Gangster ਲੰਡਾ ਦੇ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਦੇ ਨੈਟਵਰਕ ਦਾ ਪਰਦਾਫਾਸ਼, 3 ਮੁਲਜ਼ਮਾਂ ਤੋਂ ਭਾਰੀ ਮਾਤਰਾ ਵਿੱਚ ਬਰਾਮਦ ਹੋਏ ਹਥਿਆਰ

ਰੈਕੇਟ ਦਾ ਪਰਦਾਫਾਸ਼ ਕਰਨ ਲਈ ਪੁਲਿਸ ਨੇ ਜਾਲ ਵਿਛਾਇਆ ਸੀ, ਜਿਸ ਤਹਿਤ 3 ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਕੁਸ਼ਲ ਫ਼ਿਰੋਜ਼ਪੁਰ ਦਾ ਰਹਿਣ ਵਾਲਾ ਹੈ ਅਤੇ ਉਸ ਖ਼ਿਲਾਫ਼ ਅਸਲਾ ਐਕਟ, ਕਤਲ ਦੀ ਕੋਸ਼ਿਸ਼ ਅਤੇ ਨਸ਼ਾ ਤਸਕਰੀ ਦੇ ਤਹਿਤ ਸੱਤ ਕੇਸ ਚੱਲ ਰਹੇ ਹਨ।

Share:

ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਦੇ ਨੈਟਵਰਕ ਦਾ ਪਰਦਾਫਾਸ਼ ਜਲੰਧਰ ਪੁਲਿਸ ਨੇ ਕੀਤਾ ਹੈ। ਪੁਲਿਸ ਨੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 17 ਹਥਿਆਰ ਅਤੇ 33 ਮੈਗਜ਼ੀਨ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਕੁਸ਼ਲ, ਗੁਰਲਾਲ ਅਤੇ ਪਰਵੇਜ਼ ਵਜੋਂ ਹੋਈ ਹੈ। ਪੁਲਿਸ ਦੇ ਮੁਤਾਬਿਕ ਇਹ 7 ਦਿਨਾਂ ਤੱਕ ਚੱਲਿਆ ਆਪ੍ਰੇਸ਼ਨ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਕੀਤਾ ਗਿਆ। ਰੈਕੇਟ ਦਾ ਪਰਦਾਫਾਸ਼ ਕਰਨ ਲਈ ਪੁਲਿਸ ਨੇ ਜਾਲ ਵਿਛਾਇਆ ਸੀ, ਜਿਸ ਤਹਿਤ 3 ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਕੁਸ਼ਲ ਫ਼ਿਰੋਜ਼ਪੁਰ ਦਾ ਰਹਿਣ ਵਾਲਾ ਹੈ ਅਤੇ ਉਸ ਖ਼ਿਲਾਫ਼ ਅਸਲਾ ਐਕਟ, ਕਤਲ ਦੀ ਕੋਸ਼ਿਸ਼ ਅਤੇ ਨਸ਼ਾ ਤਸਕਰੀ ਦੇ ਤਹਿਤ ਸੱਤ ਕੇਸ ਚੱਲ ਰਹੇ ਹਨ। ਇਸੇ ਤਰ੍ਹਾਂ ਗੁਰਲਾਲ ਅਤੇ ਪਰਵੇਜ਼ ਪੱਟੀ ਦੇ ਰਹਿਣ ਵਾਲੇ ਚਚੇਰੇ ਭਰਾ ਹਨ ਅਤੇ ਉਨ੍ਹਾਂ ਦੀ ਉਮਰ 20 ਸਾਲ ਦੇ ਕਰੀਬ ਹੈ।

ਤਰਨਤਾਰਨ ਅਤੇ ਫ਼ਿਰੋਜ਼ਪੁਰ ਵਿੱਚ ਵੱਖ-ਵੱਖ ਥਾਵਾਂ ਤੋਂ ਜ਼ਬਤ ਕੀਤੇ ਹਥਿਆਰ

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਹਥਿਆਰ ਮੱਧ ਪ੍ਰਦੇਸ਼ ਦੇ ਇੰਦੌਰ ਦੇ ਰਹਿਣ ਵਾਲੇ ਕੁਨਾਲ ਵੱਲੋਂ ਸਪਲਾਈ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਗੁਰਲਾਲ ਦਾ ਭਰਾ ਸ਼ਰਨਜੀਤ, ਜੋ ਕਿ ਇਸ ਸਮੇਂ ਜੇਲ 'ਚ ਬੰਦ ਹੈ, ਅਮਰੀਕਾ ਸਥਿਤ ਗੈਂਗਸਟਰਾਂ ਗੁਰਦੇਵ ਗਿੱਲ ਅਤੇ ਲਖਬੀਰ ਸਿੰਘ ਲੰਡਾ ਦੇ ਨਜ਼ਦੀਕੀ ਹਨ, ਜੋ ਕਿ ਫਿਰੌਤੀ ਅਤੇ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹਨ। ਲੰਡਾ ਅਤੇ ਗਿੱਲ ਇਸ ਰੈਕੇਟ ਦੇ ਸੰਚਾਲਕ ਹਨ। ਉਨ੍ਹਾਂ ਨੇ ਕਿਹਾ ਕਿ ਇੰਦੌਰ ਦੇ ਕੁਨਾਲ ਨੂੰ ਹਵਾਲਾ ਚੈਨਲ ਰਾਹੀਂ ਹਥਿਆਰ ਖਰੀਦਣ ਲਈ ਪੈਸੇ ਦਿੱਤੇ ਗਏ ਸਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ .32 ਬੋਰ ਦੇ 12 ਪਿਸਤੌਲ, 5.34 ਬੋਰ ਦੇ ਪੰਜ ਪਿਸਤੌਲ, 33 ਮੈਗਜ਼ੀਨ ਅਤੇ 20 ਕਾਰਤੂਸ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਹ ਹਥਿਆਰ ਤਰਨਤਾਰਨ ਅਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ ਤੋਂ ਜ਼ਬਤ ਕੀਤੇ ਗਏ ਹਨ ਅਤੇ ਇਹ ਹਥਿਆਰ ਮੋਗਾ, ਫ਼ਿਰੋਜ਼ਪੁਰ ਅਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ ਫੈਲੇ ਲੰਡਾ ਦੇ ਸਾਥੀਆਂ ਲਈ ਸਨ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ