ਅੰਮ੍ਰਿਤਸਰ 'ਚ ਰਿਸ਼ਵਤ ਲੈਂਦੀ ਮਹਿਲਾ ASI ਤੇ ਉਸਦਾ ਪ੍ਰਾਈਵੇਟ ਵਿਚੋਲਾ ਗ੍ਰਿਫ਼ਤਾਰ 

ਪੁਲਿਸ ਕੇਸ 'ਚ ਮਦਦ ਕਰਨ ਦੇ ਬਹਾਨੇ ਇਸ ਮਹਿਲਾ ਪੁਲਿਸ ਅਧਿਕਾਰੀ ਨੇ ਸ਼ਿਕਾਇਤਕਰਤਾ ਧਿਰ ਕੋਲੋਂ ਡੇਢ ਲੱਖ ਰੁਪਏ ਮੰਗੇ ਸੀ। 10 ਹਜ਼ਾਰ ਰੁਪਏ ਪਹਿਲਾਂ ਗੂਗਲ ਪੇਅ ਰਾਹੀਂ ਲੈ ਚੁੱਕੀ ਸੀ। ਦੂਜੀ ਕਿਸ਼ਤ ਵਜੋਂ 40 ਹਜ਼ਾਰ ਰੁਪਏ ਲਏ ਤਾਂ ਵਿਜੀਲੈਂਸ ਨੇ ਕਾਬੂ ਕਰ ਲਿਆ। 

Courtesy: ਅੰਮ੍ਰਿਤਸਰ ਵਿਖੇ ਫੜਿਆ ਗਿਆ ਮੁਲਜ਼ਮ ਵਿਜੀਲੈਂਸ ਦੀ ਹਿਰਾਸਤ 'ਚ, ਇਸਤੋਂ ਬਾਅਦ ਮਹਿਲਾ ਏਐਸਆਈ ਨੂੰ ਕਾਬੂ ਕੀਤਾ ਗਿਆ

Share:

ਪੰਜਾਬ ਵਿਜੀਲੈਂਸ ਬਿਊਰੋ ਨੇ ਚਲਾਈ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਵੀਰਵਾਰ ਨੂੰ ਈਵੀਐਸ ਸਾਊਥ ਅੰਮ੍ਰਿਤਸਰ ਵਿਖੇ ਤਾਇਨਾਤ ਇੱਕ ਸਹਾਇਕ ਸਬ ਇੰਸਪੈਕਟਰ (ਏਐਸਆਈ) ਗੁਰਮੀਤ ਕੌਰ ਅਤੇ ਉਸਦੇ ਸਾਥੀ ਹਰਪ੍ਰੀਤ ਸਿੰਘ, ਜੋਕਿ ਇੱਕ ਪ੍ਰਾਈਵੇਟ ਵਿਅਕਤੀ ਹੈ, ਨੂੰ 40,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ। ਪੁਲਿਸ ਕੇਸ 'ਚ ਮਦਦ ਕਰਨ ਦੇ ਬਹਾਨੇ ਇਸ ਮਹਿਲਾ ਪੁਲਿਸ ਅਧਿਕਾਰੀ ਨੇ ਸ਼ਿਕਾਇਤਕਰਤਾ ਧਿਰ ਕੋਲੋਂ ਡੇਢ ਲੱਖ ਰੁਪਏ ਮੰਗੇ ਸੀ। 10 ਹਜ਼ਾਰ ਰੁਪਏ ਪਹਿਲਾਂ ਗੂਗਲ ਪੇਅ ਰਾਹੀਂ ਲੈ ਚੁੱਕੀ ਸੀ। 

ਬੇਖੌਫ ਹੋ ਕੇ ਗੂਗਲ ਪੇਅ ਕਰਾਈ ਰਕਮ 

ਅੱਜ ਇੱਥੇ ਇਹ ਖੁਲਾਸਾ ਕਰਦੇ ਹੋਏ ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਉਪਰੋਕਤ ਮੁਲਜ਼ਮਾਂ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੀ ਤਹਿਸੀਲ ਬਾਬਾ ਬਕਾਲਾ ਦੇ ਪਿੰਡ ਵਜ਼ੀਰ ਭੁੱਲਰ ਦੇ ਵਸਨੀਕ ਸਿਕੰਦਰ ਸਿੰਘ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ ਉਪਰੋਕਤ ਮਹਿਲਾ ਏਐਸਆਈ ਵੱਲੋਂ ਜਾਂਚ ਕੀਤੇ ਜਾ ਰਹੇ ਇੱਕ ਪੁਲਿਸ ਕੇਸ ਵਿੱਚ ਉਸਦੀ (ਸ਼ਿਕਾਇਤਕਰਤਾ), ਉਸਦੇ ਪਿਤਾ ਅਤੇ ਭਰਾ ਦਾ ਪੱਖ ਲੈਣ ਬਦਲੇ 1,50,000 ਰੁਪਏ ਦੀ ਰਿਸ਼ਵਤ ਮੰਗੀ। ਇਹ ਏਐਸਆਈ ਪਹਿਲਾਂ ਹੀ ਗੂਗਲ ਪੇਅ ਰਾਹੀਂ ਉਸ ਕੋਲੋਂ 10,000 ਰੁਪਏ ਲੈ ਚੁੱਕੀ ਹੈ ਅਤੇ ਹੁਣ 40,000 ਰੁਪਏ ਰਿਸ਼ਵਤ ਦੀ ਦੂਜੀ ਕਿਸ਼ਤ ਦੀ ਮੰਗ ਕੀਤੀ ਸੀ।

ਪਹਿਲਾਂ ਫੜਿਆ ਵਿਚੋਲਾ, ਫਿਰ ਏਐਸਆਈ 

ਬੁਲਾਰੇ ਨੇ ਅੱਗੇ ਕਿਹਾ ਕਿ ਇਸ ਸ਼ਿਕਾਇਤ ਦੀ ਤਸਦੀਕ ਤੋਂ ਬਾਅਦ ਅੰਮ੍ਰਿਤਸਰ ਰੇਂਜ ਦੀ ਇੱਕ ਵਿਜੀਲੈਂਸ ਬਿਊਰੋ ਟੀਮ ਨੇ ਇੱਕ ਜਾਲ ਵਿਛਾਇਆ ਜਿਸ ਦੌਰਾਨ ਇਸ ਏਐਸਆਈ ਦੇ ਉਪਰੋਕਤ ਸਾਥੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 40,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਸਤੋਂ ਬਾਅਦ ਉਕਤ ਮੁਲਜ਼ਮ ਏਐਸਆਈ ਨੂੰ ਵੀ ਇਸ ਮੁਕੱਦਮੇ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਇਸ ਸਬੰਧ ਵਿੱਚ ਦੋਵਾਂ ਮੁਲਜ਼ਮਾਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਦੋਵਾਂ ਮੁਲਜ਼ਮਾਂ ਨੂੰ ਕੱਲ੍ਹ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ