ਮੋਬਾਇਲ ਲੁਕਾਉਣ ਨੂੰ ਲੈਕੇ 3 ਦੋਸਤਾਂ 'ਚ ਚੱਲਿਆ ਮਜ਼ਾਕ ਖੂਨੀ ਅੰਤ 'ਚ ਬਦਲਿਆ, ਇੱਕ ਦੀ ਮੌਤ 

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਦਾ ਇੱਕ ਹੋਰ ਦੋਸਤ, 35 ਸਾਲਾ ਇਤਵਾਰੀਦਾਸ ਸ਼ਿਵਦਾਸ ਮਾਣਿਕਪੁਰੀ ਵੀ ਮੌਕੇ 'ਤੇ ਮੌਜੂਦ ਸੀ। ਤਿੰਨੋਂ ਦੋਸਤ ਆਪਸ ਵਿੱਚ ਹੱਸ ਰਹੇ ਸਨ ਅਤੇ ਮਜ਼ਾਕ ਕਰ ਰਹੇ ਸਨ।

Courtesy: file photo

Share:

ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਆਈ ਹੈ। ਰਿਪੋਰਟਾਂ ਅਨੁਸਾਰ, ਸ਼ਹਿਰ ਦੇ ਪਰਦੀ ਇਲਾਕੇ ਵਿੱਚ ਦੋਸਤਾਂ ਵਿਚਕਾਰ ਸ਼ੁਰੂ ਹੋਇਆ ਇੱਕ ਮਜ਼ਾਕ ਖੂਨੀ ਅੰਤ ਵਿੱਚ ਬਦਲ ਗਿਆ। ਪੁਲਿਸ ਨੇ ਮੰਗਲਵਾਰ ਨੂੰ ਦੱਸਿਆ ਕਿ ਇਸ ਘਟਨਾ ਵਿੱਚ 40 ਸਾਲਾ ਜਤਿੰਦਰ ਉਰਫ਼ ਜੀਤੂ ਰਾਜੂ ਜੈਦੇਵ ਦੀ ਕਥਿਤ ਤੌਰ 'ਤੇ ਉਸਦੇ ਦੋਸਤ ਨੇ ਹੱਤਿਆ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸ਼ੁੱਕਰਵਾਰ ਸ਼ਾਮ ਨੂੰ ਨਵੀਨ ਨਗਰ ਇਲਾਕੇ ਵਿੱਚ ਵਾਪਰੀ, ਜਦੋਂ ਜਤਿੰਦਰ ਆਪਣੇ ਇੱਕ ਦੋਸਤ ਨੂੰ ਮਿਲਣ ਆਇਆ ਸੀ।

ਤਿੰਨੋਂ ਹਾਸਾ-ਖੇਡੀ ਕਰ ਰਹੇ ਸੀ 

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਦਾ ਇੱਕ ਹੋਰ ਦੋਸਤ, 35 ਸਾਲਾ ਇਤਵਾਰੀਦਾਸ ਸ਼ਿਵਦਾਸ ਮਾਣਿਕਪੁਰੀ ਵੀ ਮੌਕੇ 'ਤੇ ਮੌਜੂਦ ਸੀ। ਤਿੰਨੋਂ ਦੋਸਤ ਆਪਸ ਵਿੱਚ ਹੱਸ ਰਹੇ ਸਨ ਅਤੇ ਮਜ਼ਾਕ ਕਰ ਰਹੇ ਸਨ। ਇਸ ਦੌਰਾਨ, ਦੋਸਤਾਂ ਵਿੱਚ ਮੋਬਾਈਲ ਫੋਨ ਲੁਕਾਉਣ ਬਾਰੇ ਮਜ਼ਾਕ ਸ਼ੁਰੂ ਹੋ ਗਿਆ। ਮਾਣਿਕਪੁਰੀ ਨੇ ਮਜ਼ਾਕ ਵਿੱਚ ਜਤਿੰਦਰ ਨੂੰ ਆਪਣਾ ਲੁਕਿਆ ਹੋਇਆ ਫ਼ੋਨ ਵਾਪਸ ਕਰਨ ਲਈ ਕਿਹਾ, ਪਰ ਜਤਿੰਦਰ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਦੋਵਾਂ ਵਿਚਕਾਰ ਤਿੱਖੀ ਬਹਿਸ ਸ਼ੁਰੂ ਹੋ ਗਈ।

ਥੱਪੜ ਮਾਰਨ ਮਗਰੋਂ ਵਧਿਆ ਝਗੜਾ 

ਮਜ਼ਾਕ ਵਜੋਂ ਸ਼ੁਰੂ ਹੋਇਆ ਇਹ ਝਗੜਾ ਇਸ ਹੱਦ ਤੱਕ ਵਧ ਗਿਆ ਕਿ ਜਤਿੰਦਰ ਨੇ ਮਾਣਿਕਪੁਰੀ ਨੂੰ ਥੱਪੜ ਮਾਰ ਦਿੱਤਾ। ਗੁੱਸੇ ਵਿੱਚ ਆਏ ਮਾਣਿਕਪੁਰੀ ਨੇ ਜਤਿੰਦਰ ਨੂੰ ਧਮਕੀ ਦਿੱਤੀ ਕਿ ਉਹ ਉਸ ਨਾਲ ਬਾਅਦ ਵਿੱਚ ਨਜਿੱਠ ਲਵੇਗਾ ਅਤੇ ਮੌਕੇ ਤੋਂ ਚਲਾ ਗਿਆ। ਕੁਝ ਸਮੇਂ ਬਾਅਦ ਮਾਣਿਕਪੁਰੀ ਸੋਟੀ ਲੈ ਕੇ ਵਾਪਸ ਆਇਆ। ਉਸ ਸਮੇਂ ਜਤਿੰਦਰ ਫੁੱਟਪਾਥ 'ਤੇ ਬੈਠਾ ਸੀ। ਗੁੱਸੇ ਵਿੱਚ ਆ ਕੇ ਮਾਣਿਕਪੁਰੀ ਨੇ ਜਤਿੰਦਰ 'ਤੇ ਡੰਡੇ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਉਸਦੀ ਮੌਤ ਹੋ ਗਈ।

ਪੁਲਿਸ ਨੇ ਸ਼ੁਰੂ ਕੀਤੀ ਜਾਂਚ 

ਸਥਾਨਕ ਲੋਕਾਂ ਨੇ ਘਟਨਾ ਬਾਰੇ ਪਰਦੀ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ। ਪੁਲਿਸ ਤੁਰੰਤ ਮੌਕੇ 'ਤੇ ਪਹੁੰਚ ਗਈ ਅਤੇ ਜਤਿੰਦਰ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮਾਣਿਕਪੁਰੀ ਨੂੰ ਬੀਐਨਐਸ ਦੀ ਧਾਰਾ 103(1) (ਕਤਲ) ਦੇ ਤਹਿਤ ਗ੍ਰਿਫ਼ਤਾਰ ਕੀਤਾ। ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਇਸ ਘਟਨਾ ਨੇ ਪੂਰੇ ਇਲਾਕੇ ਵਿੱਚ ਹਲਚਲ ਮਚਾ ਦਿੱਤੀ ਅਤੇ ਲੋਕ ਹੈਰਾਨ ਰਹਿ ਗਏ ਕਿ ਦੋਸਤੀ ਦੇ ਰੂਪ ਵਿੱਚ ਸ਼ੁਰੂ ਹੋਇਆ ਮਜ਼ਾਕ ਇੰਨੇ ਭਿਆਨਕ ਅੰਤ ਤੱਕ ਕਿਵੇਂ ਪਹੁੰਚਿਆ।

ਇਹ ਵੀ ਪੜ੍ਹੋ