬਣ ਕੇ 12 ਲੱਖ ਦੀ ਠੱਗੀ ਮਾਰੀ, ਲੁਧਿਆਣਾ ਜੇਲ੍ਹ 'ਚ ਬੰਦ ਹੈ ਮੁਲਜ਼ਮ 

ਸੈਨੇਟਰੀ ਦੁਕਾਨ ਮਾਲਕ ਨੂੰ ਭਰੋਸੇ 'ਚ ਲੈ ਕੇ ਧੋਖਾਧੜੀ ਕੀਤੀ ਗਈ। ਮੁਲਜ਼ਮ ਖਿਲਾਫ ਮੋਗਾ ਤੇ ਲੁਧਿਆਣਾ ਵਿਖੇ ਪਹਿਲਾਂ ਵੀ ਕੇਸ ਦਰਜ ਹੈ। ਇੱਕ ਕਿਸਮ ਦਾ ਨਟਵਰ ਲਾਲ ਹੈ ਜੋ ਅਜਿਹੀਆਂ ਠੱਗੀਆਂ ਮਾਰਦਾ ਰਹਿੰਦਾ ਸੀ। 

Share:

ਹਾਈਲਾਈਟਸ

  • ਮੁਲਜ਼ਮ ਵਿਕਾਸ ਵੀ ਜੈਨ ਆਪਣੀ ਪਤਨੀ ਨੂੰ ਸ਼ਿਕਾਇਤਕਰਤਾ ਦੇ ਘਰ ਲੈ ਕੇ ਆਉਂਦਾ ਸੀ
  • ਜੈਨ ਖ਼ਿਲਾਫ਼ ਮੋਗਾ ਵਿੱਚ ਕਈ ਸਾਲ ਪਹਿਲਾਂ ਧੋਖਾਧੜੀ ਦਾ ਕੇਸ ਦਰਜ ਹੋਇਆ ਸੀ

ਕ੍ਰਾਇਮ ਨਿਊਜ਼। ਜਿਲ੍ਹਾ ਲੁਧਿਆਣਾ ਦੇ ਪਾਇਲ ਵਿਖੇ ਇਨਕਮ ਟੈਕਸ ਦਾ ਵਕੀਲ ਦੱਸ ਕੇ 12 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਸੈਨੇਟਰੀ ਦੁਕਾਨ ਦੇ ਮਾਲਕ ਸਕਿੰਦਰ ਸਿੰਘ ਵਾਸੀ ਲਾਪਰਾਂ ਦੀ ਸ਼ਿਕਾਇਤ ’ਤੇ ਮੁਲਜ਼ਮ ਵਿਕਾਸ ਵੀ ਜੈਨ ਵਾਸੀ ਚੰਦਰ ਨਗਰ ਸਿਵਲ ਲਾਈਨ ਲੁਧਿਆਣਾ ਖ਼ਿਲਾਫ਼ ਕੇਸ ਦਰਜ ਕਰ ਲਿਆ। ਇਨ੍ਹੀਂ ਦਿਨੀਂ ਮੁਲਜ਼ਮ ਕਿਸੇ ਹੋਰ ਮਾਮਲੇ ਵਿੱਚ ਲੁਧਿਆਣਾ ਜੇਲ੍ਹ ਵਿੱਚ ਬੰਦ ਹੈ, ਜਿਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਜਾਵੇਗਾ।

ਜੁਰਮਾਨਾ ਮੁਆਫ਼ ਕਰਾਉਣ ਦੀ ਗੱਲ ਨਾਲ ਦੋਸਤੀ 

ਸ਼ਿਕਾਇਤਕਰਤਾ ਸਕਿੰਦਰ ਸਿੰਘ ਅਨੁਸਾਰ ਵਿਕਾਸ ਵੀ ਜੈਨ ਫਰਵਰੀ 2022 ਨੂੰ ਉਸਦੀ ਦੁਕਾਨ 'ਤੇ ਆਇਆ ਸੀ। ਜਿਸਨੇ ਖੁਦ ਨੂੰ ਇਨਕਮ ਟੈਕਸ ਦਾ ਵਕੀਲ ਦੱਸਿਆ ਸੀ ਅਤੇ ਕਿਹਾ ਸੀ ਕਿ ਉਹ ਰਿਟਰਨ ਭਰਨ ਦਾ ਕੰਮ ਵੀ ਕਰਦਾ ਹੈ। ਇਸ ਤੋਂ ਬਾਅਦ ਦੋਵੇਂ ਦੋਸਤ ਬਣ ਗਏ। ਇਸ ਦੌਰਾਨ ਸ਼ਿਕਾਇਤਕਰਤਾ ਨੇ ਮੁਲਜ਼ਮ ਨੂੰ ਦੱਸਿਆ ਕਿ ਉਸਦਾ ਆਮਦਨ ਕਰ ਵਿਭਾਗ ਨਾਲ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ। ਉਸਨੂੰ 9 ਲੱਖ 60 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ। ਇਸ ਤੋਂ ਬਾਅਦ ਮੁਲਜ਼ਮ ਨੇ ਕਿਹਾ ਕਿ ਜੁਰਮਾਨੇ ਦੀ 20 ਫੀਸਦੀ ਰਕਮ ਅਦਾ ਕਰਕੇ ਕੇਸ ਬੰਦ ਕਰਾ ਦਿੱਤਾ ਜਾਵੇਗਾ। ਮੁਲਜ਼ਮ ਨੇ ਸ਼ਿਕਾਇਤਕਰਤਾ ਕੋਲੋਂ 1 ਲੱਖ 92 ਹਜ਼ਾਰ ਰੁਪਏ ਲਏ ਸਨ। ਪਰ ਮਾਮਲਾ ਹੱਲ ਨਹੀਂ ਹੋਇਆ। ਨਾ ਹੀ ਇਹ ਰਕਮ ਕਿਤੇ ਜਮ੍ਹਾ ਕਰਵਾਈ ਗਈ।

ਘਰੇਲੂ ਸਬੰਧਾਂ ਵਿੱਚ 10 ਲੱਖ ਰੁਪਏ ਉਧਾਰ ਲਏ 

ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਘਰੇਲੂ ਸਬੰਧ ਬਣ ਗਏ। ਇੱਕ ਦੂਜੇ ਦੇ ਘਰ ਆਉਣ-ਜਾਣ ਲੱਗ ਪਏ। ਮੁਲਜ਼ਮ ਵਿਕਾਸ ਵੀ ਜੈਨ ਆਪਣੀ ਪਤਨੀ ਨੂੰ ਸ਼ਿਕਾਇਤਕਰਤਾ ਦੇ ਘਰ ਲੈ ਕੇ ਆਉਂਦਾ ਸੀ। ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਪਕਵਾਨ ਲਿਆ ਕੇ ਦਿੰਦਾ ਸੀ। ਵਿਕਾਸ ਦੀ ਪਤਨੀ ਨੇ ਆਪਣੇ ਆਪ ਨੂੰ ਸੀ.ਐਸ. ਦੱਸਿਆ। ਵਿਕਾਸ ਨੇ ਸ਼ਿਕਾਇਤਕਰਤਾ ਤੋਂ ਸਮੇਂ-ਸਮੇਂ 'ਤੇ ਇਹ ਕਹਿ ਕੇ 10 ਲੱਖ ਰੁਪਏ ਉਧਾਰ ਲਏ ਕਿ ਉਹ ਪ੍ਰੇਸ਼ਾਨੀ ਵਿੱਚ ਹੈ। ਇਹ ਰਕਮ ਵੀ ਵਾਪਸ ਨਹੀਂ ਕੀਤੀ ਗਈ।

ਮੋਗਾ ਮਾਮਲੇ 'ਚ ਭਗੌੜਾ, ਲੁਧਿਆਣਾ 'ਚ ਵੀ ਦਰਜ FIR

ਮੁਲਜ਼ਮ ਵਿਕਾਸ ਵੀ ਜੈਨ ਖ਼ਿਲਾਫ਼ ਮੋਗਾ ਵਿੱਚ ਕਈ ਸਾਲ ਪਹਿਲਾਂ ਧੋਖਾਧੜੀ ਦਾ ਕੇਸ ਦਰਜ ਹੋਇਆ ਸੀ। ਇਸ ਮਾਮਲੇ ਦਾ ਮੁਲਜ਼ਮ ਭਗੌੜਾ ਸੀ। ਉਹ ਆਪਣਾ ਨਾਂ ਬਦਲ ਕੇ ਲੁਧਿਆਣਾ ਰਹਿਣ ਲੱਗ ਪਿਆ ਸੀ। ਜਿਸ ਕਾਰਨ ਲੁਧਿਆਣਾ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਖ਼ਿਲਾਫ਼ ਹੈਬੋਵਾਲ ਲੁਧਿਆਣਾ ਵਖੇ ਵੀ ਜਾਅਲਸਾਜ਼ੀ ਦਾ ਕੇਸ ਦਰਜ ਹੈ। ਮੁਲਜ਼ਮ ਵਿਕਾਸ ਲੁਧਿਆਣਾ ਜੇਲ੍ਹ ਵਿੱਚ ਬੰਦ ਹੈ। ਡੀਐਸਪੀ ਨਿਖਿਲ ਗਰਗ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਸਨੂੰ ਲੁਧਿਆਣਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਗ੍ਰਿਫ਼ਤਾਰੀ ਪਾਈ ਜਾਵੇਗੀ।

ਇਹ ਵੀ ਪੜ੍ਹੋ