ਸਟਾਕਿਸਟਾਂ ਅਤੇ ਜੌਹਰੀਆਂ ਦੀ ਨਿਰੰਤਰ ਖਰੀਦਦਾਰੀ ਕਾਰਨ ਮੰਗਲਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ’ਚ ਸੋਨੇ ਦੀ ਕੀਮਤ 2,000 ਰੁਪਏ ਦੀ ਤੇਜ਼ੀ ਨਾਲ 94,150 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਸਿਖਰ ’ਤੇ ਪਹੁੰਚ ਗਈ। ਸ਼ੁੱਕਰਵਾਰ ਨੂੰ 99.9 ਫੀਸਦੀ ਸ਼ੁੱਧਤਾ ਵਾਲਾ ਸੋਨਾ 92,150 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ। ਲਗਾਤਾਰ ਵਧ ਰਹੀਆਂ ਸੋਨੇ ਦੀਆਂ ਕੀਮਤਾਂ ਜਿੱਥੇ ਕਾਰੋਬਾਰ ਨੂੰ ਪ੍ਰਭਾਵਿਤ ਕਰ ਰਹੀਆਂ ਹਨ ਤੇ ਉਥੇ ਹੀ ਆਮ ਵਰਗ ਦੀਆਂ ਚਿੰਤਾਵਾਂ ਵੀ ਵਧਾ ਰਹੀਆਂ ਹਨ।
ਵਿਸ਼ਲੇਸ਼ਕਾਂ ਨੇ ਕਿਹਾ ਕਿ ਸ਼ੇਅਰ ਬਾਜ਼ਾਰਾਂ ਵਿਚ ਗਿਰਾਵਟ ਦੇ ਨਾਲ ਵਿਕਲਪਕ ਨਿਵੇਸ਼ ਦੀ ਮਜ਼ਬੂਤ ਮੰਗ ਕਾਰਨ ਵਿਦੇਸ਼ੀ ਬਾਜ਼ਾਰਾਂ ਵਿਚ ਸੋਨੇ ਦੇ ਵਧਣ ਨਾਲ ਕਾਰੋਬਾਰੀ ਧਾਰਨਾ ਮਜ਼ਬੂਤ ਰਹੀ। 99.5 ਫੀਸਦੀ ਸ਼ੁੱਧਤਾ ਵਾਲਾ ਸੋਨਾ ਵੀ 2,000 ਰੁਪਏ ਦੀ ਤੇਜ਼ੀ ਨਾਲ 93,700 ਰੁਪਏ ਪ੍ਰਤੀ 10 ਗ੍ਰਾਮ ਦੇ ਸੱਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ। ਇਸਤੋਂ ਪਹਿਲਾਂ 10 ਫ਼ਰਵਰੀ ਨੂੰ ਸੋਨੇ ਦੀ ਕੀਮਤ ’ਚ 2,400 ਰੁਪਏ ਪ੍ਰਤੀ 10 ਗ੍ਰਾਮ ਦਾ ਵਾਧਾ ਦਰਜ ਕੀਤਾ ਗਿਆ ਸੀ। ਇਸ ਸਾਲ ਹੁਣ ਤਕ ਸੋਨੇ ਦੀ ਕੀਮਤ 14,760 ਰੁਪਏ ਜਾਂ 18.6 ਫੀ ਸਦੀ ਵਧ ਕੇ 18.6 ਫੀ ਸਦੀ ਹੋ ਗਈ ਹੈ, ਜੋ ਇਕ ਜਨਵਰੀ ਨੂੰ 79,390 ਰੁਪਏ ਪ੍ਰਤੀ 10 ਗ੍ਰਾਮ ਸੀ। ਇਸ ਦੌਰਾਨ ਚਾਂਦੀ ਦੀ ਕੀਮਤ ਮੰਗਲਵਾਰ ਨੂੰ 500 ਰੁਪਏ ਦੀ ਗਿਰਾਵਟ ਨਾਲ 1,02,500 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਆ ਗਈ। ਕੌਮਾਂਤਰੀ ਬਾਜ਼ਾਰ ’ਚ ਸਪਾਟ ਸੋਨਾ 3,149.03 ਡਾਲਰ ਪ੍ਰਤੀ ਔਂਸ ਦੇ ਨਵੇਂ ਸਿਖਰ ’ਤੇ ਪਹੁੰਚ ਗਿਆ।