Khadur Sahib: ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਨਜ਼ਦੀਕੀ ਆਪ ਵਰਕਰ ਦਾ ਅੱਜ ਸਵਿਫਟ ਕਾਰ ਸਵਾਰ 3 ਵਿਅਕਤੀਆਂ ਵੱਲੋਂ ਰੇਲਵੇ ਫਾਟਕ ਦੇ ਨੇੜੇ ਕਤਲ ਕਰ ਦਿੱਤਾ ਗਿਆ। ਅਟਾਰੀ ਕਪੂਰਥਲਾ ਰੋਡ ’ਤੇ ਫਤਿਹਾਬਾਦ ਕਸਬਾ ਨੇੜੇ ਗੋਲੀਆਂ ਲੱਗਣ ਨਾਲ ਉਸਦੀ ਮੌਕੇ 'ਤੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਚੋਹਲਾ ਸਾਹਿਬ ਦੇ ਗੁਰਪ੍ਰੀਤ ਸਿੰਘ ਉਰਫ ਗੋਪੀ ਵਜੋਂ ਹੋਈ ਹੈ। ਉਹ 2017 ਵਿੱਚ ਸੁਲਤਾਨਪੁਰ ਲੋਧੀ ਪੁਲਿਸ ਵੱਲੋਂ ਦਰਜ ਕੀਤੇ ਗਏ ਧਾਰਾ 307 ਦੇ ਕੇਸ ਵਿੱਚ ਪੇਸ਼ੀ ਲਈ ਕਪੂਰਥਲਾ ਅਦਾਲਤ ਵਿੱਚ ਜਾ ਰਿਹਾ ਸੀ, ਜਿਸ ਦੌਰਾਨ ਫਤਿਹਾਬਾਦ ਕਸਬੇ ਨੇੜੇ ਮੁਲਜ਼ਮਾਂ ਵੱਲੋਂ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰ ਗੋਪੀ ਦੀ ਕਾਰ ਨੇੜੇ ਆਏ ਅਤੇ ਪਿਸਤੌਲ 'ਚੋਂ 5 ਰਾਉਂਡ ਫਾਇਰ ਕੀਤੇ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ। SSP ਅਸ਼ਵਨੀ ਕਪੂਰ, SP ਅਜੈ ਰਾਜ ਸਿੰਘ, ਡੀਐਸਪੀ ਕਮਲਪ੍ਰੀਤ ਸਿੰਘ, ਰਵੀਸ਼ੇਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਨਾਕਾਬੰਦੀ ਕੀਤੀ, ਪਰ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ।
ਇਰਾਦਾ ਕਤਲ ਦੇ ਮਾਮਲੇ ਵਿੱਚ ਪੇਸ਼ੀ 'ਤੇ ਜਾ ਰਿਹਾ ਸੀ ਗੋਪੀ
ਪਹਿਲਵਾਨ ਸੇਵਾ ਸਿੰਘ ਵਾਸੀ ਕਸਬਾ ਚੋਹਲਾ ਸਾਹਿਬ ਦੇ ਪੁੱਤਰ ਗੁਰਪ੍ਰੀਤ ਸਿੰਘ ਗੋਪੀ ਨੇ ਆਪ ਦੇ ਯੂਥ ਆਗੂ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਨਜ਼ਦੀਕੀ ਸਨ। ਲਾਲਪੁਰਾ ਨੇ ਉਨ੍ਹਾਂ ਨੂੰ ਹਲਕੇ ਨਾਲ ਸਬੰਧਤ ਫੂਡ ਸਪਲਾਈ ਵਿਭਾਗ ਦੇ ਕੰਮਾਂ ਦਾ ਇੰਚਾਰਜ ਬਣਾਇਆ ਸੀ। ਗੋਪੀ ਚੋਹਲਾ ਖ਼ਿਲਾਫ਼ 2017 ਵਿੱਚ ਸੁਲਤਾਨਪੁਰ ਲੋਧੀ, ਕਪੂਰਥਲਾ ਵਿੱਚ ਇਰਾਦਾ ਕਤਲ ਦਾ ਕੇਸ ਦਰਜ ਹੋਇਆ ਸੀ। ਉਕਤ ਕੇਸ ਸਬੰਧੀ ਅਦਾਲਤ ਵਿੱਚ ਪੇਸ਼ ਹੋਣ ਲਈ ਉਹ ਸਵੇਰੇ 8.40 ਵਜੇ ਆਪਣੀ ਕਾਰ ਵਿੱਚ ਘਰੋਂ ਨਿਕਲਿਆ ਸੀ। ਗੋਪੀ ਚੋਹਲਾ ਕਾਰ ਵਿੱਚ ਇਕੱਲਾ ਸੀ।