HDFC ਬੈਂਕ ਦੇ 2 ਮੈਨੇਜਰਾਂ ਨੂੰ ਨੌਸਰਬਾਜ਼ ਆੜ੍ਹਤੀ ਦਾ ਸਾਥ ਦੇਣਾ ਪਿਆ ਮਹਿੰਗਾ, ਜਾਣਗੇ ਜੇਲ੍ਹ !

HDFC ਬੈਂਕ ਦੇ 2 ਮੈਨੇਜਰਾਂ ਨੂੰ ਨੌਸਰਬਾਜ਼ ਆੜ੍ਹਤੀ ਦਾ ਸਾਥ ਦੇਣਾ ਮਹਿੰਗਾ ਪਿਆ। ਆੜ੍ਹਤੀ ਨੇ ਬੈਂਕ ਮੈਨੇਜਰਾਂ ਦੀ ਮਿਲੀਭੁਗਤ ਦੇ ਨਾਲ ਆਪਣੇ ਹਿੱਸੇਦਾਰਾਂ ਨੂੰ ਲੱਖਾਂ ਰੁਪਏ ਦਾ ਰਗੜਾ ਲਾਇਆ। ਪੁਲਸ ਦੀ ਜਾਂਚ ਦੌਰਾਨ ਬੈਂਕ ਅਧਿਕਾਰੀਆਂ ਦੀ ਵੱਡੀ ਲਾਪਰਵਾਹੀ ਸ਼ੱਕ ਦੇ ਘੇਰੇ ‘ਚ ਆਈ। ਜਿਸ ਮਗਰੋਂ ਮੁਲਜ਼ਮ ਆੜ੍ਹਤੀ ਦੇ ਨਾਲ ਨਾਲ 2 ਮੈਨੇਜਰਾਂ ਖਿਲਾਫ ਵੀ ਮੁਕੱਦਮਾ […]

Share:

HDFC ਬੈਂਕ ਦੇ 2 ਮੈਨੇਜਰਾਂ ਨੂੰ ਨੌਸਰਬਾਜ਼ ਆੜ੍ਹਤੀ ਦਾ ਸਾਥ ਦੇਣਾ ਮਹਿੰਗਾ ਪਿਆ। ਆੜ੍ਹਤੀ ਨੇ ਬੈਂਕ ਮੈਨੇਜਰਾਂ ਦੀ ਮਿਲੀਭੁਗਤ ਦੇ ਨਾਲ ਆਪਣੇ ਹਿੱਸੇਦਾਰਾਂ ਨੂੰ ਲੱਖਾਂ ਰੁਪਏ ਦਾ ਰਗੜਾ ਲਾਇਆ। ਪੁਲਸ ਦੀ ਜਾਂਚ ਦੌਰਾਨ ਬੈਂਕ ਅਧਿਕਾਰੀਆਂ ਦੀ ਵੱਡੀ ਲਾਪਰਵਾਹੀ ਸ਼ੱਕ ਦੇ ਘੇਰੇ ‘ਚ ਆਈ। ਜਿਸ ਮਗਰੋਂ ਮੁਲਜ਼ਮ ਆੜ੍ਹਤੀ ਦੇ ਨਾਲ ਨਾਲ 2 ਮੈਨੇਜਰਾਂ ਖਿਲਾਫ ਵੀ ਮੁਕੱਦਮਾ ਦਰਜ ਕੀਤਾ ਗਿਆ। ਤਿੰਨੋਂ ਮੁਲਜ਼ਮ ਇਸ ਮੁਕੱਦਮੇ ‘ਚ ਜੇਲ੍ਹ ਜਾ ਸਕਦੇ ਹਨ। ਪੁਲਸ ਇਹਨਾਂ ਦੀ ਭਾਲ ਕਰ ਰਹੀ ਹੈ ਤੇ ਇਹਨਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਮਾਮਲਾ ਪੰਜਾਬ ਦੇ ਜਿਲ੍ਹਾ ਲੁਧਿਆਣਾ ਦੇ ਸ਼ਹਿਰ ਖੰਨਾ ਤੋਂ ਸਾਮਣੇ ਆਇਆ ਹੈ। ਜਿੱਥੇ ਸਿਟੀ ਥਾਣਾ ਵਿਖੇ ਪੀੜਤ ਆੜ੍ਹਤੀ  ਜਾਗਰ ਮੱਲ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਆੜ੍ਹਤੀ ਅਮਿਤ ਬਾਂਸਲ ਦੇ ਨਾਲ ਨਾਲ ਖੰਨਾ ਬ੍ਰਾਂਚ HDFC ਦੇ ਲੋਨ ਮੈਨੇਜਰ ਰਵਿੰਦਰ ਤਿਵਾੜੀ ਤੇ ਰਿਲੇਸ਼ਨਸ਼ਿਪ ਮੈਨੇਜਰ ਗੋਬਿੰਦ ਮਹਿਤਾ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 406, 420, 465, 467, 468, 471, 120ਬੀ ਤਹਿਤ ਮਾਮਲਾ ਦਰਜ ਕੀਤਾ ਗਿਆ।

ਜਾਣੋ ਕੀ ਹੈ ਪੂਰਾ ਮਾਮਲਾ 

ਅਮਿਤ ਬਾਂਸਲ ਨੇ ਜੂਨ 2018 ‘ਚ ਆਪਣੇ ਹਿੱਸੇਦਾਰਾਂ ਜਾਗਰ ਮੱਲ ਅਤੇ ਮੋਹਿਤ ਕੁਮਾਰ ਦੇ ਜਾਅਲੀ ਦਸਤਖਤ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਅਤੇ ਉਨ੍ਹਾਂ ਨੂੰ ਧੋਖੇ ‘ਚ ਰੱਖ ਕੇ ਕੀਤੇ ਅਤੇ ਲਿਮਟ ਵਧਾ ਕੇ 43.46 ਲੱਖ ਰੁਪਏ ਕਰਾ ਲਈ। ਇਹ ਰਕਮ ਅਮਿਤ ਬਾਂਸਲ ਨੇ ਨਿੱਜੀ ਕੰਮਾਂ ਲਈ ਵਰਤੀ। ਜਿਸ ਕਾਰਨ ਬੈਂਕ ਨੇ ਫਰਮ ਦਾ ਖਾਤਾ ਐਨ.ਪੀ.ਏ. ਕਰ ਦਿੱਤਾ। ਸ਼ਿਕਾਇਤਕਰਤਾ ਜਾਗਰ ਮੱਲ ਦੇ ਅਨੁਸਾਰ ਅਮਿਤ ਬਾਂਸਲ ਨੇ ਫਰਮ ਦੀ ਸ਼ੇਅਰ ਹੋਲਡਿੰਗ ਡੀਡ ਅਤੇ ਹੋਰ ਡੀਡਾਂ ‘ਤੇ ਜਾਅਲੀ ਦਸਤਖਤ ਕਰਕੇ ਬੈਂਕ ਲਿਮਟ ਦੇ ਜਾਅਲੀ ਦਸਤਾਵੇਜ਼ ਤਿਆਰ ਕੀਤੇ। ਉਹਨਾਂ ਦੀ ਸਹਿਮਤੀ ਤੋਂ ਬਿਨਾਂ  ਜਾਅਲੀ ਦਸਤਖਤ ਕਰਕੇ ਆਪਣੇ ਫਾਇਦੇ ਲਈ ਇਕ ਹੋਰ ਫਰਮ ਬਣਾਈ। ਇਸ ਤੋਂ ਬਾਅਦ ਅਮਿਤ ਬਾਂਸਲ ਬੈਂਕ ਅਧਿਕਾਰੀਆਂ ਨਾਲ ਮਿਲ ਕੇ ਖਾਤੇ ਵਿੱਚੋਂ ਪੈਸੇ ਕਢਵਾਉਂਦਾ ਰਿਹਾ। ਬੈਂਕ ਮੈਨੇਜਰ ਰਵਿੰਦਰ ਤਿਵਾੜੀ  ਅਤੇ ਗੋਬਿੰਦ ਮਹਿਤਾ ਦਾ ਫਰਜ਼ ਬਣਦਾ ਸੀ ਕਿ ਉਹ ਲਿਮਟ ਵਧਾਉਣ ਸਮੇਂ ਫਰਮ ਦੇ ਸਾਰੇ ਹਿੱਸੇਦਾਰਾਂ ਨੂੰ ਬੁਲਾ ਕੇ ਤਸਦੀਕ ਕਰਦੇ। ਇਸ ਕੰਮ ਵਿੱਚ ਦੋਵਾਂ ਦੀ ਮਿਲੀਭੁਗਤ ਪਾਈ ਗਈ। 2018 ਦੀ ਸੀਸੀ ਲਿਮਟ ‘ਤੇ ਦਸਤਖਤ ਵੀ ਜਾਅਲੀ ਪਾਏ ਗਏ। ਇਸ ਤੋਂ ਬਾਅਦ ਸ਼ਿਕਾਇਤ ਦੀ ਜਾਂਚ ਡੀਏ ਲੀਗਲ ਨੂੰ ਭੇਜ ਦਿੱਤੀ ਗਈ। ਡੀਏ ਲੀਗਲ ਦੀ ਜਾਂਚ ਵਿੱਚ ਵੀ ਇਹ ਪਾਇਆ ਗਿਆ ਕਿ ਅਮਿਤ ਬਾਂਸਲ ਦੇ ਨਾਲ-ਨਾਲ ਬੈਂਕ ਮੈਨੇਜਰਾਂ ਨੇ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਬਜਾਏ ਅਮਿਤ ਬਾਂਸਲ ਦਾ ਸਾਥ ਦਿੱਤਾ। ਡੀ.ਏ.ਲੀਗਲ ਨੇ ਤਿੰਨਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਕੀਤੀ। ਜਿਸ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ।