ਇੰਗਲੈਂਡ ਭੇਜਣ ਬਦਲੇ 22 ਲੱਖ ਰੁਪਏ ਲਏ, ਕੰਮ ਨਹੀਂ ਦਿਵਾਇਆ ਤਾਂ ਕੇਸ ਦਰਜ 

ਏਜੰਟ ਨੇ ਤਿੰਨ ਸਾਲ ਦਾ ‌ਵਰਕ ਪਰਮਿਟ ਅਤੇ ਇੰਗਲੈਂਡ ’ਚ ਨੌਕਰੀ ਦਿਵਾਉਣ ਦੇ ਨਾਂ ਤੇ 22 ਲੱਖ ਰੁਪਏ ਲੈ ਲਏ ਪਰ ਉੱਥੇ ਜਾ ਕੇ ਪਤਾ ਲੱਗਿਆ ਕਿ ਜਿਸ ਕੰਪਨੀ ’ਚ ਉਹਨਾਂ ਦੀ ਨੂੰਹ ਨੂੰ ਨੌਕਰੀ ਦਵਾਈ ਗਈ ਸੀ ਓਥੇ ਫ਼ਰਮ ਦਾ ਕੋਈ ਦਫ਼ਤਰ ਨਹੀਂ ਹੈ।

Courtesy: file photo

Share:

ਵਿਦੇਸ਼ ਭੇਜਣ ਦੇ ਨਾਂ ਤੇ ਟਰੈਵਲ ਏਜੰਟਾਂ ਵੱਲੋਂ ਠੱਗੀ ਮਾਰਨ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਅਜਿਹਾ ਇੱਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਦੋ ਟਰੈਵਲ ਏਜੰਟਾਂ ਦੇ ਉੱਪਰ ਪਤੀ ਪਤਨੀ ਇੰਗਲੈਂਡ ਭੇਜਣ ਦੇ ਨਾਂ ਤੇ 22 ਲੱਖ ਰੁਪਏ ਦੀ ਠੱਗੀ ਮਾਰਨ ਦੇ ਆਰੋਪ ਲੱਗੇ ਹਨ ਪੁਲਿਸ ਵੱਲੋਂ ਦੋਨਾਂ ਟਰੈਵਲ ਏਜੰਟਾਂ ਦੇ ਖਿਲਾਫ਼ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ। 

ਐਗਰੀਮੈਂਟ ਮੁਤਾਬਕ ਨਹੀਂ ਹੋਇਆ ਕੰਮ - ਪੀੜਤ 

ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੀ ਨੂੰਹ ਅਤੇ ਪੁੱਤਰ ਨੂੰ ਏਜੰਟ ਨੇ ਤਿੰਨ ਸਾਲ ਦਾ ‌ਵਰਕ ਪਰਮਿਟ ਅਤੇ ਇੰਗਲੈਂਡ ’ਚ ਨੌਕਰੀ ਦਿਵਾਉਣ ਦੇ ਨਾਂ ਤੇ 22 ਲੱਖ ਰੁਪਏ ਲੈ ਲਏ ਪਰ ਉੱਥੇ ਜਾ ਕੇ ਪਤਾ ਲੱਗਿਆ ਕਿ ਜਿਸ ਕੰਪਨੀ ’ਚ ਉਹਨਾਂ ਦੀ ਨੂੰਹ ਨੂੰ ਨੌਕਰੀ ਦਵਾਈ ਗਈ ਸੀ ਓਥੇ ਫ਼ਰਮ ਦਾ ਕੋਈ ਦਫ਼ਤਰ ਨਹੀਂ ਹੈ। ਸ਼ਿਕਾਇਤ ਕਰਤਾ ਕਮਲਜੀਤ ਸਿੰਘ ਅਨੁਸਾਰ ਜਦੋਂ ਏਜੰਟ ਨੂੰ ਪੁੱਛਿਆ ਤਾਂ ਉਹ ਕਹਿੰਦਾ ਕਿ 22 ਲੱਖ ਵਿੱਚ ਤਾਂ ਸਿਰਫ਼ ਇੰਗਲੈਂਡ ਭੇਜਣ ਦਾ ਕਰਾਰ ਹੋਇਆ ਸੀ। ਪੀੜਤ ਦਾ ਕਹਿਣਾ ਹੈ ਕਿ ਉਸ ਦਾ ਪੁੱਤਰ ਅਤੇ ਉਸਦੀ ਨੂੰਹ ਇਗਲੈਂਡ ’ਚ ਕਿਸੇ ਜਾਣ ਪਹਿਚਾਣ ਵਾਲੇ ਦੀ ਮਦਦ ਨਾਲ ਟਿਕੇ ਹੋਏ ਹਨ ਅਤੇ ਕੰਮ ਦੀ ਤਲਾਸ਼ ਕਰ ਰਹੇ ਹਨ। ਉਹਨਾਂ ਨੂੰ ਆਰਜੀ ਤੌਰ ’ਤੇ ਥੋੜੇ ਥੋੜੇ ਸਮੇਂ ਲਈ ਕੰਮ ਮਿਲਦਾ ਹੈ ਅਤੇ ਬਾਰ-ਬਾਰ ਉਹਨਾਂ ਨੂੰ ਘਰੋਂ ਪੈਸੇ ਭੇਜਣੇ ਪੈ ਰਹੇ ਹਨ।

ਝੂਠਾ ਫਸਾਇਆ ਗਿਆ - ਟ੍ਰੇਵਲ ਏਜੰਟ 

ਉਥੇ ਹੀ ਜਦੋਂ ਇਸ ਮਾਮਲੇ ਸਬੰਧੀ ਟਰੈਵਲ ਏਜੰਟ ਭਗਵਤੀ ਪ੍ਰਸ਼ਾਦ ਅਤੇ ਅਰਜਨ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਉੱਪਰ ਪਰਿਵਾਰ ਝੂਠੇ ਆਰੋਪ ਲਗਾ ਰਿਹਾ ਹੈ। ਉਹਨਾਂ ਦੱਸਿਆ ਕਿ ਵਰਕ ਪਰਮਿਟ ਤੇ ਦੋਨੋਂ ਪਤੀ ਪਤਨੀ ਨੂੰ ਇਗਲੈਂਡ ਭੇਜਿਆ ਗਿਆ ਸੀ ਇਹਨਾਂ ਦਾ ਵੀਜ਼ਾ ਵੀ ਬਿਲਕੁਲ ਅਸਲੀ ਸੀ ਅਤੇ ਇਹ ਹੁਣ ਦੋਨੋਂ ਉੱਥੇ ਕੰਮ ਵੀ ਕਰ ਰਹੇ ਹਨ। ਜੇਕਰ ਉਹਨਾਂ ਦਾ ਵੀਜ਼ਾ ਜਾਂ ਫਿਰ ਕੰਪਨੀ ਨਕਲੀ ਹੁੰਦੀ ਤਾਂ ਇਗਲੈਂਡ ਸਰਕਾਰ ਨੇ ਇਹਨਾਂ ਨੂੰ ਵਾਪਸ ਭੇਜ ਦੇਣਾ ਸੀ। ਇਹ ਮੁਕੱਦਮਾ ਝੂਠਾ ਦਰਜ ਕਰਾਇਆ ਗਿਆ ਹੈ। ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚਓ ਗੁਰਮੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਇਨਕੁਇਰੀ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ। ਜਿਸ ਤੋਂ ਬਾਅਦ ਟਰੈਵਲ ਏਜੈਂਟਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ