ਸਾਬਕਾ DGP ਦੇ ਕਤਲ ਮਗਰੋਂ ਪਤਨੀ ਸਹੇਲੀ ਨੂੰ ਫੋਨ ਕਰਕੇ ਬੋਲੀ - ਮੈਂ ਰਾਕਸ਼ਸ਼ ਨੂੰ ਖ਼ਤਮ ਕਰ ਦਿੱਤਾ ਹੈ, ਜਾਣੋ ਪੂਰੀ ਕਹਾਣੀ

ਸਾਬਕਾ ਡੀਜੀਪੀ ਦੇ ਪੁੱਤਰ ਕਾਰਤੀਕੇਸ਼ ਨੇ ਸ਼ਿਕਾਇਤ ਦਰਜ ਕਰਵਾਈ, ਜਿਸ ਮਗਰੋਂ ਪੁਲਿਸ ਨੇ ਕਤਲ ਦੇ ਦੋਸ਼ ਹੇਠ ਮਾਂ-ਧੀ ਨੂੰ ਗ੍ਰਿਫਤਾਰ ਕੀਤਾ। 

Courtesy: ਸਾਬਕਾ ਡੀਜੀਪੀ ਓਮ ਪ੍ਰਕਾਸ਼ ਦੀ ਪਰਿਵਾਰ ਨਾਲ ਪੁਰਾਣੀ ਤਸਵੀਰ

Share:

ਕਰਨਾਟਕ ਦੇ ਸਾਬਕਾ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਓਮ ਪ੍ਰਕਾਸ਼ ਦੀ ਲਾਸ਼ ਐਤਵਾਰ ਨੂੰ ਉਨ੍ਹਾਂ ਦੇ ਬੰਗਲੁਰੂ ਸਥਿਤ ਘਰ ਵਿੱਚੋਂ ਮਿਲੀ ਸੀ। ਮਾਮਲੇ ਵਿੱਚ ਉਹਨਾਂ ਦੀ ਪਤਨੀ ਪੱਲਵੀ ਅਤੇ ਧੀ ਕ੍ਰਿਤੀ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸਾਬਕਾ ਡੀਜੀਪੀ ਦੇ ਪੁੱਤਰ ਕਾਰਤੀਕੇਸ਼ ਨੇ ਸ਼ਿਕਾਇਤ ਦਰਜ ਕਰਵਾਈ, ਜਿਸ ਮਗਰੋਂ ਪੁਲਿਸ ਨੇ ਕਤਲ ਦੇ ਦੋਸ਼ ਹੇਠ ਮਾਂ-ਧੀ ਨੂੰ ਗ੍ਰਿਫਤਾਰ ਕੀਤਾ। 

ਪੁੱਤ ਨੇ ਪੁਲਿਸ ਕੋਲ ਕੀਤੀ ਸ਼ਿਕਾਇਤ 

ਆਪਣੀ ਸ਼ਿਕਾਇਤ ਵਿੱਚ ਸਾਬਕਾ ਡੀਜੀਪੀ ਦੇ ਪੁੱਤ ਨੇ ਦੋਸ਼ ਲਗਾਇਆ ਹੈ ਕਿ ਉਸਦੀ ਮਾਂ ਪੱਲਵੀ ਪਿਛਲੇ ਇੱਕ ਹਫ਼ਤੇ ਤੋਂ ਉਸਦੇ ਪਿਤਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੀ ਸੀ। ਧਮਕੀਆਂ ਦੇ ਕਾਰਨ ਉਸਦੇ ਪਿਤਾ ਆਪਣੀ ਭੈਣ ਦੇ ਘਰ ਰਹਿਣ ਲਈ ਚਲੇ ਗਏ ਸੀ। ਕਾਰਤੀਕੇਸ਼ ਨੇ ਦੋਸ਼ ਲਗਾਇਆ, 'ਦੋ ਦਿਨ ਪਹਿਲਾਂ ਛੋਟੀ ਭੈਣ ਕ੍ਰਿਤੀ ਉੱਥੇ ਗਈ ਅਤੇ ਪਿਤਾ 'ਤੇ ਘਰ ਵਾਪਸ ਆਉਣ ਲਈ ਦਬਾਅ ਪਾਇਆ।' ਉਹ ਉਨ੍ਹਾਂ ਨੂੰ ਉਨ੍ਹਾਂ ਦੀ ਮਰਜ਼ੀ ਦੇ ਵਿਰੁੱਧ ਵਾਪਸ ਲੈ ਆਈ।  ਮਾਂ ਪੱਲਵੀ ਅਤੇ ਭੈਣ ਕ੍ਰਿਤੀ ਅਕਸਰ  ਪਿਤਾ ਨਾਲ ਝਗੜਾ ਕਰਦੀਆਂ ਸਨ। ਮੈਨੂੰ ਪੱਕਾ ਸ਼ੱਕ ਹੈ ਕਿ ਦੋਵਾਂ ਨੇ  ਪਿਤਾ ਦਾ ਕਤਲ ਕੀਤਾ ਹੈ। ਇਸਤੋਂ ਪਹਿਲਾਂ ਕਾਰਤੀਕੇਸ਼ ਨੇ ਇੱਕ ਟੀਵੀ ਚੈਨਲ ਨੂੰ ਦੱਸਿਆ ਸੀ ਕਿ ਮਾਂ ਪੱਲਵੀ ਗੰਭੀਰ ਮਾਨਸਿਕ ਬਿਮਾਰੀ ਤੋਂ ਪੀੜਤ ਹੈ। ਉਹ ਪਿਛਲੇ 12 ਸਾਲਾਂ ਤੋਂ ਸਿਜੋਫ੍ਰੇਨੀਆ (ਭਰਮ ਅਤੇ ਡਰ ਨਾਲ ਸੰਬੰਧਤ ਬਿਮਾਰੀ) ਦਾ ਇਲਾਜ ਚੱਲ ਰਿਹਾ ਹੈ। 

ਪਤੀ ਘਰ ਵਿੱਚ ਬੰਦੂਕ ਲੈ ਕੇ ਘੁੰਮਦਾ ਸੀ

ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਪੱਲਵੀ ਆਪਣੇ ਡਰ ਬਾਰੇ ਗੱਲ ਕਰਦੀ ਰਹਿੰਦੀ ਸੀ। ਪੱਲਵੀ ਨੇ ਦਾਅਵਾ ਕੀਤਾ ਸੀ ਕਿ ਉਸਦਾ ਪਤੀ ਉਸ 'ਤੇ ਹਮਲਾ ਕਰ ਸਕਦਾ ਹੈ। ਪੱਲਵੀ ਨੇ ਆਪਣੇ ਪਰਿਵਾਰ ਨੂੰ ਇਹ ਵੀ ਦੱਸਿਆ ਸੀ ਕਿ ਉਸਦਾ ਪਤੀ ਅਕਸਰ ਘਰ ਵਿੱਚ ਬੰਦੂਕ ਲੈ ਕੇ ਘੁੰਮਦਾ ਰਹਿੰਦਾ ਸੀ। ਲੋਕ ਇਹ ਵੀ ਕਹਿੰਦੇ ਹਨ ਕਿ ਪੱਲਵੀ ਅਕਸਰ ਉਲਝਣ ਦੀ ਸਥਿਤੀ ਵਿੱਚ ਰਹਿੰਦੀ ਸੀ ਅਤੇ ਫਾਲਤੂ ਗੱਲਾਂ ਬਾਰੇ ਚਿੰਤਤ ਰਹਿੰਦੀ ਸੀ। 

ਪੁਲਿਸ ਨੇ ਪਤਨੀ ਤੋਂ 12 ਘੰਟੇ ਪੁੱਛਗਿੱਛ ਕੀਤੀ

ਸੂਤਰਾਂ ਅਨੁਸਾਰ ਕਤਲ ਤੋਂ ਬਾਅਦ ਓਮ ਪ੍ਰਕਾਸ਼ ਦੀ ਪਤਨੀ ਪੱਲਵੀ ਨੇ ਕਿਸੇ ਹੋਰ ਅਧਿਕਾਰੀ ਦੀ ਪਤਨੀ ਨਾਲ ਗੱਲ ਕੀਤੀ ਅਤੇ ਉਸਨੂੰ ਆਪਣੇ ਪਤੀ ਦੇ ਕਤਲ ਬਾਰੇ ਦੱਸਿਆ। ਪੱਲਵੀ ਨੇ ਉਸਨੂੰ ਕਿਹਾ- ਮੈਂ ਰਾਕਸ਼ਸ ਨੂੰ ਮਾਰ ਦਿੱਤਾ। ਕਤਲ ਤੋਂ ਬਾਅਦ, ਪੁਲਿਸ ਘਟਨਾ ਵਾਲੀ ਥਾਂ 'ਤੇ ਪਹੁੰਚ ਗਈ। ਪੱਲਵੀ (ਪਤਨੀ) ਅਤੇ ਧੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਲਗਭਗ 12 ਘੰਟੇ ਪੁੱਛਗਿੱਛ ਕੀਤੀ ਗਈ। ਜਾਣਕਾਰੀ ਅਨੁਸਾਰ ਓਮ ਪ੍ਰਕਾਸ਼ ਦੇ ਸਰੀਰ, ਪੇਟ ਅਤੇ ਛਾਤੀ 'ਤੇ ਚਾਕੂ ਦੇ ਕਈ ਜ਼ਖ਼ਮ ਸਨ। 

ਪਤੀ-ਪਤਨੀ ਵਿਚਕਾਰ ਜਾਇਦਾਦ ਨੂੰ ਲੈਕੇ ਝਗੜਾ 

ਰਿਪੋਰਟ ਅਨੁਸਾਰ, ਓਮ ਪ੍ਰਕਾਸ਼ ਅਤੇ ਉਨ੍ਹਾਂ ਦੀ ਪਤਨੀ ਪੱਲਵੀ ਵਿਚਕਾਰ ਜਾਇਦਾਦ ਨੂੰ ਲੈ ਕੇ ਵੀ ਵਿਵਾਦ ਸੀ। ਓਮ ਪ੍ਰਕਾਸ਼ ਨੇ ਜਾਇਦਾਦ ਆਪਣੇ ਇੱਕ ਰਿਸ਼ਤੇਦਾਰ ਨੂੰ ਤਬਦੀਲ ਕਰ ਦਿੱਤੀ ਸੀ। ਇਸ ਕਾਰਨ ਦੋਵਾਂ ਵਿਚਕਾਰ ਅਕਸਰ ਲੜਾਈ ਹੁੰਦੀ ਰਹਿੰਦੀ ਸੀ, ਜੋ ਬਾਅਦ ਵਿੱਚ ਹੱਥੋਪਾਈ ਵਿੱਚ ਬਦਲ ਗਈ ਸੀ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਉਨ੍ਹਾਂ ਦੀ ਧੀ ਦੀ ਕਤਲ ਵਿੱਚ ਕੋਈ ਭੂਮਿਕਾ ਹੈ ਜਾਂ ਨਹੀਂ। ਓਮ ਪ੍ਰਕਾਸ਼ ਦੇ ਪੁੱਤਰ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਬੰਗਲੁਰੂ ਦੇ ਵਧੀਕ ਪੁਲਿਸ ਕਮਿਸ਼ਨਰ ਵਿਕਾਸ ਕੁਮਾਰ ਨੇ ਕਿਹਾ ਕਿ ਪੁਲਿਸ ਨੂੰ ਐਤਵਾਰ ਸ਼ਾਮ ਲਗਭਗ 4 ਵਜੇ ਸੇਵਾਮੁਕਤ ਅਧਿਕਾਰੀ ਦੀ ਮੌਤ ਬਾਰੇ ਸੂਚਨਾ ਮਿਲੀ ਸੀ। 

ਗ੍ਰਹਿ ਮੰਤਰੀ ਨੇ ਕਿਹਾ - ਜਾਂਚ ਵਿੱਚ ਸਭ ਕੁਝ ਸਾਹਮਣੇ ਆਵੇਗਾ 

ਕਰਨਾਟਕ ਦੇ ਗ੍ਰਹਿ ਮੰਤਰੀ ਜੀ.ਪਰਮੇਸ਼ਵਰ ਨੇ ਕਿਹਾ, 'ਓਮ ਪ੍ਰਕਾਸ਼ ਦਾ ਕਤਲ ਕਰ ਦਿੱਤਾ ਗਿਆ ਹੈ।' ਸ਼ੁਰੂਆਤੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਇਹ ਅਪਰਾਧ ਉਸਦੀ ਪਤਨੀ ਨੇ ਕੀਤਾ ਹੈ, ਪਰ ਇਸਦੀ ਜਾਂਚ ਹਾਲੇ ਵੀ ਚੱਲ ਰਹੀ ਹੈ।

1981 ਬੈਚ ਦੇ ਆਈਪੀਐਸ ਸਨ ਓਮ ਪ੍ਰਕਾਸ਼

ਓਮ ਪ੍ਰਕਾਸ਼ ਬਿਹਾਰ ਦੇ ਰਹਿਣ ਵਾਲੇ ਸਨ। 1981 ਬੈਚ ਦੇ ਆਈਪੀਐਸ ਅਧਿਕਾਰੀ, ਓਮ ਪ੍ਰਕਾਸ਼ ਨੇ 2015 ਤੋਂ 2017 ਤੱਕ ਰਾਜ ਦੇ ਡੀਜੀਪੀ ਅਤੇ ਆਈਜੀਪੀ ਵਜੋਂ ਸੇਵਾ ਨਿਭਾਈ। ਬਿਹਾਰ ਦੇ ਰਹਿਣ ਵਾਲੇ ਪ੍ਰਕਾਸ਼ ਨੇ ਹਰਪਨਹੱਲੀ (ਉਸ ਸਮੇਂ ਬੇਲਾਰੀ ਜ਼ਿਲ੍ਹਾ) ਵਿੱਚ ਵਧੀਕ ਪੁਲਿਸ ਸੁਪਰਡੈਂਟ (ਏਐਸਪੀ) ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਉਹਨਾਂ ਨੇ ਲੋਕਾਯੁਕਤ, ਫਾਇਰ ਡਿਪਾਰਟਮੈਂਟ ਅਤੇ ਐਮਰਜੈਂਸੀ ਸੇਵਾਵਾਂ ਅਤੇ ਅਪਰਾਧ ਜਾਂਚ ਵਿਭਾਗ (ਸੀਆਈਡੀ) ਵਿੱਚ ਡੀਆਈਜੀ ਵਜੋਂ ਵੀ ਸੇਵਾ ਨਿਭਾਈ। ਉਨ੍ਹਾਂ ਨੂੰ ਮਾਰਚ 2015 ਵਿੱਚ ਰਾਜ ਦਾ ਡੀਜੀਪੀ ਨਿਯੁਕਤ ਕੀਤਾ ਗਿਆ ਸੀ ਅਤੇ 2017 ਵਿੱਚ ਸੇਵਾਮੁਕਤ ਹੋਏ ਸਨ।

ਇਹ ਵੀ ਪੜ੍ਹੋ