ਆਸਟਰੇਲੀਆ 'ਚ ਰਹਿ ਕੇ ਵੀ ਨਹੀਂ ਸੁਧਰੇ ਪਤੀ-ਪਤਨੀ, ਪੰਜਾਬ ਆ ਕੇ ਪੁਲਿਸ ਨੂੰ ਪਾਈ ਬਿਬਤਾ, ਹੁਣ ਖਾਣਗੇ ਜੇਲ੍ਹ ਦੀ ਹਵਾ, ਜਾਣੋ ਪੂਰਾ ਮਾਮਲਾ 

ਅਕਸਰ ਕਿਹਾ ਜਾਂਦਾ ਹੈ ਕਿ ਵਿਦੇਸ਼ਾਂ ਅੰਦਰ ਕਾਨੂੰਨ ਬਹੁਤ ਸਖਤ ਨੇ ਤੇ ਕਾਨੂੰਨ ਦੀ ਉਲੰਘਣਾ ਕਰਨ ਤੋਂ ਲੋਕ ਡਰਦੇ ਰਹਿੰਦੇ ਹਨ। ਪ੍ਰੰਤੂ, ਜਦੋਂ ਵਿਦੇਸ਼ ਚੋਂ ਆ ਕੇ ਹੀ ਆਪਣੇ ਵਤਨ ਅੰਦਰ ਕਾਨੂੰਨ ਤੋੜੇ ਤੇ ਅਜਿਹੀ ਹਰਕਤ ਕਰ ਦੇਵੇ ਕਿ ਉਸਦਾ ਭਵਿੱਖ ਹੀ ਖਰਾਬ ਹੋ ਜਾਵੇ ਤਾਂ ਅਜਿਹੇ ਲੋਕ ਸਜ਼ਾ ਦੇ ਹੱਕਦਾਰ ਤਾਂ ਬਣਦੇ ਹੀ ਨੇ......

Courtesy: ਜਾਣਕਾਰੀ ਦਿੰਦੇ ਐਸਐਸਪੀ ਅਮਨੀਤ ਕੌਂਡਲ ਅਤੇ ਪੁਲਿਸ ਹਿਰਾਸਤ 'ਚ ਮੁਲਜ਼ਮ ਪਤੀ-ਪਤਨੀ

Share:

ਕ੍ਰਾਇਮ ਨਿਊਜ਼। ਬਠਿੰਡਾ 'ਚ ਬੀਤੇ ਦਿਨੀਂ ਆਸਟਰੇਲੀਆ ਤੋਂ ਆਏ ਪਤੀ-ਪਤਨੀ ਨੇ ਅਜਿਹੀ ਕੋਝੀ ਹਰਕਤ ਕੀਤੀ ਕਿ ਹੁਣ ਆਪਣੀ ਗਲਤੀ ਦਾ ਪਛਤਾਵਾ ਭਾਵੇਂ ਉਹਨਾਂ ਨੂੰ ਹੋ ਰਿਹਾ ਹੋਵੇ ਪ੍ਰੰਤੂ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਹੁਣ ਦੋਵੇਂ ਜਣੇ ਜੇਲ੍ਹ ਦੀ ਹਵਾ ਖਾਣਗੇ। ਮਾਮਲਾ ਇਹ ਹੈ ਕਿ 16-17 ਫਰਵਰੀ ਦੀ ਦਰਮਿਆਨੀ ਰਾਤ ਨੂੰ ਦੱਸੀ ਗਈ ਲੁੱਟ ਇੱਕ ਡਰਾਮਾ ਨਿਕਲੀ ਹੈ। ਆਸਟਰੇਲੀਆ ਤੋਂ ਆਏ ਐਨਆਰਆਈ ਜੋੜੇ ਨੇ ਖੁਦ ਹੀ ਲੁੱਟ ਦੀ ਝੂਠੀ ਕਹਾਣੀ ਘੜੀ ਸੀ। ਹਾਲਾਂਕਿ ਲੁੱਟ ਦੀ ਕੋਈ ਘਟਨਾ ਨਹੀਂ ਵਾਪਰੀ। ਐਨਆਰਆਈ ਜੋੜੇ ਨੇ ਮਦਦ ਲਈ ਰੁਕੇ ਕਬੱਡੀ ਖਿਡਾਰੀਆਂ ਉੱਪਰ ਹੀ ਲੁੱਟ ਦਾ ਇਲਜ਼ਾਮ ਲਗਾ ਦਿੱਤਾ। ਬਠਿੰਡਾ ਦੀ ਐਸਐਸਪੀ ਅਮਨੀਤ ਕੌਂਡਲ ਨੇ ਆਪਣੀ ਟੀਮ ਸਮੇਤ ਇਸ ਵਾਰਦਾਤ ਨੂੰ ਸੁਲਝਾਉਣ 'ਚ ਸਫ਼ਲਤਾ ਹਾਸਲ ਕੀਤੀ ਹੈ। 

ਇਸ ਤਰ੍ਹਾਂ ਘੜੀ ਸੀ ਝੂਠੀ ਕਹਾਣੀ 

ਮੀਡੀਆ ਨਾਲ ਗੱਲਬਾਤ ਕਰਦੇ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਪੁਲਿਸ ਨੇ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜੋਕਿ ਆਸਟਰੇਲੀਆ ਦੇ ਰਹਿਣ ਵਾਲੇ ਹਨ ਇਹਨਾਂ ਵੱਲੋਂ ਬੀਤੇ ਦਿਨ ਪੁਲਿਸ ਨੂੰ ਇੱਕ ਝੂਠੀ ਇਤਲਾਹ ਦਿੱਤੀ ਗਈ ਸੀ ਕਿ ਉਹ ਵਿਆਹ ਤੋਂ ਪਰਤ ਰਹੇ ਸਨ ਅਤੇ ਉਹਨਾਂ ਦੇ ਸੋਨੇ ਦੇ ਗਹਿਣੇ ਕੁਝ ਵਿਅਕਤੀ ਲੁੱਟ ਕੇ ਫਰਾਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਥਾਣਾ ਨੇਹੀਆਂਵਾਲਾ ਦੇ ਐਸਐਚਓ ਘਟਨਾ ਸਥਾਨ ’ਤੇ ਪੁੱਜੇ, ਜਿੱਥੇ ਉਨ੍ਹਾਂ ਨੂੰ ਆਸਟਰੇਲੀਆ ਤੋਂ ਆਏ ਰਜਿੰਦਰ ਕੌਰ ਉਰਫ ਸੋਨੀਆ ਅਤੇ ਉਸ ਦਾ ਪਤੀ ਸਾਹਿਲ ਸਿੰਘ ਵਾਸੀ ਪਿੰਡ ਚੱਕਬਖਤੂ ਮਿਲੇ, ਜਿਨ੍ਹਾਂ ਨੇ ਦੱਸਿਆ ਕਿ ਉਹ ਪਿੰਡ ਕੋਠੇ ਨੱਥਾ ਸਿੰਘ ਵਾਲਾ ਤੋਂ ਇਕ ਵਿਆਹ ਸਮਾਗਮ ਵਿੱਚ ਸ਼ਾਮਲ ਹੋ ਕੇ ਵਾਪਸ ਆਪਣੇ ਪਿੰਡ ਚੱਕ ਬਖਤੂ ਵੱਲ ਜਾ ਰਹੇ ਸਨ ਕਿ ਜਦੋਂ ਉਹ ਜੈਤੋ ਬਾਈਪਾਸ ਸੂਏ ਦੇ ਪੁਲ ਨੇੜੇ ਗੋਨਿਆਣਾ ਵਿਖੇ ਪੁੱਜੇ ਤਾਂ ਉਹਨਾਂ ਦੇ ਬੱਚੇ ਨੂੰ ਉਲਟੀ ਆਉਣ ਕਾਰਨ ਸੜਕ ਕਿਨਾਰੇ ਉਨ੍ਹਾਂ ਗੱਡੀ ਰੋਕ ਲਈ। ਰਜਿੰਦਰ ਕੌਰ ਨੇ ਪੁਲਿਸ ਨੂੰ ਦੱਸਿਆ ਸੀ ਕਿ ਜਦੋਂ ਉਹ ਗੱਡੀ ਵਿੱਚੋਂ ਨਿਕਲ ਕੇ ਆਪਣੇ ਬੱਚੇ ਨੂੰ ਉਲਟੀ ਕਰਵਾ ਰਹੀ ਸੀ ਤਾਂ ਪਿੱਛੋਂ ਇਕ ਆਰਟੀਗਾ ਗੱਡੀ ਆਈ, ਜਿਸ ਵਿੱਚ ਸੱਤ ਅੱਠ ਨੌਜਵਾਨ ਸਵਾਰ ਸਨ। ਉਸ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਹਥਿਆਰਬੰਦ ਨੌਜਵਾਨਾਂ ਨੇ ਉਸ ਪਿਸਤੌਲ ਦਿਖਾਈ ਅਤੇ ਸਾਰੇ ਗਹਿਣੇ ਗੱਟੇ ਦੇਣ ਲਈ ਕਿਹਾ। 

ਸੜਕ ਵਿਚਕਾਰ ਲੜ ਰਹੇ ਸੀ ਪਤੀ-ਪਤਨੀ 

ਐਸਐਸਪੀ ਨੇ ਅੱਗੇ ਦੱਸਿਆ ਕਿ ਰਜਿੰਦਰ ਕੌਰ ਨੇ ਕਿਹਾ ਕਿ ਉਸ ਦੇ ਹੱਥਾਂ ਵਿਚ 28 ਤੋਲੇ ਸੋਨੇ ਦੀਆਂ ਚੂੜੀਆਂ, 9 ਤੋਲੇ ਸੋਨੇ ਦਾ ਰਾਣੀਹਾਰ ਅਤੇ ਉਸਦੇ ਪਤੀ ਸਾਹਿਲ ਦੇ ਹੱਥ ਵਿੱਚ ਪਾਇਆ 2 ਤੋਲੇ ਸੋਨੇ ਦਾ ਬ੍ਰੈਸਲਟ ਜ਼ਬਰਦਸਤੀ ਖੋਹ ਕੇ ਲੈ ਗਏ। ਐਨਆਰਆਈ ਜੋੜੇ ਨੇ ਦਾਅਵਾ ਕੀਤਾ ਸੀ ਕਿ ਲੁਟੇਰਿਆਂ ਨੇ ਉਨ੍ਹਾਂ ਕੋਲੋਂ ਕੋਲੇ ਕੁੱਲ 39 ਤੋਲੇ ਸੋਨਾ ਲੁੱਟ ਲਿਆ ਹੈ। ਐਨਆਰਆਈ ਜੋੜੇ ਨੇ ਕਾਰ ਵਿੱਚ ਭੱਜ ਰਹੇ ਕੁਝ ਲੋਕਾਂ ਦੀ ਵੀਡੀਓ ਵੀ ਪੁਲਿਸ ਨੂੰ ਸੌਂਪੀ, ਜਿਸ ਤੋਂ ਪੁਲਿਸ ਨੇ ਆਰਟੀਗਾ ਗੱਡੀ ਦਾ ਨੰਬਰ ਟਰੇਸ ਕਰ ਲਿਆ। ਐਸਐਸਪੀ ਨੇ ਦੱਸਿਆ ਕਿ ਪੁਲਿਸ ਨੇ ਆਰਟੀਗਾ ਗੱਡੀ ਦੇ ਚਾਲਕ ਮਦਨ ਲਾਲ ਪੁੱਤਰ ਹਰੀ ਰਾਮ ਵਾਸੀ ਖੂਹੀ ਖੇੜਾ ਜ਼ਿਲ੍ਹਾ ਫਾਜ਼ਿਲਕਾ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ ਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦਿਨ ਉਸ ਦੀ ਕਾਰ ਵਿੱਚ ਵਾਲੀਬਾਲ ਦੇ ਖਿਡਾਰੀ ਸ਼ੁਰੇਸ਼ ਕੁਮਾਰ, ਸੌਰਵ ਕੁਮਾਰ, ਸੰਦੀਪ ਕੁਮਾਰ, ਪੰਕਜ ਕੁਮਾਰ, ਵਿਜੇਪਾਲ, ਪਵਨ ਕੁਮਾਰ, ਵਿਨੋਦ ਕੁਮਾਰ ਅਤੇ ਸਚਿਨ ਵਾਸੀ ਸਤੀਰਵਾਲਾ ਜ਼ਿਲ੍ਹਾ ਫਾਜ਼ਿਲਕਾ ਸਵਾਰ ਸਨ। ਉਕਤ ਪਤੀ ਪਤਨੀ ਸੜਕ ਕਿਨਾਰੇ ਲੜ ਰਹੇ ਸਨ ਅਤੇ ਉਕਤ ਕਬੱਡੀ ਖਿਡਾਰੀ ਮਹਿਲਾ ਦੀ ਮਦਦ ਕਰਨ ਲਈ ਕਾਰ ਰੋਕ ਕੇ ਉਨ੍ਹਾਂ ਕੋਲ ਆਏ ਸਨ।  ਐਨਆਰਆਈ ਜੋੜੇ ਨੇ ਮਦਦ ਕਰਨ ਲਈ ਰੁਕੇ ਵਾਲੀਬਾਲ ਖਿਡਾਰੀਆਂ ਉੱਪਰ ਹੀ ਲੁੱਟ ਖੋਹ ਦਾ ਦੋਸ਼ ਲਗਾ ਦਿੱਤਾ ਤੇ ਮਨ ਘੜਤ ਕਹਾਣੀ ਬਣਾ ਕੇ ਪੁਲਿਸ ਨੂੰ ਇਤਲਾਹ ਦੇ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਐਨਆਰਆਈ ਜੋੜੇ ਦੀ ਸ਼ਿਕਾਇਤ ਤੋਂ ਬਾਅਦ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ, ਪਰ ਹੁਣ ਲੁੱਟ ਦੀ ਕਹਾਣੀ ਝੂਠੀ ਨਿਕਲਣ ਤੋਂ ਬਾਅਦ ਆਸਟਰੇਲੀਆ ਨਿਵਾਸੀ ਰਜਿੰਦਰ ਕੌਰ ਅਤੇ ਉਸ ਦੇ ਪਤੀ ਸਾਹਿਲ ਸਿੰਘ ਖ਼ਿਲਾਫ਼ ਪੁਲਿਸ ਨੂੰ ਝੂਠੀ ਇਤਲਾਹ ਦੇਣ ਦਾ ਕੇਸ ਦਰਜ ਕੀਤਾ ਗਿਆ ਹੈ। ਐਸਐਸਪੀ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਪੁਲਿਸ ਕੋਲ ਸੱਚੀ ਇਤਲਾਹ ਹੀ ਦੇਣ, ਜੇਕਰ ਕਿਸੇ ਨੇ ਪੁਲਿਸ ਨੂੰ ਝੂਠੀ ਇਤਲਾਹ ਤੇ ਸ਼ਿਕਾਇਤ ਦਿੱਤੀ ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ