ਅਗਲੇ 5 ਸਾਲਾਂ ਲਈ ਈ-ਵਾਹਨਾਂ 'ਤੇ ਘੱਟ ਸਕਦੀ ਹੈ ਇੰਪੋਰਟ ਡਿਊਟੀ, ਹੋਣਗੇ ਸਸਤੇ

ਸਰਕਾਰ ਐਲੋਨ ਮਸਕ ਦੀ ਟੇਸਲਾ ਵਰਗੀਆਂ ਕੰਪਨੀਆਂ ਨੂੰ ਦੇਸ਼ 'ਚ ਨਿਰਮਾਣ ਲਈ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ। 

Share:

ਦੇਸ਼ ਵਿੱਚ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਦੇ ਮਦੇਨਜ਼ਰ ਭਾਰਤ ਸਰਕਾਰ ਇਲੈਕਟ੍ਰਿਕ ਵਾਹਨਾਂ ਨੂੰ ਸਸਤੇ ਕਰਨ ਤੇ ਫੈਸਲਾ ਲੈ ਸਕਦੀ ਹੈ। ਕੇਂਦਰ ਸਰਕਾਰ ਵਲੋਂ ਇਲੈਕਟ੍ਰਿਕ ਵਾਹਨਾਂ ਨੂੰ ਲੈ ਕੇ ਨਵੀਂ ਨੀਤੀ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਨੀਤੀ ਵਿੱਚ ਅਗਲੇ 5 ਸਾਲਾਂ ਲਈ ਵਿਦੇਸ਼ਾਂ ਤੋਂ ਆਉਣ ਵਾਲੇ ਈ-ਵਾਹਨਾਂ ਤੇ ਇੰਪੋਰਟ ਡਿਊਟੀ ਘੱਟਾਈ ਜਾ ਸਕਦੀ ਹੈ। ਇਸ ਨਾਲ ਵਿਦੇਸ਼ਾਂ ਤੋਂ ਆਉਣ ਵਾਲੇ ਇਲੈਕਟ੍ਰਿਕ ਵਾਹਨ ਸਸਤੇ ਹੋ ਸਕਦੇ ਹਨ। ਰਿਪੋਰਟਾਂ ਦੇ ਮੁਤਾਬਕ ਸਰਕਾਰ ਐਲੋਨ ਮਸਕ ਦੀ ਟੇਸਲਾ ਵਰਗੀਆਂ ਕੰਪਨੀਆਂ ਨੂੰ ਦੇਸ਼ 'ਚ ਨਿਰਮਾਣ ਲਈ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਟੇਸਲਾ ਦੇ ਪ੍ਰਸਤਾਵ ਦੇ ਅਧਾਰ 'ਤੇ, ਸਰਕਾਰ ਉਨ੍ਹਾਂ ਨਿਰਮਾਤਾਵਾਂ ਦੇ ਵਾਹਨਾਂ ਦੇ ਆਯਾਤ ਖਰਚਿਆਂ ਨੂੰ ਘਟਾ ਸਕਦੀ ਹੈ, ਜੋ ਦੇਸ਼ ਵਿੱਚ ਘੱਟੋ-ਘੱਟ 40% ਵਾਹਨਾਂ ਦਾ ਨਿਰਮਾਣ ਕਰਨ ਲਈ ਵਚਨਬੱਧ ਹਨ। ਹਾਲ ਹੀ 'ਚ ਖਬਰ ਆਈ ਸੀ ਕਿ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਅਮਰੀਕੀ ਕਾਰੋਬਾਰੀ ਐਲੋਨ ਮਸਕ ਨਾਲ ਮੁਲਾਕਾਤ ਕਰ ਸਕਦੇ ਹਨ। ਇਸ ਬੈਠਕ 'ਚ ਇਲੈਕਟ੍ਰਿਕ ਕਾਰ ਬਣਾਉਣ ਵਾਲੀ ਕੰਪਨੀ 'ਟੇਸਲਾ' ਦੀ ਭਾਰਤ 'ਚ ਐਂਟਰੀ ਨੂੰ ਲੈ ਕੇ ਚਰਚਾ ਹੋ ਸਕਦੀ ਹੈ।

ਟੇਸਲਾ ਦੀ ਭਾਰਤ 'ਚ ਫੈਕਟਰੀ ਲਗਾਉਣ ਦੀ ਯੋਜਨਾ

ਨਿਊਜ਼ ਏਜੰਸੀ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਸੀ ਕਿ ਮਸਕ ਅਤੇ ਗੋਇਲ ਵਿਚਾਲੇ ਅਮਰੀਕਾ 'ਚ ਹੋਣ ਵਾਲੀ ਬੈਠਕ ਦਾ ਕੇਂਦਰ ਭਾਰਤ 'ਚ ਫੈਕਟਰੀ ਲਗਾਉਣ ਦੀ ਟੇਸਲਾ ਦੀ ਯੋਜਨਾ ਨੂੰ ਲੈ ਕੇ ਹੈ। ਰਿਪੋਰਟ 'ਚ ਦੱਸਿਆ ਗਿਆ ਕਿ ਬੈਠਕ 'ਚ ਭਾਰਤ 'ਚ ਬਣ ਰਹੀਆਂ ਨਵੀਆਂ ਨੀਤੀਆਂ 'ਤੇ ਵੀ ਚਰਚਾ ਕੀਤੀ ਜਾ ਸਕਦੀ ਹੈ। ਜਾਣਕਾਰੀ ਦੇ ਮੁਤਾਬਿਕ ਕੇਂਦਰ ਸਰਕਾਰ ਟੇਸਲਾ ਨੂੰ ਜਨਵਰੀ 2024 ਤੱਕ ਭਾਰਤ ਵਿੱਚ ਇੱਕ ਨਿਰਮਾਣ ਯੂਨਿਟ ਸਥਾਪਤ ਕਰਨ ਲਈ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਦੇ ਸਕਦੀ ਹੈ। ਇਸ ਦੇ ਲਈ ਸਰਕਾਰੀ ਵਿਭਾਗ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਇਹ ਜਾਣਕਾਰੀ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਹੋਈ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਸਾਹਮਣੇ ਆਈ ਹੈ। ਇਸ 'ਚ ਟੇਸਲਾ ਦੇ ਨਿਵੇਸ਼ ਪ੍ਰਸਤਾਵ ਸਮੇਤ ਦੇਸ਼ 'ਚ ਇਲੈਕਟ੍ਰਿਕ ਵਾਹਨ ਨਿਰਮਾਣ ਦੇ ਅਗਲੇ ਪੜਾਅ 'ਤੇ ਚਰਚਾ ਕੀਤੀ ਗਈ।

ਜੂਨ ਵਿੱਚ ਮਸਕ ਤੇ ਮੋਦੀ ਦੀ ਹੋਈ ਸੀ ਮੁਲਾਕਾਤ

ਦਸ ਦੇਈਏ ਕਿ ਇਸ ਸਾਲ ਜੂਨ ਵਿੱਚ ਟੇਸਲਾ ਦੇ ਸੀਈਓ ਐਲੋਨ ਮਸਕ ਨੇ ਨਿਊਯਾਰਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਮਸਕ ਨੇ ਕਿਹਾ- ਭਾਰਤ ਕੋਲ ਦੁਨੀਆ ਦੇ ਕਿਸੇ ਵੀ ਵੱਡੇ ਦੇਸ਼ ਨਾਲੋਂ ਜ਼ਿਆਦਾ ਸੰਭਾਵਨਾਵਾਂ ਹਨ। ਮੈਂ ਭਾਰਤ ਦੇ ਭਵਿੱਖ ਨੂੰ ਲੈ ਕੇ ਉਤਸ਼ਾਹਿਤ ਹਾਂ। ਮੈਂ ਮੋਦੀ ਦਾ ਪ੍ਰਸ਼ੰਸਕ ਹਾਂ। ਇਹ ਇੱਕ ਸ਼ਾਨਦਾਰ ਮੁਲਾਕਾਤ ਸੀ ਅਤੇ ਮੈਂ ਉਸਨੂੰ ਬਹੁਤ ਪਸੰਦ ਕਰਦਾ ਹਾਂ।

ਇਹ ਵੀ ਪੜ੍ਹੋ