Ludhiana: ਫੋਕਲ ਪੁਆਇੰਟ ਵਿੱਚ ਭੇਦ ਭਰੇ ਹਾਲਾਤਾਂ ਵਿੱਚ ਪਤੀ-ਪਤਨੀ ਦੀ ਮੌਤ, ਦਮ ਘੁੱਟਣ ਦਾ ਸ਼ਕ

ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵਾਂ ਦੀ ਮੌਤ ਦਮ ਘੁੱਟਣ ਨਾਲ ਹੋਈ ਹੈ। ਕਮਰੇ ਵਿੱਚ ਭਾਂਡੇ ਵਿੱਚ ਸੜਿਆ ਕੋਲਾ ਬਰਾਮਦ ਹੋਇਆ ਹੈ।

Share:

Couple Died Under Mysterious Circumstance: ਲੁਧਿਆਣਾ ਦੇ ਫੋਕਲ ਪੁਆਇੰਟ ਫੇਜ਼-5 ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਮੰਗਲਵਾਰ ਦੇਰ ਰਾਤ ਨੂੰ ਪਤੀ-ਪਤਨੀ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ। ਅਜੇ ਤੱਕ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਪਾਇਆ ਹੈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵਾਂ ਦੀ ਮੌਤ ਦਮ ਘੁੱਟਣ ਨਾਲ ਹੋਈ ਹੈ। ਕਮਰੇ ਵਿੱਚ ਭਾਂਡੇ ਵਿੱਚ ਸੜਿਆ ਕੋਲਾ ਬਰਾਮਦ ਹੋਇਆ ਹੈ। ਜਦੋਂ ਵਿਅਕਤੀ ਫੈਕਟਰੀ ਨਹੀਂ ਪਹੁੰਚਿਆ ਤਾਂ ਉਸਦੇ ਸਾਥੀਆਂ ਨੇ ਉਸਨੂੰ ਕਈ ਵਾਰ ਫੋਨ ਕੀਤਾ, ਪਰ ਜਦੋਂ ਫੋਨ ਕਿਸੇ ਨੇ ਨਹੀਂ ਚੁਕਿਆ ਤਾਂ ਫੈਕਟਰੀ ਦੇ ਵਰਕਰ ਉਸਦੇ ਘਰ ਪਹੁੰਚੇ, ਪਰ ਕਮਰਾ ਬੰਦ ਹੋਣ ਕਰਕੇ ਪੁਲਿਸ ਅਤੇ ਮਕਾਨ ਮਾਲਕ ਨੂੰ ਜਾਣਕਾਰੀ ਦਿੱਤੀ ਗਈ। ਦੋਵਾਂ ਦੇ ਆਉਣ ਤੋਂ ਬਾਅਦ ਦਰਵਾਜ਼ਾ ਤੋੜਿਆ ਗਿਆ। ਜਦੋਂ ਦਰਵਾਜ਼ਾ ਟੁਟਿਆ ਤਾਂ ਦੋਵਾਂ ਦੀਆਂ ਲਾਸ਼ਾਂ ਪਈਆਂ ਸਨ। ਜਿਸ ਨੂੰ ਵੇਖ ਕੇ ਸਾਰੇ ਹੈਰਾਨ ਰਹਿ ਗਏ। ਫਿਲਹਾਲ ਪੁਲਿਸ ਨੇ ਦੋਵੇਂ ਲਾਸ਼ਾਂ ਕਬਜ਼ੇ ਵਿੱਚ ਲੈ ਲਈਆਂ ਹਨ।

20 ਘੰਟੇ ਬਾਅਦ ਬਾਹਰ ਕੱਢਿਆਂ ਗਈਆਂ ਦੋਵੇਂ ਲਾਸ਼ਾਂ

ਦਸਿਆ ਜਾ ਰਿਹਾ ਹੈ ਕਿ 20 ਘੰਟੇ ਬਾਅਦ ਲਾਸ਼ਾਂ ਬਾਹਰ ਕੱਢਿਆਂ ਗਈਆਂ ਹਨ। ਪਤੀ ਦੀ ਲਾਸ਼ ਮੰਜੇ ਤੇ ਪਈ ਸੀ ਅਤੇ ਪਤਨੀ ਦੀ ਲਾਸ਼ ਜਮੀਨ ਤੇ ਪਈ ਹੋਈ ਸੀ।  ਮ੍ਰਿਤਕਾਂ ਦੀ ਪਛਾਣ ਕਰਨ (40) ਅਤੇ ਕਮਲਾ (38) ਵਜੋਂ ਹੋਈ ਹੈ। ਉਨ੍ਹਾਂ ਦੇ ਵਿਆਹ ਨੂੰ ਲਗਭਗ 7 ਸਾਲ ਹੋਏ ਸਨ। ਉਹਨਾਂ ਦਾ ਕੋਈ ਬੱਚਾ ਨਹੀਂ ਸੀ। ਦੋਵੇਂ ਨੇਪਾਲ ਦੇ ਰਹਿਣ ਵਾਲੇ ਸਨ। ਢੰਡਾਰੀ ਪੁਲਿਸ ਚੌਕੀ ਦੇ ਮੁਲਾਜ਼ਮਾਂ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਥਾਣਾ ਫੋਕਲ ਪੁਆਇੰਟ ਦੇ SHO ਨਰਦੇਵ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਪਤੀ-ਪਤਨੀ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਹੀ ਲੱਗੇਗਾ। ਢੰਡਾਰੀ ਪੁਲਿਸ ਚੌਕੀ ਦੇ ਅਧਿਕਾਰੀ ਮੌਕੇ ’ਤੇ ਪੁੱਜੇ ਹੋਏ ਸਨ। ਕਮਰੇ ਵਿੱਚੋਂ ਸੜੇ ਕੋਲੇ ਮਿਲੇ ਹਨ।

ਸੋਮਵਾਰ ਨੂੰ ਠੀਕ ਨਹੀਂ ਸੀ ਦੋਵਾਂ ਦੀ ਸਿਹਤ 

ਕਰਨ ਦੇ ਦੋਸਤ ਪ੍ਰੇਮ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਕਰਨ ਅਤੇ ਉਸਦੀ ਪਤਨੀ ਦੋਵੇਂ ਵੱਖ-ਵੱਖ ਫੈਕਟਰੀਆਂ ਵਿੱਚ ਕੰਮ ਕਰਦੇ ਸਨ। ਕਰਨ ਉਸਦੇ ਨਾਲ ਕਿੰਗਜ਼ ਐਕਸਪੋਰਟ ਵਿੱਚ ਕੰਮ ਕਰਦਾ ਸੀ। ਸੋਮਵਾਰ ਨੂੰ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ। ਉਹ ਘਰ ਚਲਾ ਗਿਆ। ਜਦੋਂ ਉਹ ਅਗਲੇ ਦਿਨ ਕੰਮ 'ਤੇ ਨਹੀਂ ਆਇਆ ਤਾਂ ਉਨ੍ਹਾਂ ਨੇ ਉਸ ਨੂੰ ਅਤੇ ਉਸ ਦੀ ਪਤਨੀ ਦੋਵਾਂ ਨੂੰ ਫੋਨ ਕੀਤਾ, ਪਰ ਕਿਸੇ ਨੇ ਫੋਨ ਨਹੀਂ ਚੁੱਕਿਆ। ਕਾਫੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਉਹ ਦੇਰ ਰਾਤ ਉਸ ਦੇ ਕਮਰੇ 'ਚ ਪਹੁੰਚਿਆ। ਉਸ ਨੇ ਕਮਰੇ ਦਾ ਦਰਵਾਜ਼ਾ ਕਈ ਵਾਰ ਖੜਕਾਇਆ, ਪਰ ਦਰਵਾਜ਼ਾ ਨਹੀਂ ਖੁੱਲ੍ਹਿਆ। ਉਸਨੇ ਤੁਰੰਤ ਆਪਣੇ ਬਾਕੀ ਸਾਥੀਆਂ ਨੂੰ ਸੂਚਿਤ ਕੀਤਾ। ਕਮਰੇ ਵਿੱਚ ਪਤੀ-ਪਤਨੀ ਦੀਆਂ ਲਾਸ਼ਾਂ ਪਈਆਂ ਸਨ। ਕਮਲਾ ਜ਼ਮੀਨ 'ਤੇ ਪਈ ਸੀ। ਕਰਨ ਮੰਜੇ 'ਤੇ ਪਿਆ ਸੀ।

ਫੈਕਟਰੀ ਵਿੱਚ ਕੰਮ ਕਰਦੇ ਨੇਪਾਲੀ ਭਰਾਵਾਂ ਵੱਲੋਂ ਕੀਤਾ ਜਾਵੇਗਾ ਦੋਵਾਂ ਦਾ ਸੰਸਕਾਰ!

ਕਮਰੇ ਵਿੱਚ ਇੱਕ ਭਾਂਡਾ ਪਿਆ ਸੀ, ਜਿਸ ਵਿੱਚ ਕੋਲਾ ਬਲ ਰਿਹਾ ਸੀ। ਉਨ੍ਹਾਂ ਸ਼ੱਕ ਹੈ ਕਿ ਪਤੀ-ਪਤਨੀ ਦੀ ਮੌਤ ਦਮ ਘੁੱਟਣ ਨਾਲ ਹੋਈ ਹੈ। ਕਰਨ ਪਿਛਲੇ 10 ਸਾਲਾਂ ਤੋਂ ਲੁਧਿਆਣਾ ਵਿੱਚ ਰਹਿ ਰਿਹਾ ਹੈ। ਉਸਦਾ ਇੱਕ ਭਰਾ ਹੈ, ਜੋ ਵਿਦੇਸ਼ ਵਿੱਚ ਰਹਿੰਦਾ ਹੈ। ਕਰਨ ਅਤੇ ਉਸਦੀ ਪਤਨੀ ਦਾ ਨੇਪਾਲ ਵਿੱਚ ਕੋਈ ਰਿਸ਼ਤੇਦਾਰ ਨਹੀਂ ਹੈ। ਫਿਲਹਾਲ ਉਹ ਕਰਨ ਦੇ ਭਰਾ ਨੂੰ ਸੂਚਿਤ ਕਰੇਗਾ। ਜੇਕਰ ਉਸ ਦਾ ਭਰਾ ਆਉਣਾ ਚਾਹੁੰਦਾ ਹੈ ਤਾਂ ਉਹ ਜ਼ਰੂਰ ਇੰਤਜ਼ਾਰ ਕਰੇਗਾ, ਨਹੀਂ ਤਾਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਫੈਕਟਰੀ ਵਿੱਚ ਕੰਮ ਕਰਦੇ ਸਾਰੇ ਨੇਪਾਲੀ ਭਰਾਵਾਂ ਵੱਲੋਂ ਪਤੀ-ਪਤਨੀ ਦਾ ਸੰਸਕਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ